(ਸਮਾਜ ਵੀਕਲੀ) ਤਰਕਸ਼ੀਲ ਸੋਚ ਹੋਣ ਕਾਰਣ ਮੈਨੂੰ ਚੜ੍ਹਦੀ ਜਵਾਨੀ ਵਿੱਚ ਹੀ ਘਟਨਾਵਾਂ ਨੂੰ ਬਰੀਕੀ ਨਾਲ ਪਰਖਣ ਦੀ ਆਦਤ ਪੈ ਗਈ ਸੀ ਜੋ ਅਜੇ ਵੀ ਜਾਰੀ ਹੈ l ਨਿਊਜ਼ੀਲੈਂਡ ਆਇਆ ਤਾਂ ਜਿਆਦਾ ਗੋਰੇ ਵੀ ਤਰਕਸ਼ੀਲ ਹੀ ਸਨ l ਮੈਨੂੰ ਲੱਗਾ ਕਿ ਇਹ ਮੁਲਕ ਤਾਂ ਤਰਕਸ਼ੀਲਾਂ ਦਾ ਹੀ ਹੈ l ਗੋਰੇ ਵੀ ਹਰ ਗੱਲ ਬਾਰੇ ਪ੍ਰਸ਼ਨ ਜ਼ਰੂਰ ਕਰਦੇ ਸਨ l ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਹੜਾ ਵਿਅਕਤੀ ਸਵਾਲ ਕਰੇਗਾ ਜਵਾਬ ਵੀ ਉਸ ਨੂੰ ਹੀ ਮਿਲਣਗੇ ਕਿਉਂਕਿ ਸਵਾਲ ਕਰਨ ਤੋਂ ਬਿਨਾਂ ਦਿਮਾਗ ਸੋਚੇਗਾ ਹੀ ਨਹੀਂ l
ਨਿਊਜ਼ੀਲੈਂਡ ਵਿੱਚ ਜਿਆਦਾ ਸਮਾਗਮ ਵੱਖ ਵੱਖ ਧਾਰਮਿਕ ਅਸਥਾਨਾਂ ਵਿੱਚ ਹੀ ਹੁੰਦੇ ਹਨ ਜਿਵੇਂ ਵਿਆਹ, ਜਨਮ ਦਿਨ ਅਤੇ ਹੋਰ ਖੁਸ਼ੀ ਗਮੀ ਦੇ ਸਮਾਗਮ l ਇਨ੍ਹਾਂ ਸਮਾਗਮਾਂ ਤੇ ਮੈਨੂੰ ਵੀ ਅਕਸਰ ਬੁਲਾਇਆ ਜਾਂਦਾ ਹੈ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਮੈਨੂੰ ਜਾਣਦੇ ਹੋਣ ਕਾਰਣ ਉਨ੍ਹਾਂ ਦੇ ਕਰਵਾਏ ਸਮਾਗਮਾਂ ਵਿੱਚ ਜਾਣਾ ਵੀ ਪੈਂਦਾ ਹੈ l ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਸਮਾਗਮ ਕਿੱਥੇ ਕਰਵਾਇਆ ਜਾ ਰਿਹਾ ਹੈ l
ਲੋਕਾਂ ਨਾਲ ਗੱਲ ਕਰਕੇ ਪਤਾ ਲਗਦਾ ਹੈ ਕਿ ਉਹ ਬਹੁਤ ਪੱਖਾਂ ਤੋਂ ਦੁਖੀ ਹਨ ਅਤੇ ਆਪਣੇ ਦੁੱਖਾਂ ਵਾਸਤੇ ਜਾਂ ਆਪਣੀਆਂ ਕਮੀਆਂ ਪੂਰੀਆਂ ਕਰਨ ਲਈ ਹੀ ਉਹ ਧਾਰਮਿਕ ਅਸਥਾਨ ਤੇ ਆਉਂਦੇ ਹਨ l ਕੁੱਝ ਕਹਿੰਦੇ ਹਨ ਕਿ ਉਹ ਆਪਣਾ ਅੱਗਾ (ਮਰਨ ਤੋਂ ਬਾਦ ਦਾ ਸਮਾਂ) ਸੁਆਰਨ ਆਏ ਹਨ l ਕੁੱਝ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਥੇ ਆ ਕੇ ਸ਼ਾਂਤੀ ਮਿਲਦੀ ਹੈ ਪਰ ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰਦਾ ਹਾਂ ਤਾਂ ਉਹ ਮਿਲੀ ਹੋਈ ਸ਼ਾਂਤੀ ਦਿਖਾਈ ਨਹੀਂ ਦਿੰਦੀ ਸਿਰਫ ਭਟਕਣਾ ਹੀ ਦਿਖਾਈ ਦਿੰਦੀ ਹੈ l ਇਥੋਂ ਤੱਕ ਕਿ ਪੈਸੇ ਦੀ ਭਟਕਣਾ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਵਿੱਚ ਵੀ ਉਵੇਂ ਹੀ ਦਿਖਾਈ ਦਿੰਦੀ ਹੈ l
ਮੇਰਾ ਕੰਮ ਕਿਸੇ ਨੂੰ ਜੱਜ (Judge) ਕਰਨਾ ਨਹੀਂ ਹੈ ਪਰ ਸੱਚ ਦੀ ਭਾਲ ਕਰਨਾ ਹੈ l ਧਾਰਮਿਕ ਅਸਥਾਨਾਂ ਦੇ ਮੁਕਾਬਲੇ ਜਦੋਂ ਹੋਟਲਾਂ, ਰੈਸਟੋਰੈਂਟਾਂ, ਸੈਮੀਨਾਰਾਂ ਜਾਂ ਬਿਜਨਸ ਪ੍ਰੋਗਰਾਮਾਂ ਵਿੱਚ ਜਾਂਦਾ ਹਾਂ ਤਾਂ ਉਥੇ ਲੋਕ ਵੱਧ ਖੁਸ਼ ਮਿਲਦੇ ਹਨ l ਕੁੱਝ ਅਮੀਰ ਹੋਏ ਮਿਲਦੇ ਹਨ ਅਤੇ ਕੁੱਝ ਅਮੀਰ ਹੋਣਾ ਸਿੱਖਣ ਦੀ ਕੋਸ਼ਿਸ਼ ਵਿੱਚ ਮਿਲਦੇ ਹਨ l
ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਬਿਜਨਸ ਸੈਮੀਨਾਰਾਂ ਵਿੱਚ ਮਿਲੇ ਸਾਰੇ ਲੋਕ ਆਪਣੇ ਮਸਲਿਆਂ ਦੇ ਹੱਲ ਲਈ ਕੋਈ ਸੁੱਖਣਾ ਨਹੀਂ ਸੁੱਖਦੇ ਅਤੇ ਨਾ ਹੀ ਕਿਸਮਤ ਨੂੰ ਦੋਸ਼ ਦਿੰਦੇ ਹਨ l ਉਹ ਆਪਣੇ ਅਗਲੇ ਜਨਮ ਨੂੰ ਵੀ ਸੁਆਰਨ ਨਹੀਂ ਆਏ ਹੁੰਦੇ l ਸਗੋਂ ਆਪਣੇ ਇਸੇ ਜਨਮ ਨੂੰ ਵਧੀਆ ਬਣਾਉਣ ਲਈ ਆਏ ਹੁੰਦੇ ਹਨ l ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਆਮ ਹੀ ਦੇਖੀ ਜਾ ਸਕਦੀ ਹੈ l
ਜਦੋਂ ਧਾਰਮਿਕ ਅਸਥਾਨਾਂ ਤੇ ਆਏ ਲੋਕਾਂ ਅਤੇ ਬਿਜਨਸ ਸੈਮੀਨਾਰਾਂ ਤੇ ਆਏ ਲੋਕਾਂ ਨੂੰ ਦੇਖਦਾ ਹਾਂ ਤਾਂ ਲਗਦਾ ਹੈ ਕਿ ਤਕਰੀਬਨ ਸਾਰੇ ਦੁਖੀ ਲੋਕ ਧਾਰਮਿਕ ਅਸਥਾਨਾਂ ਤੇ ਹੀ ਹਨ l
ਹੋਰ ਬਰੀਕੀ ਨਾਲ ਦੇਖਦਾ ਹਾਂ ਤਾਂ ਧਰਮ ਦਾ ਧੰਦਾ ਵੀ ਦੁਖੀ ਲੋਕਾਂ ਨਾਲ ਹੀ ਚੱਲਦਾ ਹੈ l ਜੇ ਲੋਕ ਸੁਖੀ ਹੋ ਜਾਣਗੇ ਤਾਂ ਉਹ ਸੁੱਖਣਾ ਕਿਸ ਚੀਜ਼ ਦੀ ਸੁੱਖਣਗੇ? ਇਸ ਕਰਕੇ ਧਾਰਮਿਕ ਕਾਰੋਬਾਰ ਚਲਾਉਣ ਲਈ ਲੋਕਾਂ ਦਾ ਦੁਖੀ ਹੋਣਾ ਬਹੁਤ ਜ਼ਰੂਰੀ ਹੈ l ਜੇ ਲੋਕ ਸੁਖੀ ਹੋ ਜਾਣਗੇ ਤਾਂ ਧਾਰਮਿਕ ਕਾਰੋਬਾਰ ਘਾਟੇ ਵਿੱਚ ਚਲੇ ਜਾਵੇਗਾ l
ਬਿਜਨਸ ਸੈਮੀਨਾਰਾਂ ਤੇ ਮਿਲਦੇ ਲੋਕ ਇਸ ਜਨਮ ਵਿੱਚ ਸਵਰਗ ਭੋਗ ਜਾਂਦੇ ਹਨ ਪਰ ਧਾਰਮਿਕ ਅਸਥਾਨਾਂ ਤੇ ਮਿਲਦੇ ਜਿਆਦਾ ਲੋਕ ਇਸ ਜਨਮ ਵਿੱਚ ਨਰਕ ਭੋਗਦੇ ਹਨ ਕਿਉਂਕਿ ਉਨ੍ਹਾਂ ਦੀ ਲੁੱਟ ਧਰਮ ਦੇ ਨਾਮ ਤੇ ਇਸ ਜਨਮ ਵਿੱਚ ਵੱਧ ਹੁੰਦੀ ਹੈ ਅਤੇ ਮੌਤ ਤੋਂ ਬਾਦ ਸਵਰਗ ਕਿਸੇ ਨੇ ਦੇਖਿਆ ਹੀ ਨਹੀਂ l
ਲੋੜ ਹੈ ਫੈਸਲਾ ਕਰਨ ਦੀ ਕਿ ਸਵਰਗ ਜਿਉਂਦਿਆਂ ਦੇਖਣਾ ਹੈ ਜਾਂ ਮਰਨ ਤੋਂ ਬਾਦ (ਜੋ ਕਿਸੇ ਨੂੰ ਦਿਸਿਆ ਹੀ ਨਹੀਂ)? ਦੁੱਖਾਂ ਦੇ ਹੱਲ ਆਪਣੀ ਸਿੱਖਿਆ, ਹਿੰਮਤ, ਹੌਂਸਲੇ ਅਤੇ ਦਲੇਰੀ ਨਾਲ ਲੱਭਣੇ ਹਨ ਜਾਂ ਸੁੱਖਣਾ ਸੁੱਖ ਕੇ?
ਆਓ ਸੋਚੀਏ, ਵਿਚਾਰੀਏ ਅਤੇ ਜਿਨ੍ਹਾਂ ਮੁਲਕਾਂ ਵਿੱਚ ਰਹਿੰਦੇ ਹਾਂ ਉਨ੍ਹਾਂ ਦੇ ਮੇਚ ਦੇ ਹੋਈਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly