ਬਾਬਾ ਇਲਤੀ ਦੀ ਅੱਖੀਂ ਦੇਖੀ ਵਿਸ਼ੇਸ਼ ਰਿਪੋਰਟ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

15 ਅਗਸਤ ਦਾ ਦਿਨ ਸੀ। ਦੇਸ਼ ਵਿੱਚ ਸਰਕਾਰੀ ਪੱਧਰ ਉੱਤੇ ਸਮਾਗਮ ਕੀਤੇ ਜਾ ਰਹੇ ਸਨ। ਮਹਾਂਨਗਰ ਦਾ ਰੂਪ ਧਾਰ ਰਹੇ ਸ਼ਹਿਰ ਵਿੱਚ ਰਾਜਸੀ ਪਾਰਟੀ ਵੱਲੋਂ ਮੁਹੱਲਿਆਂ ਨਗਰਾਂ ਵਿੱਚ ਵੀ ਇਹ ਦਿਨ ਮਨਾਇਆ ਜਾ ਰਿਹਾ ਸੀ। ਕਾਂਗਰਸ ਪਾਰਟੀ ਦਾ ਇੱਕ ਲੰਬਾ ਇਤਿਹਾਸ ਹੈ। ਇਸ ਨੇ ਦੇਸ਼ ਦੀ ਆਜ਼ਾਦੀ ਲੈਣ ਲਈ ਸੰਘਰਸ਼ ਵੀ ਕੀਤਾ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਵਧੇਰੇ ਸਮਾਂ ਦੇਸ਼ ਉੱਤੇ ਇਸ ਨੇ ਰਾਜ ਵੀ ਕੀਤਾ।
ਰਾਜ ਕਰਦਿਆਂ ਇਸ ਨੇ ਦੇਸ਼ ਨੂੰ ਤਬਾਹੀ ਦੇ ਕੰਢਿਆਂ ਤੱਕ ਲੈ ਜਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਇਸ ਦੇ ਪੁਰਾਣੇ ਲੀਡਰਾਂ ਦਾ ਨਾਂਅ ਭ੍ਰਿਸ਼ਟ ਲੀਡਰਾਂ ਦੇ ਤੌਰ ਤੇ ਲਿਆ ਜਾਂਦਾ ਹੈ। ਇਸ ਪਾਕਿ ਪਵਿੱਤਰ ਪਾਰਟੀ ਵਿੱਚ ਏਨਾ ਭ੍ਰਿਸ਼ਟਾਚਾਰ ਕਿਵੇਂ ਆਇਆ ਹੈ? ਇਹ ਵੱਖਰਾ ਵਿਸ਼ਾ ਹੈ, ਪਰ ਇੱਥੇ ਅਸੀਂ ਇਸ ਪਾਰਟੀ ਵੱਲੋਂ ਮਨਾਈ 26 ਜਨਵਰੀ ਤੇ 15 ਅਗਸਤ ਬਾਰੇ ਗੱਲ ਕਰਾਂਗੇ। ਇਸ ਸਾਰੀ ਗੱਲ ਨੂੰ ਦ੍ਰਿਸ਼ ਵਰਨਣ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਸ਼ਹਿਰ ਦਾ ਕੋਈ ਇੱਕ ਨਗਰ ਹੈ। ਨਗਰ ਨੂੰ ਜਾਂਦੀ ਮੁੱਖ ਸੜਕ ਉੱਤੇ ਸ਼ਮਿਆਨੇ ਲਾ ਕੇ ਇਸਨੂੰ ਪੂਰੀ ਤਰਾਂ ਬੰਦ ਕੀਤਾ ਹੋਇਆ ਸੀ। ਡਬਲਸਟੇਜ ਬਣੀ ਹੋਈ ਸੀ। ਸੜਕ ਦੇ ਉੱਤੇ ਦਰੀਆਂ ਵਿਛਾਈਆਂ ਹੋਈਆਂ ਸਨ। ਉਸ ਤੋਂ ਪਿੱਛੇ ਡੇਢ ਸੌ ਕੁਰਸੀ ਸੀ। ਦਰੀਆਂ ਦੇ ਉੱਤੇ ਦੇਸ਼ ਦਾ ਬਚਪਨ ਬੈਠਾ ਸੀ। ਕੁਰਸੀਆਂ ਦੇ ਉੱਤੇ ਜਵਾਨੀ ਬੈਠੀ ਸੀ। ਆਲੇ-ਦੁਆਲੇ ਕੁੱਝ ਬੀਬੀਆਂ ਦਾਹੜੀਆਂ ਵਾਲੇ ਵੀ ਖੜੇ ਸਨ। ਮਕਾਨਾਂ ਦੇ ਬਨੇਰਿਆਂ ਉੱਤੇ ਸੁਆਣੀਆਂ ਬਿਰਾਜਮਾਨ ਸਨ। ਪੰਡਾਲ ਵਿੱਚ ਕੁੱਲ ਮਿਲਾ ਕੇ ਢਾਈ ਤਿੰਨ ਸੌ ਦਾ ਇਕੱਠ ਸੀ।

ਸਟੇਜ ਉੱਤੇ ਪਿਛਲੇ ਪੱਲੇ ਨਾਲ ਕਾਂਗਰਸ ਪਾਰਟੀ ਦਾ ਬੈਨਰ ਲਟਕ ਰਿਹਾ ਸੀ, ਜਿਸ ਵਿੱਚ ਮੁਹੱਲਾ ਪ੍ਰਧਾਨ ਤੇ ਹੋਰ ਪ੍ਰਬੰਧਕਾਂ ਦੇ ਨਾਵਾਂ ਤੋਂ ਬਿਨਾਂ ਅੱਜ ਦੇ ਮੁੱਖ ਮਹਿਮਾਨ ਦਾ ਨਾਂਅ ਚਮਕ ਰਿਹਾ ਸੀ। ਇੱਕ ਪਾਸੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਤੇ ਦੂਜੇ ਪਾਸੇ ਮਹਾਤਮਾ ਗਾਂਧੀ ਉਰਫ਼ ਬਾਪੂ ਗਾਂਧੀ ਜੀ ਦੀ ਤਸਵੀਰ ਲਟਕ ਰਹੀ ਹੈ। ਉਨਾਂ ਦੁਆਲੇ ਫੁੱਲਾਂ ਦੇ ਹਾਰ ਪਾਏ ਹੋਏ ਹਨ।

ਸਟੇਜ ਉੱਤੇ ਲੱਗੀਆਂ ਕੁਰਸੀਆਂ ਤੇ ਨਗਰ ਦੇ ਮੋਹਤਬਰ ਵਿਅਕਤੀ ਬੈਠੇ ਸਨ। ਸਾਹਮਣੇ ਉਨਾਂ ਦੇ ਇਸਤਰੀ ਵਿੰਗ ਦੀਆਂ ਮਸ਼ਹੂਰ ਹਸਤੀਆਂ ਬਿਰਾਜਮਾਨ ਹਨ। ਸਾਉਂਡ ਦੀ ਆਵਾਜ਼ ਕੰਨਾਂ ਦੇ ਕੀੜੇ ਕੱਢ ਰਹੀ ਹੈ। ਸਟੇਜ ਦੇ ਅਗਲੇ ਹਿੱਸੇ ਉੱਤੇ ਇੱਕ ਖ਼ੂਬਸੂਰਤ ਮੁਟਿਆਰ ਨੱਚ ਰਹੀ ਹੈ। ਚਿੱਤਰਹਾਰ ਚੱਲ ਰਿਹਾ ਹੈ। ਮੁਟਿਆਰ ਦੀਆਂ ਕਾਮੁਕ ਅਦਾਵਾਂ ਦਾ ਨਜ਼ਾਰਾ ਦੇਖਣ ਲਈ ਭੀੜ ਅੱਖਾਂ ਗੱਡੀ ਬੈਠੀ ਹੈ। ਕੋਈ ਵੀ ਅੱਖ ਨਹੀਂ ਸੀ ਝਮਕ ਰਿਹਾ। ਜੁਆਨ ਤਾਂ ਉਸਨੂੰ ਦੇਖ ਕੇ ਸੁਪਨਿਆਂ ਦੀ ਦੁਨੀਆਂ ਵਿੱਚ ਗੁਆਚੇ ਲੱਗਦੇ ਹਨ।

ਪੰਡਾਲ ਵਿਚਲੀ ਭੀੜ ਦੇਖ ਕੇ ਸਥਾਨਕ ਲੀਡਰ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ -ਆਪ ਨੂੰ ਐਮ. ਐਲ. ਏ. ਬਣਿਆ ਮਹਿਸੂਸ ਕਰ ਰਿਹਾ ਹੈ। ਉਸਦੇ ਚਿਹਰੇ ਉੱਤੇ ਰੌਣਕ ਦੇਖਣ ਵਾਲੀ ਹੈ। ਹਰ ਗੀਤ ਤੋਂ ਬਾਅਦ ਕੋਈ ਲੀਡਰ ਭਾਸ਼ਣ ਝਾੜਦਾ ਹੈ। ਭੀੜ ਵਿੱਚੋਂ ਇੱਕ ਦੋ ਘੜੀ ਦੇਖ ਖਿਸਕਦੇ ਹਨ। ਦੁਪਹਿਰ ਦੇ ਦੋ ਵਜ ਰਹੇ ਹਨ ਤੇ ਇਹ ਸਿਲਸਿਲਾ ਚੱਲ ਰਿਹਾ ਹੈ। ਠੰਢ ਪੂਰੇ ਜੋਬਨ ‘ਤੇ ਹੈ ਪਰ ਸਟੇਜ ਉੱਤੇ ਕੈਬਰੇ ਡਾਂਸ ਕਰ ਰਹੀ ਮੁਟਿਆਰ ਮੁੜਕੋ-ਮੁੜਕੀ ਹੋਈ ਪਈ ਹੈ, ਭਾਵੇਂ ਉਸਦੇ ਅਹਿਮ ਅੰਗ ਹੀ ਲੁਕੇ ਹੋਏ ਹਨ। ਉਸਦਾ ਬਾਕੀ ਜਿਸਮ ਭੀੜ ਦੀਆਂ ਅੱਖਾਂ ਨੇ ਢਕਿਆ ਹੋਇਆ ਹੈ।

ਇਸ ਸਮਾਗਮ ਦਾ ਮੁੱਖ ਮਹਿਮਾਨ ਕਿਸੇ ਸਮੇਂ ਕੈਬਿਨਟ ਮੰਤਰੀ ਰਿਹਾ ਹੈ। ਇਹ ਉਸਦਾ ਆਪਣਾ ਇਲਾਕਾ ਹੈ। ਇਸ ਲਈ ਹਰ ਸਮਾਗਮ ਵਿੱਚ ਹਾਜ਼ਰੀ ਲਵਾ ਕੇ ਆਉਣੀ ਉਸਦਾ ਫ਼ਰਜ਼ ਹੈ। ਉਨਾਂ ਦੇ ਆਉਣ ਬਾਰੇ ਵਾਰ ਵਾਰ ਮੋਬਾਇਲ ਫ਼ੋਨ ਉੱਤੇ ਪ੍ਰਬੰਧਕਾਂ ਨੂੰ ਉਸਦਾ ਪੀ ਏ ਦਸ ਰਿਹਾ ਹੈ। ਡਾਂਸ ਕਰਨ ਵਾਲੀ ਮੁਟਿਆਰ ਵੀ ਦੋ ਵਜੇ ਤੋਂ ਚਿੱਤਰਗੀਤ ਤੇ ਡਾਂਸ ਕਰਕੇ ਭੀੜ ਨੂੰ ਰੋਕੀ ਬੈਠੀ ਹੈ।

ਭੀੜ ਇੱਕ ਦੂਜੇ ਦੇ ਸਿਰਾਂ ਉੱਤੇ ਮੋਢਿਆਂ ਉੱਤੇ ਅੱਡੀਆਂ ਚੁੱਕ-ਚੁੱਕ ਕੇ ਸਟੇਜ ਦੀ ਇੱਕ ਝਲਕ ਦੇਖਣ ਲਈ ਇੱਕ ਦੂਜੇ ਦੇ ਕੂਹਣੀਆਂ ਮਾਰ ਰਹੀ ਹੈ। ਸਮਾਂ ਚਾਰ ਵਜੇ ਤੋਂ ਉੱਤੇ ਹੋ ਗਿਆ ਹੈ। ਭੀੜ ਘਟਣ ਦੀ ਬਜਾਏ ਵੱਧ ਰਹੀ ਹੈ। ਵਿਚੋਂ ਕਈ ਉੱਠ ਖੜਦੇ ਹਨ। ਮਿੱਠਾ ਮਿੱਠਾ ਰੌਲਾ ਪੈਂਦਾ ਹੈ। ਸਟੇਜ ਸਕੱਤਰ ਸਟੇਜ ‘ਤੇ ਹਾਜ਼ਰ ਹੁੰਦਾ ਹੈ। ”ਦੋਸਤੋਂ ਬੈਠੋ ਅਜੇ ਪ੍ਰੋਗਰਾਮ ਖ਼ਤਮ ਨਹੀਂ ਹੋਇਆ। ਆਪਣੀ ਡਾਂਸਰ ਤਾਂ ਥੱਕੀ ਨਹੀਂ ਤੁਸੀਂ ਬੈਠੇ ਹੀ ਥੱਕ ਗਏ। ਸ਼ਾਂਤੀ ਨਾਲ ਬੈਠੋ ਤੇ ਇਸ ਤੋਂ ਅਗਲੇ ਚਿੱਤਰਗੀਤ ਦਾ ਆਨੰਦ ਮਾਣੋ।”

”ਇੱਕ ਕੁੜੀ ਜ਼ਹਿਰ ਦੀ ਪੁੜੀ, ਸਾਹਮਣੇ ਰਹਿੰਦੀ ਓਏ” ਗੀਤੇ ਦੇ ਬੋਲ ਪੰਡਾਲ ਵਿੱਚ ਗੂੰਜਦੇ ਹਨ। ਸਾਹਮਣੇ ਚੁਬਾਰੇ ਦੇ ਬਰਾਮਦੇ ਵਿੱਚ ਖੜੀਆਂ ਮੁਟਿਆਰਾਂ ਮੂੰਹ ਉੱਤੇ ਚੁੰਨੀਆਂ ਲੈ ਕੇ ਇੱਕ ਦੂਜੇ ਨੂੰ ਸੈਨਤ ਮਾਰ ਕੇ ਹੱਸਦੀਆਂ ਪੰਡਾਲ ਵਿਚੋਂ ਆਪਣੇ ਸੁਪਨਿਆਂ ਦੇ ਰਾਜਕੁਮਾਰ ਨੂੰ ਲੱਭਦੀਆਂ ਲੱਗਦੀਆਂ ਹਨ। ਹਰ ਗੀਤ ਚੜ•ਦੇ ਤੋਂ ਚੜ•ਦਾ ਸੀ। ਪੌਪ ਸੰਗੀਤ ਵਿੱਚ ਗਾਣਿਆਂ, ਕੈਸਿਟ ਕਲਚਰ ਦਾ ਹਰ ਨਜ਼ਾਰਾ ਸਟੇਜ ਉੱਤੇ ਭੀੜ ਨੂੰ ਰੋਕਣ ਲਈ ਵਰਤਿਆ ਜਾ ਰਿਹਾ ਹੈ।

ਪੰਡਾਲ ਤੋਂ ਬਾਹਰ ਪੁਲਿਸ ਕਰਮਚਾਰੀ ਕਿਸੇ ਸ਼ੱਕੀ ਉੱਤੇ ਨਜ਼ਰ ਰੱਖਣ ਤੋਂ ਬਿਨਾ ਸਟੇਜ ਉੱਤੇ ਡਾਂਸ ਕਰ ਰਹੀ ਡਾਂਸਰ ਉੱਤੇ ਅੱਖਾਂ ਗੱਡੀ ਬੈਠੇ ਝੂਮ ਰਹੇ ਹਨ। ਪ੍ਰਬੰਧਕਾਂ ਵੱਲੋਂ ਉਸ ਵਲੋਂ ਕੀਤੀ ਗਈ ਸੁਰੱਖਿਆ ਬਾਰੇ ਸੋਹਿਲੇ ਗਾਏ ਜਾ ਰਹੇ ਹਨ। ਹਰ ਕੋਈ ਬੁਲਾਰਾ ਮੌਜੂਦਾ ਸਰਕਾਰ ਦੀਆਂ ਖਾਮੀਆਂ ਬਾਰੇ ਜ਼ੋਰ-ਸ਼ੋਰ ਨਾਲ ਬੋਲਦਾ ਸੀ। ਕਾਂਗਰਸ ਦੀਆਂ ਪ੍ਰਾਪਤੀਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖੇ ਇਤਿਹਾਸ ਬਾਰੇ ਵੀ ਇੱਕ ਦੋ ਬੋਲ ਬੋਲੇ ਜਾਂਦੇ ਹਨ।

ਸਟੇਜ ਸਕੱਤਰ ਬੁਲਾਰੇ ਨੂੰ ਗੱਲ ਖ਼ਤਮ ਕਰਨ ਦਾ ਇਸ਼ਾਰਾ ਕਰਦਾ ਹੈ। ਬੁਲਾਰਾ ਆਪਣੀ ਗੱਲ ਨੂੰ ਸੰਖੋਪ ਕਰਦਾ ਹੋਇਆ ”ਜੈ ਹਿੰਦ” ਆਖ ਮਾਇਕ ਸਟੇਜ ਸਕੱਤਰ ਦੇ ਹਵਾਲੇ ਕਰਦਾ ਹੈ। ਸਟੇਜ ਸਕੱਤਰ ਪੂਰੇ ਰੌਂਅ ਵਿੱਚ ਹੈ। ਬੋਲਦਾ ਹੈ ‘ਦੋਸਤੋ ਜਿਨਾਂ ਦਾ ਸਾਨੂੰ ਇੰਤਜ਼ਾਰ ਸੀ, ਉਹ ਸਾਡੇ ਕੋਲ ਪੁੱਜ ਗਏ ਹਨ। ਉਨਾਂ ਦਾ ਵਿਚਾਰ ਸੁਣ ਕੇ ਆਪਾਂ ਪ੍ਰੋਗਰਾਮ ਖ਼ਤਮ ਕਰਨਾ ਹੈ। ਉਨਾਂ ਦੇ ਚਾਹ ਪੀਂਦਿਆਂ ਤੁਸੀ ਵੀ ਆਪਣੀ ਠੰਢ ਦੂਰ ਕਰੋ। ਦੇਖੋ ਅਲਗਾ ਚਿੱਤਰਗੀਤ।’

”ਗੱਡੇ ਤੇ ਨਾ ਚੜ•ਦੀ ਗਡੀਹਰੇ ਤੇ ਨਾ ਚੜ•ਦੀ, ਛੜਿਆਂ ਦੇ ਟੱਟੂ ਤੇ ਟੱਪ ਚੜਦੀ ਬੋਲੋ ਤਾਰਾ ਰਾਰਾ” ਡਾਂਸਰ ਨਾਲ ਅਦਾਕਾਰੀ ਵੀ ਕਰ ਰਹੀ ਹੈ। ਉਸਦੇ ਡੱਡੂ ਛੱੜਪੇ ਭੀੜ ਨੂੰ ਖੁਸ਼ ਕਰ ਰਹੇ ਹਨ। ਭੀੜ ਸਟੇਜ ਉੱਤੇ ਡਾਂਸ ਕਰ ਰਹੀ ਮੁਟਿਆਰ ਵੱਲ ਅੱਖਾਂ ਗੱਡੀ ਮੰਤਰਮੁਗਧ ਹੋਈ ਸੁਣਦੀ ਹੈ। ਪੰਡਾਲ ਵਿੱਚ ਦਲੇਰ ਮਹਿੰਦੀ ਦਾ ਗੀਤ ਪੂਰੀ ਤਰ•ਾਂ ਚੀਕ ਰਿਹਾ ਸੀ।

ਡਾਂਸਰ ਆਪਣੀਆਂ ਕਾਮੁਕ ਅਦਾਵਾਂ ਨਾਲ ਸਟੇਜ ਉੱਤੇ ਡੱਡੂ ਛੱੜਪੇ ਮਾਰ ਰਹੀ ਸੀ। ਸਟੇਜ ਉੱਤੇ ਡਾ. ਭੀਮ ਰਾਓ ਅੰਬੇਡਕਰ ਤੇ ਮਹਾਤਮਾ ਗਾਂਧੀ ਜੀ ਦੀਆਂ ਤਸਵੀਰਾਂ ਇਸ ਤਰ•ਾਂ ਹਿਦੀਆਂ ਪ੍ਰਤੀਤ ਹੋ ਰਹੀਆਂ ਸਨ, ਜਿਵੇਂ ਇਹ ਦੋਵੇਂ ਹੀ ਮਹਾਨ ਆਗੂ ਸਟੇਜ ਉੱਤੇ ਹੋ ਰਹੇ ਡਾਂਸ ਤੋਂ ਲੁਕ ਰਹੇ ਹੋਣ। ਉਹ ਆਪਣਾ ਆਪ ਫੁੱਲਾਂ ਹੇਠ ਲੁਕਾ ਰਹੇ ਸਨ, ਪਰ ਉਨ•ਾਂ ਦੀ ਕੋਈ ਵਾਹ ਨਹੀਂ ਚਲ ਰਹੀ ਸੀ।

ਸਥਾਨਕ ਆਗੂ ਇੱਕ ਦੂਸਰੇ ਤੋਂ ਅੱੰਗੇ ਹੋ ਕੇ ਤਸਵੀਰਾਂ ਖਿਚਵਾ ਰਹੇ ਹਨ। ਜਿਹੜੀਆਂ ਦੂਸਰੇ ਦਿਨ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਣੀਆਂ ਸਨ। ਇਹ ਸਭ ਕੁੱਝ ਦੇਖ ਕੇ ਇੱਕ ਬਾਬਾ ਬੋਲ ਹੀ ਪਿਆ, ”ਇਹ ਸਾਲਾ ਕੀ ਕੰਜ਼ਰ ਘਾਟ ਬਣਾਇਆ ਇਨ•ਾਂ ਨੇ। ਕੀ ਸਾਡਾ ਸੱਭਿਆਚਾਰ ਇਹੋ ਜਿਹਾ ਹੋ ਗਿਆ ਕਿ ਅਸੀਂ ਤਮਾਸ਼ਬੀਨ ਬਣੇ ਬੈਠੇ ਰਹੀਏ। ਆ ਸਾਡੀ ਧੀਆਂ ਵਰਗੀ ਆ। ਮੈਂ ਕਹਿਨਾ ਜਿੰਨੇ ਸਟੇਜ ਉੱਤੇ ਘੜੰਮ ਚੌਧਰੀ ਬਣੇ ਬੈਠੇ ਆ, ਇਹ ਆਪਣੀਆਂ ਧੀਆਂ ਭੈਣਾਂ ਨੂੰ ਨਚਾ ਕੇ ਵੇਖਣ ਫੇਰ ਪਤਾ ਲੱਗੂ।” ਬਾਬੇ ਨੂੰ ਹੱਥੂ ਆ ਗਿਆ ਸੀ। ਪਰ ਸ਼ੋਰ ਦੇ ਵਿੱਚ ਉਸਦੀ ਆਵਾਜ਼ ਉਸ ਤੱਕ ਹੀ ਦੱਬ ਕੇ ਰਹਿ ਗਈ। ਵੱਜਦੇ ਨਗਾਰੇ ਵਿੱਚ ਤੂਤੀ ਕੌਣ ਸੁਣਦਾ? ਆਖ ਉਹ ਉੱਠ ਕੇ ਤੁਰ ਪਿਆ ਸੀ।

ਬੁੱਧ ਸਿੰਘ ਨੀਲੋ
94643-70823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਝ ਜਜ਼ਬਾਤ ਪੰਜਾਬ ਵੰਡ ਵੇਲੇ ਦੇ
Next articleਤੀਜ ਦਾ ਮੇਲਾ’