ਕਹਾਣੀ:-  ਚੱਲ ਤੂੰ ਆਪਣੇ ਕਮਰੇ ਵਿਚ ਜਾਹ!  ਉਹ ਤਾਂ ਮੁੰਡਾ ਖੁੰਡਾ ਹੈ।

(ਜਸਪਾਲ ਜੱਸੀ)

(ਸਮਾਜ ਵੀਕਲੀ)-ਦੋ ਦਿਨਾਂ ਬਾਅਦ ਘਰ ਆਉਣ ‘ਤੇ ਰਾਣੀ ਨੇ ਆਪਣੇ ਪਿਤਾ “ਤੇਜਾ ਸਿੰਘ” ਨੂੰ ਮੰਜੇ ‘ਤੇ ਬੈਠਣ ਤੋਂ ਪਹਿਲਾਂ, ਜੋ ਆਪਣੀ ਕ੍ਰਿਪਾਨ ਉਤਾਰ ਕੇ ਮੰਜੇ ‘ਤੇ, ਸੱਜੇ ਹੱਥ ਰੱਖ ਰਿਹਾ ਸੀ ਨੂੰ, ਪਾਣੀ ਦਾ ਗਿਲਾਸ ਦੇਂਦਿਆਂ ਪੁੱਛਿਆ,”

ਬਾਪੂ ਜੀ ! ਦੋ ਦਿਨ,ਬਿਨਾਂ ਦੱਸੇ ਕਿੱਥੇ ਰਹੇ ? ਮੇਰੀ ਤਾਂ ਜਾਨ ਹੀ ਨਿੱਕਲ ਗਈ ਸੀ,ਸੋਚ ਸੋਚ ਕੇ।
ਬਾਪੂ ਨੇ ਆਪਣੀ ਬੇਟੀ ‘ਰਾਣੀ’ ਨੂੰ ਆਪਣੇ ਕੋਲ ਹੀ ਮੰਜੇ ‘ਤੇ ਆਪਣੇ ਖੱਬੇ ਪਾਸੇ ਬਿਠਾਉਂਦਿਆਂ ਤੇ ਸਿਰ ‘ਚ ਹੱਥ ਫੇਰਦਿਆਂ ਕਿਹਾ,”
ਮੈਂ ਕਿਸੇ ਅਜਿਹੇ ਕੰਮ ‘ਚ, ਫਸ ਗਿਆ ਸੀ ਰਾਣੋ !
ਜਿਸ ਬਾਰੇ ਕੁੜੀਆਂ ਨੂੰ ਨਹੀਂ ਦੱਸੀਂਦਾ।
ਹਾਂ ! ਜੇ ਤੇਰੀ ਮਾਂ ਹੁੰਦੀ,ਉਸ ਨੂੰ ਜ਼ਰੂਰ ਦੱਸ ਦਿੰਦਾ।
(ਰਾਣੋ ਨੇ ਆਪਣੇ ਬਾਪੂ ਵੱਲ ਹੈਰਾਨੀ ਨਾਲ ਦੇਖਿਆ)
“ਪਰ ਮਨਦੀਪ ਕਿੱਧਰੇ ਨਹੀਂ ਦਿਖ ਰਿਹਾ!” ਉਸ ਦੇ ਬਾਪੂ ਨੇ, ਪੁੱਤਰ ਨੂੰ ਘਰ ਨਾ ਦੇਖ ਕੇ, ਰਾਣੋ ਨੂੰ ਪੁੱਛਿਆ।
“ਬਾਪੂ ਜੀ ! ਤੁਹਾਡੇ ਘਰੋਂ, ਜਾਣ ਤੋਂ ਬਾਅਦ,ਮੈਥੋਂ ਇੱਕ ਬਹੁਤ ਵੱਡੀ ਗਲ਼ਤੀ ਹੋ ਗਈ। ਮੇਰਾ ਹੌਂਸਲਾ ਨਹੀਂ ਪੈ ਰਿਹਾ ਕਿ ਤੁਹਾਨੂੰ ਗੱਲ ਕਿਵੇਂ ਦੱਸਾਂ।”
“ਮੈਥੋਂ ਬਹੁਤ ਵੱਡੀ ਗਲ਼ਤੀ ਹੋ ਗਈ” ਸ਼ਬਦ ਸੁਣਦਿਆਂ ਹੀ ਬਾਪੂ ਦਾ ਹੱਥ ਕ੍ਰਿਪਾਨ ‘ਤੇ ਚਲਾ ਗਿਆ। ਰਾਣੀ ਇੱਕ ਦਮ ਘਬਰਾ ਕੇ ਮੰਜੇ ਤੋਂ ਉੱਠ ਗਈ।
ਉਸ ਦੇ ਬਾਪੂ ਦੇ ਹੱਥ ਵਿਚ ਤਲਵਾਰ ਦੇਖਦਿਆਂ ਹੀ ਉਸ ਦੀਆਂ ਅੱਖਾਂ ਦੇ ਸਾਹਮਣੇ ਕੱਲ੍ਹ ਟੈਲੀਵਿਜ਼ਨ ‘ਤੇ ਸੁਣੀ ਤੇ ਅਖ਼ਬਾਰ ਵਿਚ ਪੜ੍ਹੀ ਅੱਜ ਦੀ ਖ਼ਬਰ,ਸਾਹਮਣੇ ਆ ਗਈ ਕਿ “ਇੱਕ ਪਿਤਾ ਨੇ ਆਪਣੀ ਪੁੱਤਰੀ ਦਾ, ਦੋ ਦਿਨ,ਬਿਨਾਂ ਦੱਸੇ ਘਰ ਤੋਂ ਬਾਹਰ ਰਹਿਣ ‘ਤੇ, ਬੇਰਹਿਮੀ ਨਾਲ ਕਤਲ ਕਰ ਕੇ, ਮੋਟਰ ਸਾਈਕਲ ਨਾਲ ਬੰਨ੍ਹ ਕੇ,ਸਾਰੇ ਪਿੰਡ ਵਿਚ ਲਾਸ਼ ਨੂੰ ਘਸੀਟਿਆ ਤੇ ਫ਼ਿਰ ਲਾਸ਼ ਨੂੰ ਰੇਲਵੇ ਲਾਈਨ ‘ਤੇ ਸੁੱਟ ਦਿੱਤਾ”, ਦਾ ਸੀਨ ਯਾਦ ਆ ਗਿਆ।
ਉਸ ਦੇ ਪਿਤਾ ਨੇ ਜਦੋਂ ਉਸ ਨੂੰ ਪੁੱਛਿਆ,” ਕੀ ਗਲ਼ਤੀ ਹੋਈ,ਤਾਂ ਉਸ ਨੇ ਡਰਦਿਆਂ ਡਰਦਿਆਂ, ਪਿਤਾ ਦੀਆਂ ਰੋਹ ਭਰੀਆਂ ਅੱਖਾਂ ਤੋਂ ਅੱਖਾਂ ਬਚਾਉਂਦਿਆਂ ਕਿਹਾ,” ਪਿਤਾ ਜੀ ਗਲ਼ਤੀ ਮੈਥੋਂ ਨਹੀਂ ਹੋਈ, “ਵੀਰਾ”।
ਬਾਪੂ ਦਾ ‘ਵੀਰਾ’ ਸ਼ਬਦ ਸੁਣਦਿਆਂ ਹੀ ਤਲਵਾਰ ਤੋਂ ਹੱਥ ਢਿੱਲਾ ਪੈ ਗਿਆ।
“ਦੱਸ ਕੀ ਕੀਤਾ ਮਨਦੀਪ ਨੇ ?’
“ਬਾਪੂ ਜੀ ਸ਼ਰਮ ਆਉਂਦੀ ਹੈ ਦੱਸਦਿਆਂ।”
 ਫ਼ੇਰ ਵੀ ?
ਬਾਪੂ ਜੀ ! ਤੁਹਾਡੇ ਜਾਣ ਤੋਂ ਬਾਅਦ,ਉਹ ਇੱਕ ਕੁੜੀ ਨੂੰ ਘਰ ਲੈ ਆਇਆ,ਤੇ ਫ਼ਿਰ ਮੈਨੂੰ ਇਹ ਕਹਿ ਕੇ ਚਲਾ ਗਿਆ ਕਿ ਬਾਪੂ ਜੀ ਨੂੰ ਨਾ ਦੱਸੀਂ। ਅਸੀਂ ਬਾਹਰ ਘੁੰਮਣ ਚੱਲੇ ਆਂ, ਮੈਂ ਦੋ ਦਿਨਾਂ ਬਾਅਦ ਮੁੜੂੰ ਗਾ।
ਤੇਜਾ ਸਿੰਘ ਨੇ ਆਪਣੀ ਪੱਗ ਲਾਹ ਕੇ ਮੇਜ ‘ਤੇ ਰੱਖਦਿਆਂ ਤੇ ਦੁਮਾਲਾ ਠੀਕ ਕਰਦਿਆਂ ਕਿਹਾ,”
ਚੱਲ ਠੀਕ ਹੈ,ਕੋਈ ਗੱਲ ਨਹੀਂ। ਤੂੰ ਚੱਲ ਆਪਣੇ ਕਮਰੇ ‘ਚ ਜਾਹ! ਉਹ ਮੁੰਡਾ ਖੁੰਡਾ ਹੈ।”
ਆਪਣੇ ਕਮਰੇ ਵੱਲ ਜਾਂਦਿਆਂ,ਰਾਣੋ ਦੇ ਕੰਨਾਂ ਵਿਚ,ਆਪਣੇ ਪਿਤਾ ਦੇ ਬੇਸ਼ਰਮੀ ਭਰੇ ਸ਼ਬਦ, ਗੂੰਜ ਰਹੇ ਸਨ,”
“ਚੱਲ ਠੀਕ ਹੈ,
ਕੋਈ ਗੱਲ ਨਹੀਂ,
ਤੂੰ ਆਪਣੇ ਕਮਰੇ ਵਿਚ ਜਾਹ!
ਉਹ ਮੁੰਡਾ ਖੁੰਡਾ ਹੈ।”
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਵਿਤਾ
Next article* ਔਰਤ ਦਾ ਦਰਦ *