ਸ੍ਰੀ ਅਨੰਦਪੁਰ ਸਾਹਿਬ, (ਸਮਾਜ ਵੀਕਲੀ) (ਮਲਕੀਤ ਸਿੰਘ) – ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ‘ਚ ਖਾਲਸਾ ਜਾਹੋ- ਜਲਾਲ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ – ਮਹੱਲਾ ਪੂਰੇ ਜੋਸ਼ੋ ਖਰੋਸ਼ ਨਾਲ ਆਰੰਭ ਹੋ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਪ੍ਰਮੁੱਖ ਮਾਰਗਾਂ ਰਾਹੀਂ ਅੱਜ ਵੱਡੀ ਗਿਣਤੀ ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਵੱਖ-ਵੱਖ ਵਾਹਨਾਂ ਅਤੇ ਜਥਿਆਂ ਦੇ ਰੂਪ ‘ ਚ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦੀਆਂ ਨਜ਼ਰੀ ਆਈਆਂ। ਭਾਵੇਂ ਕਿ ਹੋਲਾ ਮਹੱਲਾ 15 ਮਾਰਚ ਨੂੰ ਮਨਾਇਆ ਜਾਣਾ ਹੈ, ਪ੍ਰੰਤੂ ਪਿਛਲੇ ਦੋ ਦਿਨਾਂ ਤੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਦਾ ਸ੍ਰੀ ਅਨੰਦਪੁਰ ਸਾਹਿਬ ਵੱਲ ਵਹੀਰਾਂ ਘੱਤਣ ਦਾ ਸਿਲਸਿਲਾ ਲਗਾਤਾਰ ਵੱਧ ਰਿਹੈ ਮਹਿਸੂਸ ਹੋ ਰਿਹਾ ਹੈ। ਅੰਮ੍ਰਿਤਸਰ ਜਲੰਧਰ ਸ੍ਰੀ ਅਨੰਦਪੁਰ ਸਾਹਿਬ ਦੇ ਤਕਰੀਬਨ 200 ਕਿਲੋਮੀਟਰ ਲੰਬੇ ਪ੍ਰਮੁੱਖ ਮਾਰਗ ਦੇ ਰਸਤੇ ਚ ਪੈਂਦੇ ਪਿੰਡਾਂ ਸ਼ਹਿਰਾਂ ਦੀਆਂ ਸਥਾਨਕ ਸੰਗਤਾਂ ਵੱਲੋਂ ਤਕਰੀਬਨ 100 ਤੋਂ ਵੱਧ ਥਾਵਾਂ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦੇ ਨਾਲ ਨਾਲ ਗੰਨੇ ਦੇ ਤਾਜ਼ਾ ਰਸ ਦੇ ਲੰਗਰਾਂ ਦੇ ਬੜੀ ਹੀ ਸ਼ਰਧਾ ਭਾਵਨਾ ਨਾਲ ਕੀਤੇ ਗਏ ਪ੍ਰਬੰਧ ਸਲਾਘਾਯੋਗ ਸਨ। ਜਿੱਥੇ ਕਿ ਸਥਾਨਕ ਸੇਵਾਦਾਰਾਂ ਵੱਲੋਂ ਬੜੇ ਹੀ ਸਤਿਕਾਰ ਸਹਿਤ ਵੱਖ-ਵੱਖ ਸੰਗਤਾਂ ਦੇ ਵਾਹਨਾਂ ਨੂੰ ਰੋਕ ਕੇ ਛਕਾਏ ਜਾਣ ਵਾਲੇ ਲੰਗਰਾਂ ਨਾਲ ਸਮੁੱਚਾ ਮਾਹੌਲ ਬੜਾ ਹੀ ਦਿਲਕਸ਼ ਬਣਿਆ ਮਹਿਸੂਸ ਹੋਇਆ। ਵੱਖ-ਵੱਖ ਵਾਹਨਾਂ ਖਾਸ ਕਰਕੇ ਨੌਜਵਾਨਾਂ ਵੱਲੋਂ ਆਪਣੇ ਦੋ ਪਹੀਆ ਵਾਹਨਾਂ ਤੇ ਲਗਾਏ ਗਏ ਕੇਸਰੀ ਅਤੇ ਨੀਲੇ ਰੰਗ ਦੇ ਝੰਡਿਆਂ ਦੀ ਬਹੁਤਾਤ ਨਾਲ ਸੱਚਮੁੱਚ ਖਾਲਸਾਈ ਦ੍ਰਿਸ਼ ਸਿਰਜਿਆਂ ਨਜਰੀ ਆ ਰਿਹਾ ਸੀ। ਸ੍ਰੀ ਅਨੰਦਪੁਰ ਸਾਹਿਬ ਨੂੰ ਆਉਂਦੇ ਵੱਖ-ਵੱਖ ਪ੍ਰਮੁੱਖ ਮਾਰਗਾਂ ਤੇ ਆਵਾਜਾਈ ਨਿਰਵਿਘਨ ਚਲਦੀ ਰੱਖਣ ਲਈ ਸਿਵਲ ਅਤੇ ਪੁਲਿਸ ਵੱਲੋਂ ਉਚਿਤ ਪ੍ਰਬੰਧ ਕੀਤੇ ਗਏ ਹਨ। ਤਾਜਾ ਵੇਰਵਿਆਂ ਮੁਤਾਬਕ ਅਗਲੇ ਦੋ ਦਿਨਾਂ ਤੀਕ ਹੋਲੇ ਮਹੱਲੇ ਚ ਸ਼ਾਮਿਲ ਹੋਣ ਲਈ ਪੰਜਾਬ ਅਤੇ ਬਾਹਰਲੇ ਇਲਾਕਿਆਂ ਤੋਂ ਵੱਡੀ ਗਿਣਤੀ ਚ ਸੰਗਤਾਂ ਦਾ ਇੱਥੇ ਆ ਕੇ ਵੱਖ ਵੱਖ ਗੁਰੂ ਘਰਾਂ ਚ ਨਤ ਮਸਤਕ ਹੋਣ ਦੀ ਸੰਭਾਵਨਾ ਹੈ। ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ ਵੱਖ ਕਾਰ ਸੇਵਾ ਸੰਪਰਦਾਵਾਂ ਵੱਲੋਂ ਆਪੋ ਆਪਣੇ ਤੌਰ ਤੇ ਸੰਗਤਾਂ ਦੀ ਰਿਹਾਇਸ਼ ਲੰਗਰ ਅਤੇ ਹੋਰਨਾਂ ਸਹੂਲਤਾਂ ਦੇ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ ਹੋਲੇ ਮਹੱਲੇ ਦੌਰਾਨ ਚੌਕਸੀ ਬਣਾਈ ਰੱਖਣ ਦੇ ਨਾਲ ਨਾਲ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਰੂਪਨਗਰ ਜਿਲੇ ਦੀ ਪੁਲਿਸ ਤੋਂ ਇਲਾਵਾ ਦੂਸਰਿਆਂ ਜਿਲ੍ਹਿਆਂ ਦੀ ਪੁਲਿਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ
ਗੜ – ਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਮਾਰਗ ਸੁਖਾਲਾ ਹੋਇਆ ਕਾਰ ਸੇਵਾ ਸੰਪਰਦਾਇ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪਿਛਲੇ ਇੱਕ ਸਾਲ ਤੋਂ ਸੰਗਤਾਂ ਦੇ ਸਹਿਯੋਗ ਨਾਲ ਗੜ- ਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜੋੜ ਦੀ ਪੁਰਾਤਨ ਸੜਕ ਨੂੰ ਚਹੁਮਾਰਗੀ ਬਣਾਈ ਜਾਣ ਦੀ ਚਲਾਈ ਜਾ ਰਹੀ ਸੇਵਾ ਦੌਰਾਨ ਤਿਆਰ ਕੀਤੇ ਕੁਝ ਕਿਲੋਮੀਟਰ ਰਸਤੇ ਕਾਰਨ ਉਥੋਂ ਵੱਡੀ ਗਿਣਤੀ ਚ ਗੁਜਰਨ ਵਾਲੇ ਸੰਗਤਾਂ ਦੇ ਵਾਹਨਾਂ ਨੂੰ ਕਾਫੀ ਸੁਖਾਲਾ ਮਹਿਸੂਸ ਹੋਇਆ ਹੈ। ਬਹੁ ਗਿਣਤੀ ਸੰਗਤਾਂ ਵੱਲੋਂ ਕਾਰ ਸੇਵਾ ਸੰਪਰਦਾਇ ਕਿਲਾ ਅਨੰਦਗੜ੍ਹ ਸਾਹਿਬ ਦੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj