HOME ਸੂਬਾ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਤੇ ਨੀਅਤ ਸਾਫ ਦਿਖਾਈ ਨਹੀਂ ਦੇ...

ਸੂਬਾ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਤੇ ਨੀਅਤ ਸਾਫ ਦਿਖਾਈ ਨਹੀਂ ਦੇ ਰਹੀ : ਪਰਮਜੀਤ ਸਿੰਘ ਟੂਸਾ

ਪਰਮਜੀਤ ਸਿੰਘ ਟੂਸਾ

ਰਾਏਕੋਟ,  (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ): ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਸਕੀਮ ਤੇ ਨੀਅਤ ਸਾਫ ਦਿਖਾਈ ਨਹੀਂ ਦੇ ਰਹੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਆਗੂ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇੱਥੇ ਦੇ 80 ਪ੍ਰਤੀਸ਼ਤ ਪਰਿਵਾਰ ਖੇਤੀ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਢਿੱਡ ਭਰਦੇ ਹਨ। ਜੇਕਰ ਇਹ ਲੈਂਡ ਪੂਲਿੰਗ ਸਕੀਮ ਲਾਗੂ ਹੋ ਜਾਂਦੀ ਹੈ ਤਾਂ ਸੂਬੇ ਦੇ ਕਿਸਾਨਾਂ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਨਾਲ ਵਿਗੜ ਜਾਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਕੀਮ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਵਰਦਿਆਂ ਕਿਹਾ ਕਿ ਉਹ ਆਪਣੇ ਦਿੱਲੀ ਵਾਲੇ ਅਕਾਵਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ, ਜਿਸ ਤਰ੍ਹਾਂ ਉਹ ਕਹਿੰਦੇ ਹਨ, ਉਵੇਂ ਹੀ ਹੋ ਰਿਹਾ ਹੈ। ਭਾਜਪਾ ਆਗੂ ਟੂਸਾ ਨੇ ਕਿਹਾ ਕਿ ਆਪ ਪਾਰਟੀ ਸਰਕਾਰ ਔਰਤਾਂ ਨੂੰ ਇੱਕ ਹਜ਼ਾਰ ਰੁਪੈ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ, ਅੱਜ ਸਰਕਾਰ ਦੇ ਤਕਰੀਬਨ ਸਾਢੇ ਤਿੰਨ ਸਾਲ ਬੀਤ ਚੁੱਕੇ ਹਨ, ਪਰ ਔਰਤਾਂ ਨੂੰ ਇੱਕ ਹਜ਼ਾਰ ਅੱਜ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਆਪ ਦੀ ਝੂਠੀ ਸਰਕਾਰ ਨੇ ਸੂਬੇ ਦੀ ਜਨਤਾ ਤੋਂ ਇੱਕ ਮੌਕਾ, ਇੱਕ ਮੌਕਾ ਕਹਿ ਕੇ ਵੋਟਾਂ ਮੰਗੀਆਂ ਸਨ, ਪਰ ਸਰਕਾਰ ਬਣਨ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋ ਕੋਈ ਵੀ ਪੂਰਾ ਨਹੀਂ ਕੀਤਾ। ਟੂਸਾ ਨੇ ਕਿਹਾ ਕਿ ਆਪ ਦਾ ਦਿੱਲੀ ਵਿੱਚ ਲੋਕਾਂ ਨੇ ਭਾਜਪਾ ਨੂੰ ਜਿਤਾ ਕੇ ਅੰਤ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਪ ਸਰਕਾਰ ਦਾ ਅੰਤ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਬਾਰੇ ਵੀ ਚਾਨਣਾਂ ਪਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਜਰੀਵਾਲ ਭਗਵੰਤ ਭਜਾਉ ਜ਼ਮੀਨਾਂ ਬਚਾਉ- ਕਸ਼ਮੀਰ ਸਿੰਘ ਪੰਨੂ
Next articleਸਰਕਾਰ ਲੈਂਡ ਪੁਲਿੰਗ ਸਕੀਮ ਦੇ ਨਾਦਰਸ਼ਾਹੀ ਫੁਰਮਾਨ ਨੂੰ ਤੁਰੰਤ ਵਾਪਸ ਲਵੇ : ਕਿਸਾਨ ਆਗੂ