ਅੰਮ੍ਰਿਤਾ ਪ੍ਰੀਤਮ ਜੀ ਦੇ ਜਨਮ ਦਿਨ ਤੇ ਵਿਸ਼ੇਸ਼  –  ਅੰਮ੍ਰਿਤ -ਨਾਮਾ 

   ਹਰੀਸ਼ ਪਟਿਆਲਵੀ
         (ਸਮਾਜ ਵੀਕਲੀ)
ਆਪਣੇ ਸਮੇਂ ਦੀ ਔਰਤ ਨਾਲੋਂ ਸੋਚ ਚਾਲੀ ਸਾਲ ਸੀ ਅੱਗੇ
ਪੰਜਾਬੀ ਸਾਹਿਤ ਚ ਅੰਮ੍ਰਿਤਾ ਪ੍ਰੀਤਮ ਨਾਂ ਦਾ ਅੰਮ੍ਰਿਤ ਵੱਗੇ
ਔਰਤ ਮਨ ਦੇ ਰੰਗ ਹਜ਼ਾਰਾਂ ਭਰ ਗਈ ਵਿੱਚ ਤਸਵੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਸੰਨ ਉੱਨੀ ਸੌ ਉੱਨੀ ਨੂੰ  ਕਰਤਾਰ ਸਿੰਘ ਦੇ  ਘਰ ਜੰਮੀ
ਗੁੱਜਰਾਂਵਾਲਾ ਪਾਕਿ ਚ ਖੇਡੀ ਲਾ ਗਈ ਦੌੜ ਸਲੰਮੀ
ਸਿੱਖੇ ਕਾਫ਼ੀਏ ਰਦੀਫ਼ ਪਿਤਾ ਤੋਂ ਮਾਂ ਵਿਛੜੀ ਤਕਦੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਅੱਠਵੀਂ ਤੇ ਵਿਦਵਾਨੀ ਕਰਕੇ ਕੀਤੀ ਪਾਸ ਗਿਆਨੀ
ਯੂਨਿਵਰਸਿਟੀ ਲਾਹੌਰ ਤੋਂ ਦਸਵੀਂ ਹੋ ਗਈ ਨਾਲ ਆਸਾਨੀ
ਕਈਂ ਭਾਸ਼ਾਵਾਂ ਦੀ ਮਾਹਿਰ ਨੇ ਬਦਲ ਲਈਆਂ ਤਦਬੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਸੋਲ਼ਾਂ ਸਾਲ ਦੀ ਉਮਰ ਚ ਅੰਮ੍ਰਿਤਾ -ਪ੍ਰੀਤਮ ਨਾਲ ਵਿਆਹੀ
ਵਿਆਹ ਤੋਂ ਨਾਖੁਸ਼ ਸਾਰੀ ਉਮਰ ਪਰ ਨਹੀਂ ਤਖੁਲਸ ਲਾਹੀ
ਬੰਦਾ ਬਦਲੇ ਨਹੀਂ ਬਦਲ ਦੀਆਂ ਮੱਥੇ ਦੀਆਂ ਲਕੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਵੀਹਵੀਂ ਸਦੀ ਦੀ ਅਹਿਮ ਕਵਿਤਰੀ ਨਾਵਲ ਲਿਖੇ ਕਹਾਣੀ
ਸੌ ਤੋਂ ਵੱਧ ਕਿਤਾਬਾਂ ਲਿਖ ਕੇ ਬਣ ਬੈਠੀ ਪਟਰਾਣੀ
ਨਾਗਮਣੀ ਤੋਂ ਸ਼ੁਰੂ ਹੋਈਆਂ ਕਵਿਤਾਵਾਂ ਬਣ ਤਕਰੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਕਾਵਿ ਸੁਨੇਹੜੇ, ਕਾਗਜ਼ ਤੇ ਕੈਨਵਸ ਦੇ ਕਰ ਚਿਤਕਾਰੇ
ਵੰਡੀਆਂ ਪਈਆਂ ਮੁਲਕ ਦੀਆਂ ਫ਼ੇਰ ਵੈਣ ਰੱਬ ਨੂੰ ਮਾਰੇ
ਵਾਰਿਸ ਸ਼ਾਹ ਨੂੰ ਪੈ ਗਈ ਜਦ.ਲੁੱਟ ਲਏ ਕਫ਼ਨ ਤੇ ਚੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਧੁੱਪ ਦੀ ਕਾਤਰ, ਪਿੰਜ਼ਰ, ਰੰਗ ਦਾ ਪੱਤਾ, ਇੱਕ ਅਨੀਤਾ
ਕੱਚੀ ਸੜਕ, ਹਵੇਲੀ ਪੱਕੀ, ਅੰਮ੍ਰਿਤ ਲਹਿਰਾਂ ਫੀਤਾ ਫੀਤਾ
ਕੁੰਜੀਆਂ, ਖ਼ਤ ਆਖ਼ਰੀ, ਮਘੀਆਂ ਅੱਗ ਦੀਆਂ ਲਕੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਪਿਆਰ ਵੀ ਖੱਟਿਆ ਨਾਲੇ ਮਿਲੀਆਂ ਅੰਤ ਦੀਆਂ ਰੁਸਵਾਈਆਂ
ਅੰਮ੍ਰਿਤ ਪੱਲੇ ਆਈਆਂ ਯਾਦਾਂ ਅਫਵਾਹਾਂ ਤਨਹਾਈਆਂ
ਪੂਰੋ ਅਤੇ ਰਸ਼ੀਦ ਜਾਣਦੇ ਹੋਣ ਕੀ ਚੁੱਪ ਦੀਆਂ ਚੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਮਾਣ ਸੀ ਕੀਤੇ ਦਿਲੋਂ ਇਸ਼ਕ ਦਾ ਨਹੀਂ ਹੁਨਰ ਦੀਆਂ ਚਾਵਾਂ
ਟਾਹਣਿਓਂ ਟੁੱਟੇ ਪਤਿਆਂ ਨੂੰ ਜਿਉਂ ਲੈ ਉੱਡ ਜਾਣ ਹਵਾਵਾਂ
ਉਮਰਾਂ ਭਰ ਦੇ ਵੱਗ ਚਰਾਕੇ ਮਿਲੀਆਂ ਚੂਰੀਆਂ ਖੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਅੰਮ੍ਰਿਤ -ਸਾਹਿਰ -ਇਮਰੋਜ਼ -ਪ੍ਰੀਤਮ ਆਪਣੀ ਆਪਣੀ ਥਾਵੇਂ
ਬਲਦੀ ਅੱਗ ਦਾ ਸੇਕ ਹੁੰਦਾ ਪਰ ਨਾ ਫੜ ਹੁੰਦੇ ਪਰਛਾਂਵੇ
ਕੁੱਲੀਆਂ ਦੀ ਹਾਲਤ ਕਦ ਜਾਣੀ ਮਹਿਲਾਂ ਯਾਰ ਅਮੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਆਪਣੀ ਬਾਤ ਮੁਕਾ ਕੇ ਬੈਠੀ ਮੰਨਿਆ ਇਸ਼ਕ ਇਬਾਦਤ
ਚੰਦ ਲਫ਼ਜ ਹੀ ਲਿਖ ਦਿੰਦੇ ਨੇ ਉਮਰਾਂ ਜਿਹੀ ਇਬਾਦਤ
ਰਵਿਦਾਸ ਦੀ ਚੇਲੀ ਬਣ ਗਈ ਜਿਉਂ ਪਟਰਾਣੀ ਮੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਸਾਹਿਤ ਅਕੈਡਮੀ ਪੁਰਸਕਾਰ ਤੇ ਪਦਮ ਸ੍ਰੀ ਪਿਆ ਝੋਲੀ
ਲੱਖ ਦੁਨੀਆ ਤੇ ਤਗ਼ਮੇ ਜਿੱਤ ਕੇ ਬਿਲਕੁਲ ਕੱਖੋਂ ਹੌਲ਼ੀ
ਯਾਦਗਾਰੀ ਉਹ ਘਰ ਵੀ ਵਿਕਿਆ ਰਹੀ ਮਨਾਉਂਦੀ ਪੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
ਖਿੰਡੀ ਹੋਈ ਸਖਸ਼ੀਅਤ ਅੰਮ੍ਰਿਤ ਮੁੱਕ ਗਈ ਬਣ ਕੇ ਗੁੱਛਾ
ਮੈਂ ਮਰ ਜਾਣਾ “ਹਰੀਸ਼” ਲਿਖਾਂ ਕੀ ਮੇਰੀ ਸਮਝ ਹੈ ਤੁੱਛਾ
ਇਸ਼ਕ ਮਾਮਲੇ ਜਾਣ ਸਕੇ ਮਾਰੂਥਲ ਨਾ ਜੰਡ ਕਰੀਰਾਂ
ਅੱਜ ਵੀ ਗੂੰਜਣ ਅੰਮ੍ਰਿਤ ਲਿਖੀਆਂ ਵਾਰਸ ਸ਼ਾਹ ਨੂੰ ਹੀਰਾਂ
       ਹਰੀਸ਼ ਪਟਿਆਲਵੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨਿਆਂ
Next articleਡੀ ਐੱਸ ਪੀ ਫਿਲੌਰ ਸ ਸਿਮਰਨਜੀਤ ਸਿੰਘ ਨੂੰ ਕੀਤਾ ਸਨਮਾਨਿਤ