HOME ਵਿਦਿਆਰਥੀ ਜੀਵਨ ਤੇ ਨਸ਼ਿਆਂ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ

ਵਿਦਿਆਰਥੀ ਜੀਵਨ ਤੇ ਨਸ਼ਿਆਂ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ

3
 ਜਸਵਿੰਦਰ ਸਿੰਘ
   (ਸਮਾਜ ਵੀਕਲੀ)  ਮਨੁੱਖ ਦੀ ਜ਼ਿੰਦਗੀ ਵਿੱਚ ਵਿਦਿਆਰਥੀ ਜੀਵਨ ਇੱਕ ਅਹਿਮ ਪੜਾਅ ਹੁੰਦਾ ਹੈ। ਜਿਸ ਦੌਰਾਨ ਵਿਦਿਆਰਥੀ ਨੇ ਆਪਣੇ ਆਉਣ ਵਾਲੇ ਜੀਵਨ ਦੀ ਨੀਹ ਰੱਖਦਾ ਹੈ, ਅਤੇ ਆਪਣਾ ਭਵਿੱਖ ਤੈਅ ਕਰਦਾ ਹੈ, ਪਰ ਬੜੇ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਕੱਲ ਦੇ ਕਈ ਵਿਦਿਆਰਥੀ ਨਸ਼ਿਆਂ ਵੱਲ ਵੱਧ ਰਹੇ ਹਨ ਜੋ ਕਿ ਉਹਨਾਂ ਦੇ ਭਵਿੱਖ ਲਈ ਘਾਤਕ ਸਾਬਤ ਹੋ ਰਿਹਾ ਹੈ। ਵਿਦਿਆਰਥੀਆਂ ਦਾ ਰੁਝਾਨ ਨਸ਼ਿਆਂ ਵੱਲ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਆਪਣੇ ਆਪ ਨੂੰ ਝੂਠਾ ਦਿਲਾਸਾ ਦੇਣਾ, ਗਲਤ ਸੰਗਤ ਵਿੱਚ ਪੈ ਜਾਣਾ, ਮਨੋਰੰਜਨ ਦਾ ਸਾਧਨ ਸਮਝਣਾ, ਘਰੇਲੂ ਤਣਾਅ ਦਾ ਹੋਣਾ ਜਾਂ ਮਾਡਰਨ ਬਣਨ ਦੀ ਲਾਲਸਾ ਆਦਿ। ਵਿਦਿਆਰਥੀ ਜੀਵਨ ਤੇ ਨਸ਼ਿਆਂ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ ਜਿਵੇਂ ਕਿ ਨਸ਼ਿਆਂ ਕਾਰਨ ਵਿਦਿਆਰਥੀ ਦਾ ਸਮਾਜਿਕ ਜੀਵਨ ਬਰਵਾਦ ਹੋ ਜਾਂਦਾ ਹੈ, ਨਸ਼ੇ ਕਰਨ ਵਾਲੇ ਵਿਅਕਤੀ ਆਪਣੇ ਮਾਪਿਆਂ, ਦੋਸਤਾਂ ਅਤੇ ਅਧਿਆਪਕਾਂ ਤੋਂ ਦੂਰ ਹੋ ਜਾਂਦੇ ਹਨ। ਨਸ਼ਾ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦਿਮਾਗੀ ਅਤੇ ਸਰੀਰਕ ਤੰਦਰੁਸਤੀ ਦੋਵਾਂ ਨੂੰ ਨੁਕਸਾਨ ਪਹੁੰਚਦਾ ਹੈ। ਨਸ਼ਿਆਂ ਵਿੱਚ ਪੈਣ ਕਾਰਨ ਵਿਦਿਆਰਥੀਆਂ ਦੀ ਪ੍ਰਵਿਰਤੀ ਅਪਰਾਧਕ ਬਣ ਜਾਂਦੀ ਹੈ, ਕਈ ਵਾਰ ਪੈਸਾ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਚੋਰੀ ਜਾਂ ਹੋਰ ਗਲਤ ਕੰਮਾਂ ਵੱਲ ਵਧਣ ਲਈ ਮਜਬੂਰ ਹੋਣਾ ਪੈਂਦਾ ਹੈ। ਸਭ ਤੋਂ ਮਾੜਾ ਪ੍ਰਭਾਵ ਨਸ਼ਿਆਂ ਦਾ ਵਿਦਿਆਰਥੀ ਜੀਵਨ ਤੇ ਇਹ ਹੁੰਦਾ ਹੈ ਕਿ ਉਹਨਾਂ ਦੀ ਪੜ੍ਹਾਈ ਵਿੱਚ ਰੁਚੀ ਖਤਮ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਦਾ ਭਵਿੱਖ ਦਾਅ ਤੇ ਲੱਗ ਜਾਂਦਾ ਹੈ। ਨਸ਼ੇਬਾਜ਼ ਵਿਦਿਆਰਥੀ ਸਮਾਜ ਲਈ ਖਤਰਾ ਬਣ ਜਾਂਦੇ ਹਨ। ਵਿਦਿਆਰਥੀ ਜੀਵਨ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਸਕਦੇ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਚੰਗੀ ਸੰਗਤ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਝੁਕਾ ਨਸ਼ਿਆਂ ਵੱਲ ਨਾ ਹੋਵੇ।  ਵਿਦਿਆਰਥੀਆਂ ਨੂੰ ਨਸ਼ਿਆਂ ਵੱਲ ਵਧਣ ਤੋਂ ਰੋਕਣ ਲਈ ਸਰਕਾਰ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ  ਮੁਹਿੰਮ ਚਲਾਉਣੀ ਚਾਹੀਦੀ ਹੈ।ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਸਮੇਂ ਸਮੇਂ ਤੇ ਸੈਮੀਨਾਰ ਵਗੈਰਾ ਲਗਾ ਕੇ ਸਮਝਾਉਣਾ ਚਾਹੀਦਾ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਸਮੇਂ ਸਮੇਂ ਉਹਨਾਂ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ। ਤਾਂ ਜੋ ਉਹਨਾਂ ਨੂੰ ਨਸ਼ਿਆਂ ਵੱਲ ਮੁੜਨ ਤੋਂ ਰੋਕਿਆ ਜਾ ਸਕੇ। ਵਿਦਿਆਰਥੀ ਇੱਕ ਨਰੋਏ ਸਮਾਜ ਦੇ ਨਿਰਮਾਤਾ ਹੁੰਦੇ ਹਨ, ਜੇਕਰ ਵਿਦਿਆਰਥੀ ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਤਾਂ ਇਸ ਨਾਲ ਸਿਰਫ ਉਹਨਾਂ ਦੀ ਹੀ ਨਹੀਂ ਬਲਕਿ ਪੂਰੇ ਸਮਾਜ ਦੀ ਹੀ ਬਰਬਾਦੀ ਹੋ ਜਾਵੇਗੀ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਜੰਗ ਲੜਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਇੱਕ ਸੁਚੱਜਾ, ਤਣਾਅਮੁਕਤ ਅਤੇ ਸੁਖਾਵਾਂ ਮਾਹੌਲ ਦੇ ਕੇ ਉਹਨਾਂ ਦਾ ਭਵਿੱਖ ਰੁਸ਼ਨਾਇਆ ਜਾ ਸਕੇ।
 ਜਸਵਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੁਟਾਹਰੀ (ਲੁਧਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਇਨਾਮ ਵੰਡ ਸਮਾਰੋਹ
Next articleਸਾਈ ਪੂਰਨ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ