ਕਹਾਣੀ- “ਤੂੰ ਨਿਕਲ ਬਾਹਰ”

(ਸਮਾਜ ਵੀਕਲੀ)

(ਇੱਕ ਦੋਸਤ ਦੂਜੇ ਦੋਸਤ ਦੇ ਘਰ ਦੀ ਤਸਵੀਰ ਦੇਖ ਕੇ)

ਰਾਹੁਲ- ਵਾਹ ਯਾਰ ਤੇਰਾ ਤਾਂ ਘਰ ਹੀ ਬਹੁਤ ਸੋਹਣਾ ਏ।

ਤੇਜਬੀਰ- ਧੰਨਵਾਦ ਵੀਰ।

ਰਾਹੁਲ- ਚਾਹ ਤੇ ਕਦੋਂ ਬੁਲਾ ਰਿਹਾਂ ਏ?

ਤੇਜਬੀਰ- ਜਦੋਂ ਮਰਜ਼ੀ ਆ ਜਾ ਵੀਰ।

ਰਾਹੁਲ- ਚੱਲ ਫਿਰ ਕੱਲ ਮੈਂ ਸਵੇਰੇ ਆਵਾਂਗਾ ਤੇਰੇ ਵੱਲ, ਇੱਕਲੀ ਚਾਹ ਪਿਆਂਏਗਾ ਜਾਂ ਨਾਲ ਕੁਝ ਖਵਾਂਏਗਾ ਵੀ?

ਤੇਜਬੀਰ- ਲੈ ਦੱਸ ਵੀਰ ਆ ਕੀ ਗੱਲ ਕੀਤੀ ਆ? ਤੂੰ ਆਪਣੇ ਯਾਰ ਦੇ ਘਰ ਆਉਣਾ ਏ, ਦੱਸ ਕੀ ਖਾਣਾ ਏ?

ਰਾਹੁਲ- ਮੈਂ ਤਾਂ ਚਾਹ ਦੇ ਨਾਲ ਸਮੋਸੇ ਤੇ ਗੁਲਾਬ ਜਾਮੁਨ ਵੀ ਖਾਣੇ ਨੇ।

ਤੇਜਬੀਰ- ਬੱਸ, ਤੂੰ ਕੱਲ ਸਵੇਰੇ ਆ ਆਪਣੇ ਯਾਰ ਦੇ ਘਰ, ਵੀਰ ਤੇਰੀ ਪੂਰੀ ਆਉ ਭਗਤ ਕਰਾਂਗੇ।

(ਅਗਲੇ ਦਿਨ ਰਾਹੁਲ ਆਪਣੇ ਪਰਿਵਾਰ ਨੂੰ ਲੈ ਕੇ ਤੇਜਬੀਰ ਦੇ ਘਰ ਪਹੁੰਚ ਜਾਂਦਾ ਹੈ। ਤੇਜਬੀਰ ਅਤੇ ਉਸ ਦਾ ਸਾਰਾ ਪਰਿਵਾਰ ਬਹੁਤ ਹੀ ਖੁਸ਼ੀ ਨਾਲ ਰਾਹੁਲ ਅਤੇ ਉਸਦੇ ਪਰਿਵਾਰ ਦੀ ਆਉ ਭਗਤ ਵਿੱਚ ਲੱਗ ਜਾਂਦੇ ਹਨ। ਚਾਹ ਪੀਣ ਤੋਂ ਬਾਦ)

ਤੇਜਬੀਰ- ਵੀਰ ਦੱਸ ਕੋਈ ਕਮੀ ਤਾਂ ਨਹੀਂ ਰਹਿ ਗਈ ਸਾਡੀ ਆਉ ਭਗਤ ਵਿੱਚ?

ਰਾਹੁਲ- ਨਾ ਜੀ ਨਾ, ਦਿਲ ਖੁਸ਼ ਕਰ ਦਿੱਤਾ ਯਾਰਾ ਤੂੰ, ਪਰ ਮੇਰਾ ਪਰਿਵਾਰ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਮਨ ਤੁਹਾਡੇ ਘਰ ਰੋਟੀ ਖਾਣ ਨੂੰ ਕਰ ਰਿਹਾ ਹੈ। ਜੇਕਰ ਤੈਨੂੰ ਕੋਈ ਇਤਰਾਜ਼ ਨਾ ਹੋਵੇ?

(ਤੇਜਬੀਰ ਖੁਸ਼ ਹੋ ਕੇ)

ਤੇਜਬੀਰ- ਲੈ ਆ ਕੀ ਗੱਲ ਕੀਤੀ ਵੀਰ, ਆਪਣੇ ਸਾਰੇ ਪਰਿਵਾਰ ਨੂੰ ਕਹਿ ਅਰਾਮ ਕਰਣ ਮੈਂ ਹੁਣੇ ਆਪਣੇ ਪਰਿਵਾਰ ਨੂੰ ਕਹਿੰਦਾ ਹਾਂ ਉਹ ਵਧੀਆ ਪਕਵਾਨ ਤਿਆਰ ਕਰਣ।

ਰਾਹੁਲ- ਤੇਰੇ ਪਰਿਵਾਰ ਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ?

ਤੇਜਬੀਰ- ਕਮਾਲ ਕਰਦਾ ਏ ਵੀਰ, ਤੂੰ ਮੇਰਾ ਯਾਰ ਏ, ਭਲਾ ਦੱਸ ਮੇਰੇ ਪਰਿਵਾਰ ਨੂੰ ਕਿਉਂ ਇਤਰਾਜ਼ ਹੋਵੇਗਾ? ਤੁਸੀਂ ਸਭ ਆਰਾਮ ਕਰੋ ਮੈਂ ਰੋਟੀ ਦੀ ਤਿਆਰੀ ਕਰਵਾਉਂਦਾ ਹਾਂ।

(ਤੇਜਬੀਰ ਆਪਣੇ ਪਰਿਵਾਰ ਨੂੰ ਸਭ ਲਈ ਵਧੀਆ ਪਕਵਾਨ ਤਿਆਰ ਕਰਣ ਲਈ ਕਹਿੰਦਾ ਹੈ। ਰਾਹੁਲ ਅਤੇ ਉਸਦਾ ਪਰਿਵਾਰ ਆਰਾਮ ਨਾਲ ਲੇਟ ਜਾਂਦੇ ਹਨ। ਖਾਣਾ ਤਿਆਰ ਕਰਕੇ ਰਾਹੁਲ ਦੇ ਪਰਿਵਾਰ ਦੇ ਸਾਹਮਣੇ ਵੰਨ-ਸੁਵੰਨੇ ਪਕਵਾਨ ਪੇਸ਼ ਕੀਤੇ ਜਾਂਦੇ ਹਨ। ਰਾਹੁਲ ਦਾ ਸਾਰਾ ਪਰਿਵਾਰ ਸਭ ਪਕਵਾਨਾਂ ਦਾ ਖੂਬ ਆਨੰਦ ਲੈਂਦੇ ਹਨ। ਖਾਣਾ ਖਤਮ ਕਰਣ ਤੋਂ ਬਾਦ ਰਾਹੁਲ ਤੇਜਬੀਰ ਨੂੰ ਕਹਿੰਦਾ ਹੈ ਕਿ ਰਾਹੁਲ ਦਾ ਪਰਿਵਾਰ ਤੇਜਬੀਰ ਦੇ ਘਰ ਨੂੰ ਘੁੰਮ ਕੇ ਦੇਖਣਾ ਚਾਹੁੰਦਾ ਹੈ। ਤੇਜਬੀਰ ਬਹੁਤ ਖੁਸ਼ੀ ਅਤੇ ਸਤਿਕਾਰ ਨਾਲ ਆਪਣਾ ਸਾਰਾ ਘਰ ਰਾਹੁਲ ਅਤੇ ਰਾਹੁਲ ਦੇ ਪਰਿਵਾਰ ਨੂੰ ਦਿਖਾਉਂਦਾ ਹੈ। ਰਾਹੁਲ ਤੇਜਬੀਰ ਅੱਗੇ ਇੱਛਾ ਰੱਖਦਾ ਹੈ ਕਿ ਰਾਹੁਲ ਦਾ ਪਰਿਵਾਰ ਅੱਜ ਰਾਤ ਤੇਜਬੀਰ ਦੇ ਘਰ ਹੀ ਗੁਜ਼ਾਰਨਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਸਭ ਨੂੰ ਤੇਜਬੀਰ ਦਾ ਪਰਿਵਾਰ ਅਤੇ ਤੇਜਬੀਰ ਦਾ ਘਰ ਬਹੁਤ ਪਸੰਦ ਆਇਆ ਹੈ। ਤੇਜਬੀਰ ਬਹੁਤ ਖੁਸ਼ੀ ਜਾਹਿਰ ਕਰਦਾ ਹੈ ਕਿ ਜ਼ਰੂਰ ਰਾਹੁਲ ਅਤੇ ਰਾਹੁਲ ਦਾ ਪਰਿਵਾਰ ਰਾਤ ਉਨ੍ਹਾਂ ਦੇ ਘਰ ਠਹਿਰਣ। ਤੇਜਬੀਰ ਆਪਣੇ ਪਰਿਵਾਰ ਨੂੰ ਕਹਿੰਦਾ ਹੈ ਕਿ ਰਾਹੁਲ ਅਤੇ ਉਸਦੇ ਸਾਰੇ ਪਰਿਵਾਰ ਦੇ ਰਾਤ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ। ਦੋਨੋਂ ਪਰਿਵਾਰ ਹੱਸਦੇ-ਖੇਲਦੇ, ਗੱਲਾਂ ਕਰਦੇ ਰਾਤ ਸੋ ਜਾਂਦੇ ਹਨ। ਸਵੇਰੇ ਤੇਜਬੀਰ ਅਤੇ ਉਸਦਾ ਪਰਿਵਾਰ ਜਦੋਂ ਉੱਠਦੇ ਹਨ ਤਾਂ ਉਹ ਦੇਖਦੇ ਹਨ ਕਿ ਰਾਹੁਲ ਅਤੇ ਰਾਹੁਲ ਦਾ ਪਰਿਵਾਰ ਬਹੁਤ ਹੀ ਗੁੱਸੇ ਵਿੱਚ ਬੈਠੇ ਹੋਏ ਹਨ। ਰਾਹੁਲ ਅਤੇ ਰਾਹੁਲ ਦਾ ਸਾਰਾ ਪਰਿਵਾਰ ਤੇਜਬੀਰ ਦੇ ਪਰਿਵਾਰ ਨੂੰ ਦੇਖ ਕੇ ਘੂਰ ਰਿਹਾ ਸੀ। ਤੇਜਬੀਰ ਨੇ ਆਪਣੇ ਯਾਰ ਰਾਹੁਲ ਨੂੰ ਪੁੱਛਿਆ)

ਤੇਜਬੀਰ- ਵੀਰ ਕੀ ਹੋਇਆ?

ਰਾਹੁਲ- ਤੇਜਬੀਰ ਆਪਣਾ ਸਾਰਾ ਪਰਿਵਾਰ ਲੈ ਕੇ ਚੁੱਪ-ਚਾਪ ਇਸ ਘਰ ਤੋਂ ਬਾਹਰ ਨਿਕਲ ਜਾ।

(ਤੇਜਬੀਰ ਹੈਰਾਨੀ ਨਾਲ)

ਤੇਜਬੀਰ- ਪਰ ਕਿਉਂ?

ਰਾਹੁਲ- ਕਿਉਂਕਿ ਇਸ ਘਰ ਦੀ ਤਸਵੀਰ ਦੇਖਦੇ ਹੀ ਤੇਰਾ ਘਰ ਮੈਨੂੰ ਪਸੰਦ ਆ ਗਿਆ ਸੀ ਅਤੇ ਹੁਣ ਮੇਰੇ ਸਾਰੇ ਪਰਿਵਾਰ ਨੂੰ ਵੀ ਇਹ ਪਸੰਦ ਆ ਗਿਆ ਹੈ। ਇਸ ਲਈ ਹੁਣ ਇਹ ਘਰ ਮੇਰਾ ਹੈ ਅਤੇ ਤੂੰ ਚੁੱਪ-ਚਾਪ ਆਪਣਾ ਪਰਿਵਾਰ ਲੈ ਕੇ ਨਿਕਲ ਜਾਂ ਨਹੀਂ ਤਾਂ ਮੈਂ ਤੇਰਾ ਜਲੂਸ ਕੱਢ ਦੇਵਾਂਗਾ।

ਤੇਜਬੀਰ- ਤੂੰ ਯਾਰ ਮਾਰ ਕਰੇਂਗਾ?

ਰਾਹੁਲ- ਜੋ ਮਰਜ਼ੀ ਸਮਝ। ਮੇਰੀ ਔਕਾਤ ਨਹੀਂ ਕਿ ਮੈਂ ਆਪਣੇ ਪਰਿਵਾਰ ਨੂੰ ਇੰਨ੍ਹਾਂ ਵਧੀਆ ਮਕਾਨ ਬਣਾ ਕੇ ਦੇ ਸਕਾਂ। ਇਸ ਲਈ ਤੇਰੇ ਮਕਾਨ ਉੱਤੇ ਹੀ ਮੈਂ ਕਬਜ਼ਾ ਕਰਣਾ ਹੈ।

ਤੇਜਬੀਰ- ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਘਰੋਂ ਨਹੀਂ ਕੱਢ ਸਕਦਾ। ਸਭ ਨੂੰ ਪਤਾ ਇਹ ਮੇਰਾ ਘਰ ਹੈ। ਤੂੰ ਇਸ ਘਰ ਉੱਤੇ ਇੱਕ ਰੁਪਿਆ ਨਹੀਂ ਖਰਚਿਆ। ਇਹ ਮੈਂ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਬਣਾਇਆ ਹੈ।

ਰਾਹੁਲ- ਅਸੀਂ ਜਦੋਂ ਤੇਰੇ ਘਰ ਆਏ ਸੀ ਤਾਂ ਪੰਜ ਕਿੱਲੋ ਫੱਲ ਲੈ ਕੇ ਆਏ ਸੀ, ਜੋ ਤੁਸੀਂ ਸਾਰੇ ਪਰਿਵਾਰ ਨੇ ਖਾਧੇ ਹਨ। ਉਹ ਇਸ ਘਰ ਦਾ ਮੁੱਲ ਹੀ ਸੀ। ਅਸੀਂ ਸਭ ਨੂੰ ਰੌਲਾ ਪਾ-ਪਾ ਕੇ ਦੱਸਾਂਗੇ ਕਿ ਅਸੀਂ ਤੇਰੇ ਕੋਲ ਇਹ ਮਕਾਨ ਖਰੀਦ ਲਿਆ ਹੈ। ਜੋ ਵੀ ਉੱਚੀ ਅਤੇ ਜ਼ਿਆਦਾ ਰੌਲਾ ਪਾਏਗਾ ਲੋਕ ਉਸ ਨੂੰ ਹੀ ਸੱਚਾ ਮੰਨਣਗੇ।

ਤੇਜਬੀਰ- ਤੇਰਾ ਵਹਿਮ ਹੈ।

ਰਾਹੁਲ ਅਤੇ ਉਸਦਾ ਪਰਿਵਾਰ ਤੇਜਬੀਰ ਅਤੇ ਉਸਦੇ ਪਰਿਵਾਰ ਨੂੰ ਧੱਕੇ ਮਾਰ-ਮਾਰ ਘਰੋਂ ਬਾਹਰ ਕੱਢ ਦਿੰਦੇ ਹਨ। ਤੇਜਬੀਰ ਕੋਲ ਘਰ ਦੀ ਚਾਬੀ ਹੁੰਦੀ ਹੈ। ਉਹ ਘਰ ਨੂੰ ਬਾਹਰ ਤੋਂ ਜਿੰਦਰ੍ਹਾ ਮਾਰ ਦਿੰਦਾ ਹੈ। ਰਾਹੁਲ ਅਤੇ ਰਾਹੁਲ ਦਾ ਸਾਰਾ ਪਰਿਵਾਰ ਅੰਦਰ ਹੀ ਕੈਦ ਹੋ ਜਾਂਦਾ ਹੈ। ਤੇਜਬੀਰ ਪੁਲਿਸ ਨੂੰ ਦਰਖਾਸਤ ਦੇ ਕੇ ਬੁਲਾ ਲੈਂਦਾ ਹੈ। ਰਾਹੁਲ ਅਤੇ ਉਸਦਾ ਪਰਿਵਾਰ ਪੁਲਿਸ ਨੂੰ ਦੇਖਕੇ ਉੱਚੀ-ਉੱਚੀ ਰੌਲਾ ਪਾਉਣ ਲੱਗ ਜਾਂਦੇ ਹਨ)

ਰਾਹੁਲ- ਜਨਾਬ ਅਸੀਂ ਇਸ ਘਰ ਨੂੰ ਖ੍ਰੀਦਣ ਲਈ ਆਪਣੀ ਇਕੱਠੀ ਕੀਤੀ ਹੋਈ ਸਾਰੀ ਜਿੰਦਗੀ ਦੀ ਪੂੰਜੀ ਤੇਜਬੀਰ ਨੂੰ ਦੇ ਦਿੱਤੀ ਹੈ ਅਤੇ ਤੇਜਬੀਰ ਅਤੇ ਉਸਦੇ ਪਰਿਵਾਰ ਨੇ ਸਾਡੇ ਨਾਲ ਠੱਗੀ ਮਾਰੀ ਹੈ ਅਤੇ ਤੇਜਬੀਰ ਨੇ ਸਾਨੂੰ ਸਾਡੇ ਹੀ ਘਰ ਵਿੱਚ ਕੈਦ ਕਰਕੇ ਪੁਲਿਸ ਨੂੰ ਸਾਡੇ ਖਿਲਾਫ ਝੂਠੀ ਦਰਖਾਸਤ ਦੇ ਕੇ ਬੁਲਾਇਆ ਹੈ।

ਪੁਲਿਸ- ਰਾਹੁਲ ਜੀ ਤੁਸੀਂ ਕਿੰਨੇ ਸਮੇਂ ਤੋਂ ਇਸ ਘਰ ਵਿੱਚ ਰਹਿ ਰਹੇ ਹੋ?

ਰਾਹੁਲ- ਜਨਾਬ ਪਿਛਲੇ ਕਈ ਸਾਲਾਂ ਤੋਂ ਮੈਂ ਇਸ ਘਰ ਵਿੱਚ ਰਹਿ ਰਿਹਾ ਹਾਂ। ਮੈਂ ਇਸ ਘਰ ਨੂੰ ਖ੍ਰੀਦਣ ਲਈ ਬਹੁਤ ਪੈਸੇ ਖ਼ਰਚੇ ਹਨ।

(ਰਾਹੁਲ ਨੂੰ ਪਤਾ ਨਹੀਂ ਸੀ ਕਿ ਤੇਜਬੀਰ ਅਤੇ ਤੇਜਬੀਰ ਦੇ ਪਰਿਵਾਰ ਨੂੰ ਰਾਹੁਲ ਅਤੇ ਰਾਹੁਲ ਦੇ ਪਰਿਵਾਰ ਉੱਤੇ ਉਦੋਂ ਹੀ ਸ਼ੱਕ ਹੋ ਗਿਆ ਸੀ ਜਦੋਂ ਉਨ੍ਹਾਂ ਨੇ ਪਕਵਾਨਾਂ ਦੀ ਇੱਛਾ ਜਾਹਿਰ ਕੀਤੀ ਸੀ। ਰਾਤ ਨੂੰ ਵੀ ਤੇਜਬੀਰ ਨੂੰ ਰਾਹੁਲ ਦੀਆਂ ਹਰਕਤਾਂ ਸ਼ੱਕੀ ਹੀ ਲੱਗ ਰਹੀਆਂ ਸਨ, ਇਸੇ ਲਈ ਰਾਤ ਨੂੰ ਹੀ ਤੇਜਬੀਰ ਨੇ ਘਰ ਦੀਆਂ ਸਾਰੀਆਂ ਚਾਬੀਆਂ ਆਪਣੇ ਹੱਥ ਵਿੱਚ ਕਰ ਲਈਆਂ ਸਨ ਅਤੇ ਤੇਜਬੀਰ ਨੇ ਘਰ ਵਿੱਚ ਕੈਮਰੇ ਵੀ ਲਗਾ ਰੱਖੇ ਸਨ। ਤੇਜਬੀਰ ਨੇ ਪੁਲਿਸ ਨੂੰ ਸਭ ਕੈਮਰੇ ਵਿੱਚ ਦਿਖਾਇਆ ਜੋ ਵੀ ਉੱਥੇ ਪਿਛਲੇ ਸਮੇਂ ਵਿੱਚ ਬੀਤਿਆ ਸੀ। ਤੇਜਬੀਰ ਨੇ ਰਾਹੁਲ ਅਤੇ ਰਾਹੁਲ ਦੇ ਪਰਿਵਾਰ ਦੇ ਖਿਲਾਫ ਸਾਰੇ ਸਬੂਤ ਇਕੱਠੇ ਕਰਕੇ ਪੁਲਿਸ ਨੂੰ ਦੇ ਦਿੱਤੇ ਸੀ।)

ਤੇਜਬੀਰ- ਮੈਂ ਨਹੀਂ ਤੂੰ ਨਿਕਲ ਬਾਹਰ

(ਅਖੀਰ ਪੁਲਿਸ ਨੇ ਰਾਹੁਲ ਅਤੇ ਰਾਹੁਲ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਬੰਦ ਕਰ ਦਿੱਤਾ।)

ਸਿੱਟਾ- ਜਿਸਨੂੰ ਘਰ ਬਣਾਉਣਾ ਆਉਂਦਾ ਹੈ ਉਸਨੂੰ ਸੰਭਾਲਣਾ ਵੀ ਆਉਂਦਾ ਹੁੰਦਾ ਹੈ। ਜਿਸ ਦੀ ਘਰ ਬਣਾਉਣ ਦੀ ਔਕਾਤ ਨਹੀਂ ਹੁੰਦੀ ਉਹ ਹਮੇਸ਼ਾਂ ਹੀ ਮਿੱਠੇ ਹੋ ਕੇ ਦੂਸਰੇ ਦੇ ਘਰ ਉੱਪਰ ਕਬਜ਼ਾ ਕਰਣ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ ਹੈ। ਇਹੋ ਜਿਹੀ ਕਮੀਨੀ ਸੋਚ ਦੇ ਯਾਰਾਂ ਤੋਂ ਜ਼ਰੂਰ ਬਚੋ ਜੀ।

ਰਸ਼ਪਿੰਦਰ ਕੌਰ ਗਿੱਲ

ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ-ਅੰਮ੍ਰਿਤਸਰ +91-9888697078

ਧੰਨਵਾਦ (Thanks)

ਰਸ਼ਪਿੰਦਰ ਕੌਰ ਗਿੱਲ (Rachhpinder Kaur Gill)

ਪ੍ਧਾਨ  (President)

ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)

Contact- +91-9888697078 (Whats app)

Previous articleਮਹਾਂ ਸ਼ਿਵਰਾਤਰੀ ਪਾਵਨ ਤਿਉਹਾਰ ਤੇ ਵਿਸ਼ੇਸ਼
Next article“ਪਿੰਡ ਨਹੀਓ ਭੁੱਲੇ”