(ਸਮਾਜ ਵੀਕਲੀ) ਅੱਜ ਸਾਡੇ ਪੰਜਾਬ ਨੂੰ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਕਿਆ ਹੀ ਪੰਜਾਬ ਵਿੱਚ ਬੇਰੁਜ਼ਗਾਰੀ ਹੈ ਜਾਂ ਇਹ ਸਿਰਫ ਸਾਡਾ ਮਾਈਂਡ ਸੈੱਟ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸਲ ਵਿੱਚ ਪੰਜਾਬ ਵਿੱਚ ਏਨੇ ਸਾਧਨ ਹਨ ਅਤੇ ਪੰਜਾਬ ਦੇ ਲੋਕ ਇੰਨੇ ਖੁਸ਼ਹਾਲ ਹਨ ਕਿ ਇੱਥੇ ਬੇਰੁਜ਼ਗਾਰੀ ਹੋ ਹੀ ਨਹੀਂ ਸਕਦੀ। ਜੇ ਪੰਜਾਬ ਵਿੱਚ ਬੇਰੁਜ਼ਗਾਰੀ ਹੋਵੇ ਤਾਂ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਕੰਮ ਕਿਉਂ ਕਰਨ। ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਨਫਰਤ ਦੀ ਨਿਗਾਹ ਨਾਲ ਦੇਖਦੇ ਹਾਂ ਤੇ ਕਹਿੰਦੇ ਹਾਂ ਕਿ ਇਹਨਾਂ ਨੂੰ ਪੰਜਾਬ ਵਿੱਚ ਨਹੀਂ ਆਉਣ ਦੇਣਾ ਚਾਹੀਦਾ। ਇਹਨਾਂ ਨੇ ਸਾਡੇ ਰੁਜ਼ਗਾਰ ਖੋਹ ਲਏ ਹਨ।
ਅਸੀਂ ਵੇਖਦੇ ਹਾਂ ਕਿ ਅੱਜ ਹਰ ਪਾਸੇ ਪ੍ਰਵਾਸੀ ਮਜ਼ਦੂਰ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਿਹਾ ਜੇਕਰ ਅੱਜ ਅਸੀਂ ਘਰ ਵਿੱਚ ਕੋਈ ਮਜ਼ਦੂਰ ਜਾਂ ਮਿਸਤਰੀ ਲਾਉਣਾ ਹੋਵੇ ਤਾਂ ਸਾਨੂੰ ਸੌਖਿਆ ਕੋਈ ਮਜ਼ਦੂਰ ਜਾਂ ਮਿਸਤਰੀ ਨਹੀਂ ਮਿਲਦਾ ਬਲਕਿ ਹਫਤਾ 10 ਦਿਨ ਦੀ ਭਕਾਈ ਤੋਂ ਬਾਅਦ ਹੀ ਕੋਈ ਮਜ਼ਦੂਰ ਜਾਂ ਮਿਸਤਰੀ ਮਿਲਦਾ ਹੈ। ਜੇਕਰ ਸਾਨੂੰ ਪਿੰਡ ਵਿੱਚ ਕੋਈ ਪਲੰਬਰ, ਇਲੈਕਟਰੀਸ਼ਨ ਜਾਂ ਕਾਰਪੈਂਟਰ ਦੀ ਲੋੜ ਪੈ ਜਾਵੇ ਤਾਂ ਸਾਨੂੰ ਕਈ ਕਈ ਫੋਨ ਕਰਨੇ ਪੈਂਦੇ ਹਨ ਤਾਂ ਕਿਤੇ ਜਾ ਕੇ ਉਹ ਸਮਾਂ ਕੱਢ ਪਾਉਂਦਾ ਹੈ, ਕਿਉਂਕਿ ਉਸ ਕੋਲ ਸਮਾਂ ਹੈ ਹੀ ਨਹੀਂ ਹੈ। ਜੇਕਰ ਘਰ ਵਿੱਚ ਮੇਡ ਲਾਉਣੀ ਹੋਵੇ ਤਾਂ ਸਾਨੂੰ ਕਈ ਕਈ ਮਹੀਨੇ ਨਹੀਂ ਮਿਲਦੀ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਹੈ।
ਅਸਲ ਵਿੱਚ ਸਾਡੇ ਲੋਕਾਂ ਦੀ ਇਹ ਕਮਜ਼ੋਰੀ ਬਣ ਚੁੱਕੀ ਹੈ ਕਿ ਅਸੀਂ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ ਅਤੇ ਸਾਫ ਸੁਥਰਾ,ਵੱਧ ਪੈਸਿਆਂ ਵਾਲਾ ਅਤੇ ਕੁਰਸੀ ਤੇ ਬੈਠਣ ਵਾਲਾ ਕੰਮ ਕਰਨਾ ਚਾਹੁੰਦੇ ਹਾਂ। ਜਦੋਂ ਕਿ ਪਰਵਾਸੀ ਲੋਕ ਮਿਹਨਤ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੋਬਾਇਲਾਂ ਤੇ ਨਸ਼ਿਆਂ ਨੇ ਪੱਟ ਕੇ ਰੱਖ ਦਿੱਤਾ ਹੈ ਭਾਵੇਂ ਉਹਨਾਂ ਕੋਲ ਰੁਜ਼ਗਾਰ ਨਹੀਂ ਪਰ ਉਹਨਾਂ ਕੋਲ ਬਰਾਂਡਡ ਕੱਪੜੇ, ਮਹਿੰਗੇ ਆਈਫੋਨ ਅਤੇ ਮਹਿੰਗੇ ਮੋਟਰਸਾਈਕਲ ਜਰੂਰ ਹਨ। ਕੁਲ ਦਿਨ ਪਹਿਲਾਂ ਜਦੋਂ ਮੈਂ ਮੋਹਾਲੀ ਗਿਆ ਉਥੇ ਸਿੱਖਿਆ ਭਵਨ ਦੇ ਦਫਤਰ ਕੋਲ ਬਹੁਤ ਸਾਰੇ ਅਜਿਹੇ ਪ੍ਰਵਾਸੀ ਲੋਕ ਸਨ ਜੋ ਜ਼ਮੀਨ ਤੇ ਆਰਜੀ ਟੈਂਟ ਲਗਾ ਕੇ ਚਾਹ
ਜਾਂ ਢਾਬੇ ਦਾ ਕੰਮ ਕਰ ਰਹੇ ਸਨ। ਜਿਸ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਸਮੇਤ ਔਰਤਾਂ ਤੇ ਬੱਚੇ ਕੰਮ ਕਰ ਰਹੇ ਸਨ। ਉਹਨਾਂ ਵਿੱਚੋਂ ਕਿਸੇ ਕੋਲ ਕੋਈ ਮੋਬਾਈਲ ਨਹੀਂ ਸੀ।ਉਹ ਮਿਹਨਤ ਨਾਲ ਰੋਜ਼ਾਨਾ ਚੌਖੀ ਕਮਾਈ ਕਰ ਰਹੇ ਹਨ।
ਸਾਡੀ ਬਦਕਿਸਮਤੀ ਹੈ ਕਿ ਅਸੀਂ ਇਥੇ ਮਿਹਨਤ ਵਾਲੇ ਕੰਮ ਨੂੰ ਕਰਨਾ ਆਪਣੀ ਹੇਠੀ ਸਮਝਦੇ ਹਾਂ ਤੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਇਹੀ ਕੰਮ ਕਰਨਾ ਆਪਣੇ ਸ਼ਾਨ ਸਮਝਦੇ ਹਾਂ। ਸਾਨੂੰ ਪੰਜਾਬ ਵਿੱਚ ਹੀ ਕੰਮ ਦੀ ਕੋਈ ਕਮੀ ਨਹੀਂ ਅਸਲ ਵਿੱਚ ਸੱਚ ਤਾਂ ਇਹ ਹੈ ਕਿ ਅਸੀਂ ਕੰਮ ਕਰਨਾ ਹੀ ਨਹੀਂ ਚਾਹੁੰਦੇ। ਅੱਜ ਬਾਜ਼ਾਰਾਂ ਵਿੱਚ ਜਾ ਕੇ ਦੇਖੀਏ ਤਾਂ ਪ੍ਰਵਾਸੀ ਮਜ਼ਦੂਰ ਸਬਜ਼ੀਆਂ ਦੀਆਂ ਰੇਹੜੀਆਂ ਲਗਾ ਕੇ ਰੋਜ਼ਾਨਾ ਪੰਜ ਸੌ ਤੋਂ ਹਜ਼ਾਰ ਰੁਪਏ ਕਮਾ ਰਹੇ ਹਨ। ਖਾਣ ਪੀਣ ਦੇ ਸਾਰੇ ਕੰਮਾਂ ਤੇ ਪ੍ਰਵਾਸੀਆਂ ਦਾ ਕਬਜ਼ਾ ਹੈ। ਫੈਕਟਰੀਆਂ, ਮੰਡੀਆਂ, ਖੇਤਾਂ,ਪੈਲਸਾਂ ਵਿੱਚ ਸਾਨੂੰ ਹਰ ਜਗ੍ਹਾ ਪਰਵਾਸੀ ਮਜ਼ਦੂਰ ਹੀ ਕੰਮ ਕਰਦੇ ਦਿਖਾਈ ਦੇਣਗੇ। ਪੰਜਾਬੀ ਬਹੁਤ ਘੱਟ ਨਜ਼ਰ ਆਉਣਗੇ।
ਸਾਡੇ ਪੰਜਾਬੀਆਂ ਨੂੰ ਇਹ ਸਮਝਣ ਤੇ ਸੋਚ ਵਿਚਾਰ ਕਰਨ ਦਾ ਸਮਾਂ ਹੈ ਕਿ ਕੀ ਪ੍ਰਵਾਸੀ ਮਜ਼ਦੂਰਾਂ ਕਾਰਨ ਸਾਨੂੰ ਕੰਮ ਨਹੀਂ ਮਿਲਦਾ ਜਾਂ ਸਾਡੀ ਸੋਚ, ਆਲਸ ਤੇ ਫੁਕਰੇਪਨ ਨੇ ਸਾਨੂੰ ਹੱਡ ਹਰਾਮੀ ਬਣਾ ਦਿੱਤਾ ਹੈ ਇਸ ਕਰਕੇ ਕੰਮ ਨਹੀਂ ਮਿਲਦਾ। ਕਿਸੇ ਸਮੇਂ ਪੰਜਾਬ ਵਿੱਚ ਚਾਰੇ ਪਾਸੇ ਪੰਜਾਬੀ ਬੰਦਾ ਮਿਹਨਤ ਕਰਦਾ ਨਜ਼ਰ ਆਉਂਦਾ ਸੀ। ਪੰਜਾਬੀ ਲੋਕ ਮਿਹਨਤ ਨੂੰ ਆਪਣਾ ਧਰਮ ਸਮਝਦੇ ਸਨ। ਪਰ ਹੌਲੀ ਹੌਲੀ ਦੁਨੀਆਂ ਪਲਟਾ ਖਾ ਗਈ ਤੇ ਅੱਜ ਸਾਡੇ ਕੰਮਾਂ ਕਾਰਾਂ ਅਤੇ ਨੌਕਰੀਆਂ ਵਿੱਚ ਪ੍ਰਵਾਸੀ ਲੋਕਾਂ ਨੇ ਆਪਣੀ ਮਿਹਨਤ ਨਾਲ ਸਾਨੂੰ ਪਿੱਛੇ ਛੱਡ ਦਿੱਤਾ ਹੈ।ਅਸੀਂ ਬਾਬਾ ਨਾਨਕ ਦੇ ਸਿਧਾਂਤ ਕਿਰਤ ਕਰੋ ਤੋਂ ਭੱਜ ਚੁੱਕੇ ਹਾਂ। ਅੱਜ ਸਾਨੂੰ ਦੁਬਾਰਾ ਆਪਣਾ ਵਕਾਰ ਬਹਾਲ ਕਰਾਉਣ ਲਈ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਪਵੇਗਾ ਤੇ ਇਹ ਸੋਚ ਨੂੰ ਅਪਣਾਉਣਾ ਪਵੇਗਾ ਕਿ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ।ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਬੇਰੁਜ਼ਗਾਰੀ ਨਹੀਂ ਹੈ ਬਸ ਸੋਚ ਬਦਲਣ ਦੀ ਲੋੜ ਹੈ। ਤੁਸੀਂ ਵੇਖੋਗੇ ਕਿ ਆਸੇ ਪਾਸੇ ਰੁਜ਼ਗਾਰ ਦੇ ਕਿੰਨੇ ਹੀ ਮੌਕੇ ਦਿਖਾਈ ਦੇਣ ਲੱਗ ਪੈਣਗੇ।
*-ਚਰਨਜੀਤ ਸਿੰਘ ਮੁਕਤਸਰ,*
ਸੈਂਟਰ ਹੈੱਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਝਬੇਲਵਾਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
ਮੋਬਾਈਲ ਨੰਬਰ 951300716
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



