HOME ਜਿੱਤ ਦੇ ਵਿਸ਼ਵਾਸ ਨਾਲ ਜੂਝਦੀ ਸ਼ਾਇਰੀ: ਰੀਝਾਂ ਦਾ ਅੰਬਰ 

ਜਿੱਤ ਦੇ ਵਿਸ਼ਵਾਸ ਨਾਲ ਜੂਝਦੀ ਸ਼ਾਇਰੀ: ਰੀਝਾਂ ਦਾ ਅੰਬਰ 

5
ਕਰਮ ਸਿੰਘ ਜ਼ਖ਼ਮੀ

 (ਸਮਾਜ ਵੀਕਲੀ) ਮਨਿੰਦਰ ਕੌਰ ਮਨ ਦਾ ਪਲੇਠਾ ਕਾਵਿ-ਸੰਗ੍ਰਹਿ ‘ਰੀਝਾਂ ਦਾ ਅੰਬਰ’ ਪੜ੍ਹਦਿਆਂ ਜਿੱਥੇ ਮੈਨੂੰ ਇੱਕ ਬਹੁਤ ਹੀ ਖ਼ੂਬਸੂਰਤ ਸ਼ਾਇਰੀ ਦਾ ਆਨੰਦ ਮਾਣਨ ਦਾ ਅਹਿਸਾਸ ਹੋਇਆ ਹੈ, ਉੱਥੇ ਉਨ੍ਹਾਂ ਦੇ ਇੱਕ ਪ੍ਰਤੀਬੱਧ ਅਤੇ ਪ੍ਰਪੱਕ ਕਵਿੱਤਰੀ ਹੋਣ ਦੀ ਤਸੱਲੀ ਵੀ ਹੋਈ ਹੈ। ਸ਼ਾਇਦ ਉਨ੍ਹਾਂ ਦੀ ਕਵਿਤਾ ਦਾ ਇਹੋ ਗੁਣ ਹੀ ਉਨ੍ਹਾਂ ਨੂੰ ਹੋਰਨਾਂ ਕਵਿੱਤਰੀਆਂ ਨਾਲੋਂ ਵਿਲੱਖਣਤਾ ਪ੍ਰਦਾਨ ਕਰਦਾ ਹੈ। ਬਹੁਤ ਹੀ ਸੌਖੇ ਅਤੇ ਸਰਲ ਸ਼ਬਦਾਂ ਵਿੱਚ ਸਹਿਜੇ ਹੀ ਵੱਡੀ ਤੋਂ ਵੱਡੀ ਗੱਲ ਕਹਿ ਜਾਣਾ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਮਾਨਵੀ ਰਿਸ਼ਤਿਆਂ ਵਿੱਚੋਂ ਮਨਫ਼ੀ ਹੋ ਰਹੀ ਭਾਈਚਾਰਕ ਸਾਂਝ ਉਨ੍ਹਾਂ ਲਈ ਫ਼ਿਕਰਮੰਦੀ ਦਾ ਕਾਰਨ ਬਣਦੀ ਹੈ। ਗੁਰੂਆਂ-ਪੀਰਾਂ ਅਤੇ ਸੂਰਮਿਆਂ ਦੀ ਚਰਨ-ਛੋਹ ਪ੍ਰਾਪਤ ਪੰਜਾਬ ਦੀ ਗੌਰਵਮਈ ਧਰਤੀ ਦਾ ਜ਼ਹਿਰ ਉੱਗਲਣਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਵਿਸ਼ਵਮੰਡੀ ਦੀ ਘਿਨਾਉਣੀ ਚਕਾਚੌਂਧ ਵਿੱਚ ਉਲਝਿਆ ਹੋਇਆ ਮਨੁੱਖ ਖ਼ੁਦ ਹੀ ਆਪਣੀ ਹੋਂਦ ਦਾ ਦੁਸ਼ਮਣ ਬਣ ਚੁੱਕਿਆ ਹੈ। ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਖੇਤੀਬਾੜੀ ਦਾ ਕਲਿਆਣਕਾਰੀ ਕਾਰਜ ਵੀ ਹੁਣ ਇੱਕ ਗੋਰਖਧੰਦਾ ਬਣ ਕੇ ਰਹਿ ਗਿਆ ਹੈ, ਜਿਸ ਨੇ ਸਾਡੇ ਖੇਤਾਂ ਦੀ ਉਪਜਾਊ ਮਿੱਟੀ ਨੂੰ ਬਾਂਝ ਬਣਾ ਕੇ ਰੱਖ ਦਿੱਤਾ ਹੈ:

ਮਿੱਟੀ ’ਚ ਜ਼ਹਿਰ ਰਲ ਗਿਆ, ਉਗਦਾ ਵੀ ਜ਼ਹਿਰ ਹੈ,
ਜਿਹਨ ’ਚ ਲਾਲਚ ਰਚ ਗਿਆ ਵਕਤ ਦਾ ਕਹਿਰ ਹੈ।
ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਨਹੀਂ ਅਤੇ ਨਾ ਹੀ ਉਹ ਕਿਸੇ ਦੇ ਮਨੋਰੰਜਨ ਲਈ ਲਿਖਦੇ ਹਨ ਬਲਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜੀ ਕਵਿਤਾ ਲੋਕਾਂ ਦਾ ਦੁੱਖਾਂ-ਦਰਦਾਂ ਦੀ ਗੱਲ ਨਹੀਂ ਛੇੜਦੀ, ਉਹ ਕਦੇ ਵੀ ਲੋਕਾਂ ਦਾ ਸਾਹਿਤ ਨਹੀਂ ਹੋ ਸਕਦੀ। ਇਸੇ ਲਈ ਉਹ ਕਦੇ ਵੀ ਸੋਚ ਕੇ ਤੁਕਬੰਦੀ ਨਹੀਂ ਕਰਦੇ ਬਲਕਿ ਤੰਗੀਆਂ-ਤੁਰਸ਼ੀਆਂ ਅਤੇ ਦੁਸ਼ਵਾਰੀਆਂ ਦੇ ਸਤਾਏ ਹੋਏ ਲੋਕਾਂ ਦੀ ਪੀੜਾ ਹੀ ਆਪ ਮੁਹਾਰੇ ਉਨ੍ਹਾਂ ਦੇ ਮੂੰਹੋਂ ਨਿੱਕਲੇ ਸ਼ਬਦਾਂ ਨੂੰ ਕਵਿਤਾ ਵਿੱਚ ਬਦਲ ਦਿੰਦੀ ਹੈ:
ਜੇ ਤੂੰ ਕਲਮ ਫੜਾ ਦਿੱਤੀ ਮਾਲਕਾ
ਲਿਖਣ ਦਾ ਹੁਨਰ ਵੀ ਬਖਸ਼
ਪੀੜ ਪਰਾਈ ਲੱਗੇ ਆਪਣੀ
ਐਨੀ ਕੁ ਸਮਝ ਵੀ ਬਖਸ਼
ਮਨਿੰਦਰ ਕੌਰ ਮਨ ਦਾ ਮੰਨਣਾ ਹੈ ਕਿ ਉਹ ਲੋਕ ਬੁਜ਼ਦਿਲ ਹੁੰਦੇ ਹਨ, ਜਿਹੜੇ ਅਗਲੇ-ਪਿਛਲੇ ਕਰਮਾਂ ਜਾਂ ਕਿਸਮਤ ਦੀਆਂ ਗੱਲਾਂ ਕਰਦੇ ਹਨ। ਅਜਿਹੇ ਲੋਕ ਕਦੇ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੰਚ ਸਕਦੇ ਪਰ ਜਿਨ੍ਹਾਂ ਲੋਕਾਂ ਨੇ ਆਪਣੇ ਮਨ ਵਿੱਚ ਜਿੱਤ ਦਾ ਪੱਕਾ ਵਿਸ਼ਵਾਸ ਬਣਾ ਲਿਆ ਹੋਵੇ, ਉਨ੍ਹਾਂ ਨੂੰ ਕਦੇ ਅਟਕ ਵੀ ਅਟਕਾਅ ਨਹੀਂ ਸਕੇ। ਹੱਕ-ਸੱਚ ਲਈ ਜੂਝਣ ਵਾਲੇ ਲੋਕ ਕਦੇ ਹਾਰ ਨਹੀਂ ਮੰਨਦੇ ਅਤੇ ਹਾਰਨ ਵਾਲੇ ਸਿਰਾਂ ਉੱਤੇ ਕਦੇ ਤਾਜ ਨਹੀਂ ਟਿਕਦੇ:
ਮੰਜ਼ਿਲ ਨੂੰ ਹੱਥ ਦੀਆਂ
ਲਕੀਰਾਂ ’ਚ ਨਾ ਤੂੰ ਭਾਲ
ਜਨੂੰਨ ਹੋਵੇ ਜਿੱਤਣ ਦਾ
ਤਾਂ ਹੀ ਸਿਰ ’ਤੇ ਤਾਜ ਹੁੰਦਾ ਏ
ਅਖੌਤੀ ਨਾਰੀਵਾਦ ਦੀ ਪੈੜ ਵਿੱਚ ਪੈਰ ਨਾ ਧਰਦਿਆਂ ਵੀ ਉਨ੍ਹਾਂ ਨੇ ਨਾਰੀ ਚੇਤਨਾ ਦਾ ਪਰਚਮ ਹਮੇਸ਼ਾ ਬੁਲੰਦ ਰੱਖਿਆ ਹੈ। ਸਮੁੱਚੀ ਮਰਦ ਸ਼੍ਰੇਣੀ ਨੂੰ ਉਹ ਦੋ ਹਿੱਸਿਆਂ ਵਿੱਚ ਵੰਡ ਕੇ ਦੇਖਦੇ ਹਨ। ਪਹਿਲੇ ਉਹ ਮਰਦ, ਜਿਨ੍ਹਾਂ ਦਾ ਔਰਤ ਪ੍ਰਤੀ ਪਿਆਰ ਆਤਮਿਕ ਹੁੰਦਾ ਹੈ ਅਤੇ ਦੂਜੇ ਉਹ ਮਰਦ, ਜਿਹੜੇ ਉਸ ਨੂੰ ਕੇਵਲ ਭੋਗ-ਵਿਲਾਸ ਦੀ ਵਸਤੂ ਹੀ ਸਮਝਦੇ ਹਨ। ਅਜਿਹੇ ਲੋਕਾਂ ਲਈ ਔਰਤ ਇੱਕ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਤੋਂ ਵੱਧ ਕੋਈ ਅਰਥ ਨਹੀਂ ਰੱਖਦੀ:
ਦੋ ਟੋਟਿਆਂ ਵਿਚ ਵੰਡੀ ਔਰਤ ਦਾ
ਜ਼ਿਕਰ ਕੌਣ ਕਰੇ
ਇਕ ਟੋਟੇ ਦਾ ਮਾਲਕ
ਓਹਦੀ ਰੂਹ ਦੇ ਵਿਚ ਵਸੇ
ਦੂਜਾ ਤਾਂ ਬਸ ਮਿੱਟੀ ਦੀ ਢੇਰੀ ’ਤੇ
ਕਬਜ਼ਾ ਕਰੇ
ਜ਼ਿੰਦਗੀ ਕਦੇ ਵੀ ਸਾਡੀ ਮਰਜ਼ੀ ਨਾਲ ਨਹੀਂ ਚੱਲਦੀ। ਬਹੁਤ ਕੁੱਝ ਅਜਿਹਾ ਵੀ ਹੁੰਦਾ ਹੈ, ਜਿਹੜਾ ਸਾਨੂੰ ਕਿਸੇ ਹਾਲਤ ਵਿੱਚ ਵੀ ਸਵੀਕਾਰ ਨਹੀਂ ਹੁੰਦਾ। ਉਲਟ ਪ੍ਰਸਥਿਤੀਆਂ ਵਿੱਚ ਕੇਵਲ ਇਸ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ ਕਿ ਜੇਕਰ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣੇ। ਅਜਿਹੀ ਉਮੀਦ ਹੀ ਬਿਪਤਾ ਵਿੱਚ ਸਾਡਾ ਸਹਾਰਾ ਬਣ ਸਕਦੀ ਹੈ ਕਿਉਂਕਿ ਦੁਨੀਆ ਵਿੱਚ ਕੁੱਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਮੁਤਾਬਿਕ ਜ਼ਿੰਦਗੀ ਨੂੰ ਹਾਂ ਕਹਿਣ ਵਾਲੇ ਲੋਕ ਕਦੇ ਵੀ ਨਿਰਾਸ਼ ਨਹੀਂ ਹੋ ਸਕਦੇ:
ਇੰਨਾ ਵੀ ਦੂਰ ਨਹੀਂ ਗਿਆ ਕਿ ਮੁੜ ਆ ਨਾ ਸਕੇ ਉਹ,
ਮੁੜ ਆਏਗਾ ਬਸ ਤੇਰੀ ਅਵਾਜ਼ ਸੁਣਨ ਤੋਂ ਬਾਅਦ।
ਮਨਿੰਦਰ ਕੌਰ ਮਨ ਲਿਖਦੇ ਹਨ ਕਿ ਮਰਦ ਪ੍ਰਧਾਨ ਸਮਾਜ ਨੇ ਕਦੇ ਵੀ ਔਰਤ ਨੂੰ ਇੱਕ ਜਿਊਂਦਾ-ਜਾਗਦਾ ਇਨਸਾਨ ਨਹੀਂ ਮੰਨਿਆ ਬਲਕਿ ਉਸ ਦੀ ਗਿਣਤੀ ਵਸਤੂਆਂ ਵਿੱਚ ਹੀ ਕੀਤੀ ਜਾਂਦੀ ਹੈ। ਸੋਹਣੀ ਕੋਠੀ, ਸੋਹਣੀ ਕਾਰ ਜਾਂ ਸੋਹਣੀ ਔਰਤ ਹਮੇਸ਼ਾ ਹੀ ਮਰਦ ਦੇ ਹੰਕਾਰ ਵਿੱਚ ਵਾਧਾ ਕਰਦੇ ਆਏ ਹਨ। ਰਾਜਾਸ਼ਾਹੀ ਦੇ ਦੌਰ ਵਿੱਚ ਤਾਂ ਫ਼ੌਜੀ ਸ਼ਕਤੀ, ਗੋਲਾ-ਬਾਰੂਦ ਅਤੇ ਸਰਹੱਦਾਂ ਦੇ ਨਾਲ-ਨਾਲ ਰਾਣੀਆਂ ਜਾਂ ਦਾਸੀਆਂ ਦੀ ਗਿਣਤੀ ਵੀ ਕਿਸੇ ਰਾਜੇ ਦੇ ਸਾਮਰਾਜ ਦਾ ਪੈਮਾਨਾ ਸਮਝੀ ਜਾਂਦੀ ਸੀ:
ਬਸ ਚਾਰ ਲਾਵਾਂ ਗੁਰੂ ਦੀ ਹਜ਼ੂਰੀ ’ਚ
ਕੁਝ ਆਪਣਿਆਂ ਦੀ ਮਨਜ਼ੂਰੀ ’ਚ
ਫਿਰ ਖ਼ਤਮ ਤੇਰਾ ਆਪਣਾ ਵਜੂਦ
ਫਿਰ ਤੇਰਾ ਆਪਣਾ ਕੁਝ ਨਹੀਂ
ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਦਬਾ ਕੇ ਰੱਖਣ ਲਈ ਬਣਾਈਆਂ ਗਈਆਂ ਪਰੰਪਰਾਵਾਂ ਅਤੇ ਰਵਾਇਤਾਂ ਦਾ ਵੀ ਉਹ ਬੜੀ ਬੇਬਾਕੀ ਨਾਲ ਵਿਰੋਧ ਕਰਦੇ ਹਨ, ਜਿਨ੍ਹਾਂ ਅਨੁਸਾਰ ਕਿਹਾ ਗਿਆ ਕਿ ਔਰਤ ਬਚਪਨ ਵਿੱਚ ਆਪਣੇ ਪਿਤਾ, ਜਵਾਨੀ ਵਿੱਚ ਪਤੀ ਅਤੇ ਬੁਢਾਪੇ ਵਿੱਚ ਪੁੱਤਰਾਂ ਦੇ ਅਧੀਨ ਰਹੇ। ਕਿਸੇ ਹਾਲਤ ਵਿੱਚ ਵੀ ਉਸ ਨੂੰ ਸੁਤੰਤਰ ਨਹੀਂ ਰਹਿਣ ਦਿੱਤਾ ਗਿਆ। ਲੋਹੜੀ, ਰੱਖੜੀ ਅਤੇ ਕਰਵਾ ਚੌਥ ਵਰਗੀਆਂ ਮਾਨਤਾਵਾਂ ਨਾਲ ਉਸ ਦੀ ਗ਼ੁਲਾਮੀ ਨੂੰ ਹੋਰ ਪੱਕਿਆਂ ਕਰ ਦਿੱਤਾ ਗਿਆ:
ਪਿਆਰ ਦੀਆਂ ਸੂਰਤਾਂ ਨੇ ਇਹ
ਮਮਤਾ ਦੀਆਂ ਮੂਰਤਾਂ ਨੇ ਇਹ
ਕਹਿ ਕਹਿ ਕੇ ਲਾਡ ਲਡਾਇਆ
ਉਸ ਬੇਗਾਨੇ ਨਾਲ ਤੰਦ ਮੋਹ ਦਾ ਪਵਾਇਆ
ਮਮਤਾ ਖਾਤਰ ਸਭ ਜਰਨਾ ਅਹਿਸਾਸ ਕਰਵਾਇਆ
ਪਿਉ ਤੇ ਪਤਾ ਤੋਂ ਬਾਅਦ ਪੁੱਤਰ ਦੇ ਜ਼ਿੰਮੇ ਲਾਇਆ
ਜਿਨ੍ਹਾਂ ਨੇ ਉੱਗਣਾ ਹੁੰਦਾ ਹੈ, ਉਹ ਤਾਂ ਪੱਥਰਾਂ ਦਾ ਸੀਨਾ ਪਾੜ ਕੇ ਵੀ ਉੱਗ ਪੈਂਦੇ ਹਨ। ਜਿਨ੍ਹਾਂ ਨੇ ਫੁੱਲ ਬਣ ਕੇ ਮਹਿਕਾਂ ਵੰਡਣੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਕੋਈ ਮਿੱਟੀ ਵਿੱਚ ਨਹੀਂ ਰੋਲ ਸਕਦਾ। ਉਨ੍ਹਾਂ ਮੁਤਾਬਿਕ ਜਿਊਂਦੇ ਰਹਿਣ ਲਈ ਜਿਊਣ-ਇੱਛਾ ਤੋਂ ਵਧ ਕੇ ਹੋਰ ਕੁੱਝ ਵੀ ਮਹੱਤਵਪੂਰਨ ਨਹੀਂ ਹੁੰਦਾ। ਪਾਣੀ ਦੀਆਂ ਲਹਿਰਾਂ ਦੇ ਉਲਟ ਵਹਿਣ ਵਿੱਚ ਜਿਹੜਾ ਆਨੰਦ ਮਿਲਦਾ ਹੈ, ਉਹ ਲਹਿਰਾਂ ਨਾਲ ਵਹਿਣ ਵਿੱਚ ਨਹੀਂ ਮਿਲਦਾ ਕਿਉਂਕਿ ਜਿੱਥੇ ਵਿਰੋਧ ਹੁੰਦਾ ਹੈ, ਉੱਥੇ ਹੀ ਤਾਂ ਵਿਕਾਸ ਹੁੰਦਾ ਹੈ:
ਤੂੰ ਰੋਲਿਆ ਸੀ ਕਦੇ ਮਿੱਟੀ ’ਚ ਵਜੂਦ ਮੇਰਾ
ਦੇਖ ਮੈਂ ਫੁੱਲ ਬਣ ਕਿਵੇਂ ਫਿਜ਼ਾ ’ਚ ਬਿਖਰ ਗਈ
ਤੂੰ ਡੁਬੋਏ ਸਾਰੇ ਅਰਮਾਨ ਹੰਝੂਆਂ ਦੇ ਸਮੁੰਦਰ ’ਚ
ਦੇਖ ਮੈਂ ਬਣ ਮੋਤੀ ਫਿਰ ਵੀ ਕਿਵੇਂ ਚਮਕ ਪਈ
ਹਵਾਵਾਂ ਵਿੱਚ ਉੱਡਣ ਲਈ ਕੇਵਲ ਪਰਾਂ ਦਾ ਹੋਣਾ ਹੀ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਉੱਡਦੇ ਤਾਂ ਉਹ ਵੀ ਹਨ, ਜਿਨ੍ਹਾਂ ਦੇ ਪਰ ਹੀ ਨਹੀਂ ਹੁੰਦੇ। ਬਹੁਤੀ ਵਾਰ ਪਰਾਂ ਦੇ ਹੁੰਦਿਆਂ ਵੀ ਉਡਾਰੀ ਮਾਰਨ ਦੀ ਹਿੰਮਤ ਨਹੀਂ ਹੁੰਦੀ ਕਿਉਂਕਿ ਪਰਾਂ ਤੋਂ ਇਲਾਵਾ ਵੀ ਕੁੱਝ ਪਰ ਹੁੰਦੇ ਹਨ ਅਤੇ ਉੱਡਣ ਲਈ ਇਨ੍ਹਾਂ ਪਰਾਂ ਦਾ ਹੋਣਾ ਹੀ ਲਾਜ਼ਮੀ ਹੁੰਦਾ ਹੈ। ਮਨਿੰਦਰ ਕੌਰ ਮਨ ਆਪਣੀ ਕਵਿਤਾ ਦੀਆਂ ਇਨ੍ਹਾਂ ਪੰਕਤੀਆਂ ਵਿੱਚ ਕੁੱਝ ਅਜਿਹੇ ਹੀ ਪਰਾਂ ਵੱਲ ਇਸ਼ਾਰਾ ਕਰ ਰਹੇ ਹਨ:
ਜੀਅ ਕਰਦਾ ਏ ਤੈਨੂੰ ਲੈ ਕੇ ਸੱਜਣਾ
ਉੱਡ ਜਾਵਾਂ ਵਿੱਚ ਹਵਾਵਾਂ
ਇਸ ਧਰਤੀ ਮੇਰਾ ਜੀਅ ਨਹੀਂ ਲੱਗਦਾ
ਅੰਬਰੀਂ ਪੀਂਘਾਂ ਪਾਵਾਂ
ਵਿਸ਼ਵ ਪ੍ਰਸਿੱਧ ਚਿੰਤਕ ਓਸ਼ੋ ਨੇ ਕਿਹਾ ਸੀ ਕਿ ਜੋ ਕੁੱਝ ਕੋਈ ਕਹਿ ਰਿਹਾ ਹੁੰਦਾ ਹੈ, ਕੇਵਲ ਉਸ ਨੂੰ ਹੀ ਨਹੀਂ ਸੁਣਨਾ ਚਾਹੀਦਾ ਬਲਕਿ ਜੋ ਕੁੱਝ ਉਹ ਨਹੀਂ ਕਹਿ ਰਿਹਾ, ਉਸ ਨੂੰ ਵੀ ਸੁਣਨ ਦੀ ਕੋਸ਼ਿਸ਼ ਕਰਨੀ ਹੋਣੀ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਹਰ ਵਿਅਕਤੀ ਕੋਲ ਇਹ ਹੁਨਰ ਹੋਣਾ ਜ਼ਰੂਰੀ ਹੈ। ਇਸ ਹੁਨਰ ਤੋਂ ਸੱਖਣੇ ਲੋਕ ਕੇਵਲ ਸ਼ਬਦਾਂ ਨੂੰ ਫੜੀ ਰੱਖਦੇ ਹਨ ਪਰ ਸ਼ਬਦਾਂ ਤੋਂ ਪਾਰ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਮਨਿੰਦਰ ਕੌਰ ਮਨ ਅਜਿਹੀ ਜੀਵਨ-ਜਾਚ ਤੋਂ ਵੀ ਭਲੀ-ਭਾਂਤ ਜਾਣੂ ਹਨ:
ਹਰ ਦਮ ਨਾਲ ਹਾਂ
ਸਾਹਾਂ ਤੋਂ ਨੇੜੇ ਹਾਂ
ਪਲ ਲਈ ਵੀ ਜੁਦਾ ਨਹੀਂ
ਸਾਂਝਾ ਹੈ ਸਭ ਕੁੱਝ
ਵਸਦੇ ਹਾਂ ਇੱਕ ਦੂਜੇ ’ਚ
ਸਭ ਕਲਪਨਾ ਹੈ, ਬਸ ਕਲਪਨਾ।
ਮਨਿੰਦਰ ਕੌਰ ਮਨ ਨੇ ਇਸ ਪੁਸਤਕ ਵਿੱਚ ਹੋਰ ਵੀ ਬਹੁਤ ਸਾਰੇ ਮੁੱਦਿਆਂ ਨੂੰ ਉਭਾਰਨ ਦੀ ਬੜੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਖ਼ਾਸੀਅਤ ਹੈ ਕਿ ਉਹ ਜਿਹੜੀ ਵੀ ਸਮੱਸਿਆ ਨਾਲ ਸੰਵਾਦ ਰਚਾਉਂਦੇ ਹਨ, ਉਸ ਦੇ ਤਾਣੇ-ਬਾਣੇ ਦੀਆਂ ਸਾਰੀਆਂ ਪਰਤਾਂ ਫਰੋਲ ਕੇ ਹੀ ਸਾਹ ਲੈਂਦੇ ਹਨ। ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦਾ ਸਾਹਸ, ਉਨ੍ਹਾਂ ਨੂੰ ਸਾਹਿਤ ਜਗਤ ਦੀਆਂ ਸਿਰਮੌਰ ਕਵਿੱਤਰੀਆਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦਾ ਹੈ। ਉਨ੍ਹਾਂ ਦਾ ਇਹ ਸਾਹਸ ਬਣਿਆ ਰਹੇ ਅਤੇ ਉਨ੍ਹਾਂ ਦੀ ਕਲਮ ਕਾਵਿਕਤਾ ਦੀਆਂ ਹੋਰ ਬੁਲੰਦੀਆਂ ਤੱਕ ਪਹੁੰਚਣ ਦੇ ਸਮਰੱਥ ਹੋਵੇ। ਇਸੇ ਉਮੀਦ ਨਾਲ ਮੈਂ ਉਨ੍ਹਾਂ ਦੀ ਇਸ ਬੇਹੱਦ ਪਿਆਰੀ ਅਤੇ ਮਿਆਰੀ ਪੁਸਤਕ ਦਾ ਪੁਰਜ਼ੋਰ ਸਵਾਗਤ ਕਰਦਾ ਹਾਂ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੁੱਧ ਨਸ਼ਿਆਂ ਵਿਰੁੱਧ ਲੜਦੀ ਪੁਲੀਸ ਤੇ ਸਰਕਾਰ ਨਸ਼ਿਆਂ ਦੇ ਨਾਲ ਹੋਣ ਮੌਤਾਂ ਮੱਚੀ ਹਾਹਾਕਾਰ
Next article*ਕੀ ਪੰਜਾਬ ਵਿੱਚ ਬੇਰੁਜ਼ਗਾਰੀ ਹੈ..?*