ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਵਿਖੇ ਸ਼੍ਰੀ ਸਹਿਜ ਪਾਠ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ ਵਕਤਾ ਸ. ਮਨਜੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ, ਉਨ੍ਹਾਂ ਦੀ ਸ਼ਹੀਦੀ ਅਤੇ ਸ਼ਹੀਦੀ ਦੇ ਮੂਲ ਕਾਰਣਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਗੁਰੂ ਜੀ ਨੇ ਧਰਮ ਅਤੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਆਪਣਾ ਸਿਰ ਵਾਰ ਕੇ ਵੀ ਸਿਧਾਂਤਾਂ ਤੋਂ ਡਿੱਗਣ ਨਾ ਦਿੱਤਾ। ਉਨ੍ਹਾਂ ਦੀ ਬਲਿਦਾਨੀ ਜਿੰਦਗੀ ਪੂਰੇ ਸੰਸਾਰ ਲਈ ਰਾਹਦਾਰੀ ਹੈ। ਸ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਹਿਜ ਪਾਠ ਦੀ ਮਹੱਤਤਾ ਬਾਰੇ ਵੀ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਨਿਰੰਤਰ ਅਭਿਆਸ ਮਨੁੱਖ ਦੇ ਅੰਦਰ ਆਤਮਕ ਸ਼ਕਤੀ, ਧੀਰਜ ਅਤੇ ਜੀਵਨ ਦੀ ਸਹੀ ਦਿਸ਼ਾ ਪ੍ਰਗਟ ਕਰਦਾ ਹੈ। ਸਹਿਜ ਪਾਠ ਮਨੁੱਖ ਨੂੰ ਅੰਦਰੋਂ ਮਜਬੂਤ ਕਰਦਾ ਹੈ ਅਤੇ ਹਰ ਸਥਿਤੀ ਵਿੱਚ ਅਕਾਲ ਪੁਰਖ ਨਾਲ ਜੋੜਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਨੈਤਿਕ ਤੇ ਆਤਮਿਕ ਅਹਿਮ ਪੱਖਾਂ ਬਾਰੇ ਉਪਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਲਈ ਗੁਰਬਾਣੀ ਦੀ ਸਿੱਖਿਆ ਅਮਲ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਸਮਾਜਿਕ ਅਤੇ ਨੈਤਿਕ ਰੂਪ ਵਿੱਚ ਮਜਬੂਤ ਹੋ ਸਕਣ। ਸੈਮੀਨਾਰ ਅੰਤ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸਹਿਜ ਪਾਠ ਕਰਨ ਲਈ ਆਪਣੇ ਨਾਮ ਦਰਜ ਕਰਵਾਏ, ਜੋ ਉਨ੍ਹਾਂ ਦੇ ਗੁਰਬਾਣੀ ਪ੍ਰਤੀ ਸ਼ਰਧਾ ਅਤੇ ਆਤਮਕ ਰੁਝਾਨ ਨੂੰ ਦਰਸਾਉਂਦਾ ਹੈ। ਇਹ ਸੈਮੀਨਾਰ ਵਿਦਿਆਰਥੀਆਂ ਲਈ ਇੱਕ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ, ਜਿਸ ਰਾਹੀਂ ਉਨ੍ਹਾਂ ਨੇ ਸਿੱਖ ਇਤਿਹਾਸ, ਗੁਰਬਾਣੀ ਅਤੇ ਆਪਣੇ ਅੰਦਰ ਆਤਮਕ ਚੇਤਨਾ ਨੂੰ ਵਧਾਉਣ ਬਾਰੇ ਅਮੂਲਕ ਜਾਣਕਾਰੀ ਹਾਸਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



