(ਸਮਾਜ ਵੀਕਲੀ) ਮੈਡਮ ਪ੍ਰੋਫ਼ੈਸਰ *ਸੁਦੇਸ਼ ਸ਼ਰਮਾ* ਲੰਘੀ ਪੰਜ ਅਗਸਤ ਨੂੰ ਆਪਣੇ ਹਮ ਸਫ਼ਰ ਪ੍ਰੋਫ਼ੈਸਰ ਪ੍ਰੇਮ ਸ਼ਰਮਾ,ਪਿਆਰੇ ਬੇਟੇ ਅਨਮੋਲ,ਬੇਟੀ ਪੋਮੇਨਾ,ਦਾਮਾਦ ਅੰਸ਼ੁਲ, ਜਯਾਸ਼੍ਰੀ ਨੂੰਹ ਰਾਣੀ,ਪੋਤਰੀ ਆਇਲੀਨ, ਦੋਹਤੇ ਸ਼ਿਵਾਏ ਤੇ ਪੋਤਰੇ ਆਯਾਨ ਨੂੰ ਅਲਵਿਦਾ ਕਹਿ ਕੇ ਸਦਾ ਲਈ ਵਿਦਾ ਹੋ ਗਏ! ਭਾਵੇਂ ਵੀਹ ਸਾਲ ਪਹਿਲਾਂ ਉਹ ਇਕ ਭਿਆਨਕ ਬਿਮਾਰੀ ਨਾਲ ਪੂਰੀ ਦਲੇਰੀ ਨਾਲ ਸੰਘਰਸ਼ ਕਰਕੇ ਜੇਤੂ ਰਹੇ ਪਰ ਹੁਣ ਹੱਸਦੇ ਖੇਡਦੇ ਪਰਿਵਾਰ ਵਿਚੋਂ ਅਚਾਨਕ ਉਡਾਰੀ ਮਾਰ ਗਏ !
ਮੈਡਮ ਸੁਦੇਸ਼ ਸ਼ਰਮਾ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮ ਐਸ ਸੀ ਜ਼ੂਲੋਜੀ,ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਬੀ ਐਡ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਐਡ ਦੀ ਉੱਚ ਪੱਧਰੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਸਿੱਖਿਆ ਪ੍ਰਾਪਤੀ ਤੋਂ ਬਾਦ ਵਿਆਹ ਹੋਣ ਤੇ ਬਰਨਾਲਾ ਆ ਪਧਾਰੇ ! 1981 ਵਿਚ ਓਹਨਾਂ ਨੇ ਐਸ ਡੀ ਕਾਲਜ ਬਰਨਾਲਾ ਵਿਖੇ ਬਤੌਰ ਲੈਕਚਰਾਰ ਜੂਲੋਜੀ ਨਿਯੁਕਤ ਹੋ ਕੇ ਆਪਣਾ ਅਧਿਆਪਨ ਕੈਰੀਅਰ ਸ਼ੁਰੂ ਕੀਤਾ। ਫੇਰ ਸਰਕਾਰੀ ਸਕੂਲ ਲੜਕੀਆਂ ਬਰਨਾਲਾ ਤੋਂ ਸਰਕਾਰੀ ਸਕੂਲ ਲੜਕੀਆਂ ਤੇ ਲੜਕੇ ਭਦੌੜ ਤੇ ਸਰਕਾਰੀ ਸਕੂਲ ਲੜਕੀਆਂ ਤੇ ਲੜਕੇ ਧਨੌਲਾ ਵਿਖੇ ਆਪਣੀਆਂ ਸੇਵਾਵਾਂ ਬਖੂਬੀ ਨਿਭਾਈਆਂ। ਇਹਨਾਂ ਸਕੂਲਾਂ ਵਿਚ ਆਪਣੀਆਂ ਸ਼ਾਨਦਾਰ ਅਧਿਆਪਨ ਸੇਵਾਵਾਂ ਅਦਾ ਕਰਦਿਆਂ ਫੇਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਵਿਖੇ ਆਪਣੇ ਪ੍ਰਸ਼ਾਸ਼ਨਿਕ ਕਮਾਲ ਦਿਖਾਉਣ ਦਾ ਵੀ ਚੋਖਾ ਮੌਕਾ ਓਹਨਾਂ ਨੂੰ ਪ੍ਰਾਪਤ ਹੋਇਆ। 1994 ਵਿਚ ਸਰਕਾਰੀ ਸਕੂਲ ਲੜਕੀਆਂ ਭਦੌੜ ਦੇ ਸੈਕੰਡਰੀ ਸਕੂਲ ਦਾ ਰੁਤਬਾ ਹਾਸਲ ਹੋਣ ਤੇ ਉਸ ਵੇਲੇ ਦੇ ਸੰਗਰੂਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਚਰਨ ਸਿੰਘ ਦੱਧਾਹੂਰ ਨੂੰ ਸਕੂਲ ਵਿਖੇ ਇਕ ਵਿਸ਼ੇਸ਼ ਸਮਾਗਮ ਤੇ ਬੁਲਾ ਕੇ ਸਕੂਲ ਵਿਚ ਸਾਇੰਸ ਲੈਬ ਤੇ ਕਮਰੇ ਬਣਾਉਣ ਲਈ ਐਮ ਪੀ ਲੈਡ ਫੰਡ ਵਿੱਚੋਂ 2 ਲੱਖ ਦੀ ਗ੍ਰਾਂਟ ਸਕੂਲ ਨੂੰ ਦਿਲਵਾ ਦਿੱਤੀ। ਜਿਸ ਕਰਕੇ ਖਾਸ ਤੌਰ ਤੇ ਲੜਕੀਆਂ ਨੂੰ ਮੈਡੀਕਲ ਤੇ ਨੋਨ- ਮੈਡੀਕਲ ਸਟ੍ਰੀਮਸ ਵਿਚ ਜਾਣ ਲਈ ਉਤਸਾਹਿਤ ਕੀਤਾ।
1996 ਵਿਚ ਸਰਕਾਰੀ ਸਕੂਲ ਲੜਕੀਆਂ ਧਨੌਲਾ ਵਿਖੇ ਬਦਲੀ ਹੋ ਜਾਣ ਤੇ ਲਗਭਗ ਸਤ ਸਾਲ ਬਤੌਰ ਪ੍ਰਿੰਸੀਪਲ ਇੰਚਾਰਜ ਸਕੂਲ ਦੀ ਵਾਗਡੋਰ ਆਪਣੇ ਹੱਥ ਵਿਚ ਲੈ ਕੇ ਸਕੂਲ ਵਿਚ ਫਰਨੀਚਰ ਤੇ ਹੋਰ ਘਾਟਾਂ ਨੂੰ ਪੂਰਾ ਕਰਨ ਵਿਚ ਫ਼ੈਸਲਾ ਕੁਨ ਕਦਮ ਪੁੱਟੇ। ਓਹਨਾਂ ਦੇ ਇਸ ਕਾਰਜ ਕਾਲ ਦੌਰਾਨ ਹਿਮਾਚਲ ਪ੍ਰਦੇਸ਼,ਰਾਜਸਥਾਨ,ਉੱਤਰਾਖੰਡ,ਉੱਤਰ ਪ੍ਰਦੇਸ਼ ਤੇ ਦਿੱਲ੍ਹੀ ਦੇ ਸਫਲ ਟੂਰ ਲੜਕੀਆਂ ਨੂੰ ਸਫ਼ਰ ਤੇ ਭਾਰਤ ਦਰਸ਼ਨ ਰਾਹੀਂ ਸਿੱਖਿਆ ਦੇਣ ਦੇ ਮੰਤਵ ਵਜੋਂ ਆਯੋਜਿਤ ਕੀਤੇ ਗਏ। ਇਕ ਵਾਰ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਸਾਲ 1998 ਵਿਚ ਅਚਾਨਕ ਹੀ ਸਕੂਲ ਆ ਧਮਕੇ। ਆਪਣੀ ਸੂਝ ਬੂਝ ਸਦਕਾ ਮੁੱਖ ਮੰਤਰੀ ਜੀ ਦਾ ਧਿਆਨ ਇਕ ਖੁੱਲ੍ਹਾ ਤੇ ਨਵਾਂ ਸਕੂਲ ਕੈਂਪਸ ਬਣਾਉਣ ਲਈ ਜਦੋਂ ਹਾਂ ਕਰਵਾ ਲਈ ਤਾਂ ਸਰਦਾਰ ਬਾਦਲ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਦ ਫੇਰ ਉਸ ਮੌਕੇ ਦੇ ਡਿਪਟੀ ਕਮਿਸ਼ਨਰ ਸੰਗਰੂਰ ਡਾਕਟਰ ਏ ਐਸ ਛਤਵਾਲ ਨੂੰ ਮੌਕੇ ਤੇ ਬੁਲਾ ਕੇ ਹੀ ਸਕੂਲ ਨੂੰ ਟੋਭੇ ਵਾਲੀ ਜਗ੍ਹਾ ਸਕੂਲ ਨੂੰ ਦੇਣ ਦੇ ਹੁਕਮ ਦੇ ਕੇ ਇੱਕ ਫੱਟਾ ਲਗਵਾ ਦਿੱਤਾ। ਉਸ ਤੋਂ ਬਾਦ ਮੈਡਮ ਸੁਦੇਸ਼ ਸ਼ਰਮਾ ਦੇ ਉਦਮ ਸਦਕਾ ਹਾਥੀ ਜਿੱਡਾ ਟੋਭਾ ਇਲਾਕੇ ਤੇ ਲੋਕਾਂ ਨੇ ਕਾਰ ਸੇਵਾ ਦੇ ਰੂਪ ਵਿਚ ਭਰ ਛੱਡਿਆ, ਬਾਊਂਡਰੀ ਕਰਕੇ ਪਾਣੀ ਦੀ ਮੋਟਰ ਲਗਵਾ ਦਿੱਤੀ ਗਈ ਪਰ ਸਕੂਲ ਦੀ ਇਮਾਰਤ ਬਣਨ ਦਾ ਟੀਚਾ ਸਰਕਾਰਾਂ ਦੀ ਅਦਲਾ ਬਦਲੀ ਕਰਕੇ ਸਿਰੇ ਨਾ ਚੜ੍ਹ ਸਕਿਆ।
ਮੈਡਮ ਸੁਦੇਸ਼ ਸ਼ਰਮਾ ਕਲਮ ਅਜ਼ਮਾਈ ਕਰਨ ਦਾ ਭੀ ਨਿਆਰਾ ਸ਼ੌਕ ਰੱਖਦੇ ਸਨ ਇਸੇ ਲਈ ਓਹਨਾਂ ਦੇ ਆਰਟੀਕਲ ਪੰਜਾਬੀ ਟ੍ਰਿਬਿਊਨ, ਅਜੀਤ,ਪੰਜਾਬ ਕੇਸਰੀ ਤੇ ਜਨਸੱਤਾ ਵਿਚ ਛਪੇ। *ਵੇਲ੍ਹ(ਮੱਛੀ) ਕੀ ਪੇਟ ਮੇ ਏਕ ਰਾਤ* ਆਰਟੀਕਲ ਪਾਠਕਾਂ ਵਿਚ ਕਾਫੀ ਮਕਬੂਲ ਹੋਇਆ। ਮੈਡਮ ਸ਼ਰਮਾ ਇਕ ਕੁਸ਼ਲ ਪ੍ਰਬੰਧਕ, ਲਾਇਕ ਅਧਿਆਪਕ, ਸਟਾਫ਼ ਤੇ ਵਿਦਿਆਰਥੀਆਂ ਵਿਚ ਕਾਫੀ ਹਰਮਨ ਪਿਆਰੇ ਸਨ। ਫੈਸਲੇ ਲੈਣ ਸਮੇਂ ਉਹ ਬਹੁਤ ਹੀ ਦਲੇਰੀ ਤੇ ਸੋਚ ਸਮਝ ਤੋਂ ਕੰਮ ਲੈਣ ਵਿਚ ਵਿਸ਼ਵਾਸ ਰਖਦੇ ਸਨ ਇਸੇ ਕਰਕੇ ਵੱਡੀ ਤੋਂ ਵੱਡੀ ਤੇ ਉਲਝਣ ਤਾਣੀ ਵਾਲੀ ਸਮੱਸਿਆ ਨੂੰ ਸੌਖੇ,ਸ਼ਾਂਤ ਤੇ ਸਰਲ ਤਰੀਕੇ ਨਾਲ
ਸੁਲਝਾ ਲੈਂਦੇ ਸਨ। ਗੁੱਸਾ ਤਾਂ ਉਹਨਾਂ ਦੇ ਨੇੜੇ ਕਦੇ ਵੀ ਨਹੀਂ ਫਟਕਦਾ ਸੀ। ਘਰ ਪਰਿਵਾਰ,ਭੈਣਾਂ ਤੇ ਭਰਾਵਾਂ ਪ੍ਰਤੀ ਸੁਹਿਰਦਤਾ ਤੇ ਮੋਹ ਭਾਵਨਾ ਨਾਲ ਓਤ ਪ੍ਰੋਤ ਸਨ। ਕਿਸੇ ਵੀ ਜਾਣਕਾਰ ਜਾਂ ਸਟਾਫ਼ ਮੈਂਬਰ ਦੇ ਦੁੱਖ ਸੁਖ ਵਿਚ ਹਮੇਸ਼ਾ ਖੜ੍ਹਦੇ। ਸਾਇੰਸ ਗਰੁੱਪ ਦੇ ਮੁੰਡਿਆਂ ਦੇ ਸਕੂਲ ਵਿਚ ਤਬਦੀਲ ਹੋਣ ਤੇ ਓਹ ਸਰਕਾਰੀ ਸਕੂਲ ਮੁੰਡਿਆਂ ਵਿੱਚ ਚਲੇ ਗਏ ਤੇ ਉਥੋਂ ਹੀ ਸੇਵਾ ਮੁਕਤ ਹੋਏ ਪ੍ਰੰਤੂ ਕੰਨਿਆ ਸਕੂਲ ਧਨੌਲਾ ਦਾ ਸਮੁੱਚਾ ਸਟਾਫ਼ ਸਦਾ ਦੀ ਤਰ੍ਹਾਂ ਓਹਨਾਂ ਨਾਲ ਜੁੜਿਆ ਰਿਹਾ ਹੈ। ਸ਼ਾਂਤੀ ਹਾਲ ਰਾਮ ਬਾਗ ਬਰਨਾਲਾ ਵਿਖੇ ਅੱਜ ਓਹਨਾਂ ਦੇ ਸ਼ਰਧਾਂਜਲੀ ਤੇ ਓਹਨਾਂ ਲਈ ਅੰਤਿਮ ਅਰਦਾਸ ਸਮਾਰੋਹ ਵਿਚ ਸਮੂਹ ਕਾਲਜ ਤੇ ਸਕੂਲ ਵਿਦਿਆਰਥੀ ਤੇ ਓਹਨਾਂ ਦੇ ਅਨੇਕਾਂ ਸ਼ੁਭ ਚਿੰਤਕ ਨਤਮਸਤਕ ਹੋ ਰਹੇ ਹਨ। ਇਕ ਨੇਕ ਤੇ ਸਮਰਪਿਤ ਸਿੱਖਿਆ ਸ਼ਾਸਤਰੀ ਨੂੰ ਆਮੀਨ !
°°°°°°°°°°°°°°°°°°°°°°°°°°°°°°
*ਡਾਕਟਰ ਤੇਜਾ ਸਿੰਘ ਤਿਲਕ*
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



