
ਜਗਤਾਰ ਸਿੰਘ ਹਿੱਸੋਵਾਲ (ਸਮਾਜ ਵੀਕਲੀ) ਵਿੱਚ ਮੇਰੇ ਲਾਗਲੇ ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ ਵਿੱਚ 11 ਸਾਲਾਂ ਦੇ ਮਾਸੂਮ ਹਰਸੁੱਖਪ੍ਰੀਤ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਸੀ। ਇਹ ਬੱਚਾ ਆਪਣੇ ਮਾਤਾ-ਪਿਤਾ ਦਾ ਇਕਲੌਤਾ ਸਹਾਰਾ ਸੀ। ਇਸ ਦਰਦਨਾਕ ਘਟਨਾ ਨੇ ਸਿਰਫ਼ ਇੱਕ ਪਰਿਵਾਰ ਹੀ ਨਹੀਂ, ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੁੱਖ ਦੀ ਗੱਲ ਇਹ ਹੈ ਕਿ ਪਿੰਡ ਹਸਨਪੁਰ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਨਾਲ ਕਿਸੇ ਮਾਸੂਮ ਦੀ ਇਹ ਦੂਜੀ ਮੌਤ ਸੀ। ਪਰ ਕੀ ਉਸ ਘਟਨਾ ਤੋਂ ਬਾਅਦ ਕੁਝ ਬਦਲਿਆ? ਸ਼ਾਇਦ ਨਹੀਂ। ਹੁਣ ਤਾਜ਼ਾ ਖ਼ਬਰ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਤੋਂ ਆਈ ਹੈ, ਜਿੱਥੇ ਅਵਾਰਾ ਕੁੱਤਿਆਂ ਦੇ ਕੱਟਣ ਨਾਲ ਢਾਈ ਸਾਲਾਂ ਦੇ ਮਾਸੂਮ ਦੀ ਜਾਨ ਚਲੀ ਗਈ। ਅਵਾਰਾ ਕੁੱਤੇ ਬੱਚੇ ਨੂੰ ਕੁੱਤੇ ਘਰ ਦੇ ਬੂਰੇ ਤੋਂ ਘਸੀਟ ਕੇ ਲੈ ਕੇ ਅਤੇ ਨੋਚ ਨੋਚ ਕੇ ਖਾ ਗਏ ।ਦੱਸਿਆ ਜਾਂਦਾ ਹੈ ਕਿ ਇਸ ਪਰਿਵਾਰ ਵਿੱਚ ਬਾਰ੍ਹਾਂ ਸਾਲਾਂ ਬਾਅਦ ਇਹ ਬੱਚਾ ਹੋਇਆ ਸੀ । ਬਦਕਿਸਮਤੀ ਨਾਲ ਇਸ ਘਰ ਦਾ ਚਿਰਾਗ ਬੁੱਝ ਗਿਆ। ਇੱਕ ਹੋਰ ਮਾਂ-ਪਿਉ ਦੀ ਦੁਨੀਆ ਉਜੜ ਗਈ। ਅਸਲ ਸਵਾਲ ਇਹ ਹੈ ਕਿ ਇਹ ਸਿਲਸਿਲਾ ਕਦੋਂ ਰੁਕੇਗਾ? ਹਰ ਵਾਰੀ ਮਾਸੂਮ ਦੀ ਜਾਨ ਚਲੀ ਜਾਂਦੀ ਹੈ ਤਾਂ ਇੱਕ-ਦੋ ਦਿਨ ਲਈ ਰੌਲਾ ਪੈਂਦਾ ਹੈ। ਸੋਸ਼ਲ ਮੀਡੀਆ ‘ਤੇ ਗੁੱਸਾ ਜ਼ਾਹਿਰ ਹੁੰਦਾ ਹੈ। ਅਧਿਕਾਰੀਆਂ ਦੇ ਬਿਆਨ ਆ ਜਾਂਦੇ ਹਨ ਪਰ ਕੁਝ ਦਿਨਾਂ ਬਾਅਦ ਸਭ ਕੁਝ ਭੁੱਲ ਜਾਂਦਾ ਹੈ। ਪਰਨਾਲਾ ਫਿਰ ਓਥੇ ਦਾ ਓਥੇ ਹੀ ਰਹਿ ਜਾਂਦਾ ਹੈ। ਹਕੀਕਤ ਇਹ ਹੈ ਕਿ ਇਹ ਕੋਈ ਛੋਟੀ ਸਮੱਸਿਆ ਨਹੀਂ ਰਹੀ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਕੁੱਤਿਆਂ ਦੇ ਕੱਟਣ ਨਾਲ ਫੈਲਣ ਵਾਲੀ ਬਿਮਾਰੀ ਰੇਬੀਜ ਕਾਰਨ ਦੁਨੀਆ ਭਰ ਵਿੱਚ ਹਰ ਸਾਲ ਕਰੀਬ 59,000 ਲੋਕ ਮਰ ਜਾਂਦੇ ਹਨ। ਇਨ੍ਹਾਂ ਵਿੱਚੋਂ ਲਗਭਗ 20,565 ਮੌਤਾਂ ਸਿਰਫ਼ ਭਾਰਤ ਵਿੱਚ ਹੁੰਦੀਆਂ ਹਨ। ਮਤਲਬ ਦੁਨੀਆ ਦੀਆਂ 35 ਫੀਸਦੀ ਤੋਂ ਵੱਧ ਮੌਤਾਂ ਸਾਡੇ ਆਪਣੇ ਦੇਸ਼ ਵਿੱਚ ਹੀ ਹੋ ਰਹੀਆਂ ਹਨ। ਸਰਕਾਰਾ ਅਤੇ ਸਥਾਨਕ ਪ੍ਰਸ਼ਾਸਨ ਲਈ ਇਹ ਸਮਾਂ ਗੰਭੀਰਤਾ ਨਾਲ ਸੋਚਣ ਦਾ ਹੈ। ਅਵਾਰਾ ਕੁੱਤਿਆਂ ਦੀ ਗਿਣਤੀ ‘ਤੇ ਕਾਬੂ, ਟੀਕਾਕਰਨ, ਸਟੈਰਿਲਾਈਜ਼ੇਸ਼ਨ ਅਤੇ ਲੋਕਾਂ ਦੀ ਸੁਰੱਖਿਆ ਲਈ ਪੱਕੀ ਨੀਤੀ ਬਣਾਉਣਾ ਹੁਣ ਜ਼ਰੂਰਤ ਬਣ ਚੁੱਕੀ ਹੈ। ਕਿਉਂਕਿ ਹਰ ਵਾਰੀ ਕਿਸੇ ਮਾਸੂਮ ਦੀ ਮੌਤ ਤੋਂ ਬਾਅਦ ਅਫ਼ਸੋਸ ਜ਼ਾਹਿਰ ਕਰਨਾ ਕੋਈ ਹੱਲ ਨਹੀਂ। ਸਵਾਲ ਇਹ ਹੈ ਕਿ ਕਿਸੇ ਹੋਰ ਮਸੂਮ ਦੀ ਮੌਤ ਤੋਂ ਪਹਿਲਾਂ ਅਸੀਂ ਜਾਗਾਂਗੇ ਵੀ ਜਾਂ ਨਹੀਂ?
98783 30324
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



