HOME ਜਨਮਦਿਨ ‘ਤੇ ਵਿਸ਼ੇਸ਼

ਜਨਮਦਿਨ ‘ਤੇ ਵਿਸ਼ੇਸ਼

5
ਜਗਦੀਸ਼ ਰਾਣਾ ਜੀ
ਗੁਰਦੀਪ ਸਿੰਘ ਸੈਣੀ

  (ਸਮਾਜ ਵੀਕਲੀ)   ਅਜੋਕੇ ਸਮੇਂ ਵਿੱਚ ਲੋਕ ਸ਼ਾਇਰ ਜਗਦੀਸ਼ ਰਾਣਾ ਜੀ ਪੰਜਾਬੀ ਸਾਹਿਤ ਦੀ ਦੁਨੀਆਂ ਦੇ ਧਰੂ ਤਾਰੇ ਦੀ ਤਰ੍ਹਾਂ ਹਨ ਅਤੇ ਇੱਕ ਹਰਫਨਮੌਲਾ ਲਿਖਾਰੀ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ ਆਓ ਸਾਰੇ ਸਾਥੀ ਰਲ਼ ਕੇ ਇਸ ਸ਼ਖ਼ਸੀਅਤ ਨੂੰ ਉਸ ਦੇ ਜਨਮਦਿਨ ਤੇ ਮੁਬਾਰਕਬਾਦ ਆਖੀਏ ਅਤੇ ਉਸ ਦੀ ਲੰਮੀ ਉਮਰ ਅਤੇ ਤੰਦਰੁਸਤੀ ਲਈ ਅਰਦਾਸ ਕਰੀਏ। ਜਗਦੀਸ਼ ਰਾਣਾ ਜੀ ਦਾ ਜਨਮ 18 ਜੁਲਾਈ 1973 ਨੂੰ ਮਾਤਾ ਸ਼੍ਰੀਮਤੀ ਪਾਲੋ ਦੀ ਕੁੱਖੋਂ ਗੰਗਾਨਗਰ, ਰਾਜਸਥਾਨ ਵਿਚ ਉਨ੍ਹਾਂ ਦੇ ਨਾਨਕੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸਵਰਗਵਾਸੀ ਪ੍ਰੀਤਮ ਦਾਸ ਜੀ ਇਕ ਸਾਬਕਾ ਫੌਜੀ ਸਨ। ਜਗਦੀਸ਼ ਰਾਣਾ ਜੀ ਅੱਜਕਲ੍ਹ ਜਲੰਧਰ ਛਾਉਣੀ ਦੇ ਨਾਲ਼ ਲੱਗਦੇ ਪਿੰਡ ਸੋਫ਼ੀ ਪਿੰਡ ਵਿਚ ਰਹਿੰਦੇ ਹਨ। ਜਗਦੀਸ਼ ਰਾਣਾ ਜੀ ਸਾਹਿਤਕ, ਰਾਜਨੀਤਕ, ਸਮਾਜ ਸੇਵਾ ਇਨ੍ਹਾਂ ਤਿੰਨੋਂ ਖੇਤਰਾਂ ਵਿਚ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹਨ। ਇਨ੍ਹਾਂ ਤਿੰਨਾਂ ਖੇਤਰਾਂ ਵਿਚ ਉਹ ਹਮੇਸ਼ਾ ਹੀ ਸਭ ਨੂੰ ਆਪਣੇ ਨਾਲ਼ ਲੈ ਕੇ ਚੱਲਣ ਦੀ ਪ੍ਰਵਿਰਤੀ ਰੱਖਦੇ ਹਨ ਖ਼ਾਸਕਰ ਸਾਹਿਤ ਦੀ ਦੁਨੀਆਂ ਵਿੱਚ ਉਹ ਚੰਗੇ ਅਤੇ ਵਧੀਆ ਲੇਖਕਾਂ ਨੂੰ ਹਮੇਸ਼ਾ ਅੱਗੇ ਵਧਦਾ ਦੇਖ ਕੇ ਖੁਸ਼ ਹਨ। ਇਹ ਗੱਲ ਮੈਂ ਆਪਣੇ ਨਿੱਜੀ ਤਜਰੁਬੇ ਨਾਲ਼ ਵੀ ਕਹਿ ਸਕਦਾ ਹਾਂ। ਇਸ ਤੋਂ ਇਲਾਵਾ ਉਹ ਇੱਕ ਬਹੁਤ ਹੀ ਵਧੀਆ ਪ੍ਰਬੰਧਕ ਵੀ ਹਨ। ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੋਣ ਵਾਲ਼ੇ ਸਾਹਿਤਿਕ ਸਮਾਗ਼ਮ ਕਾਫੀ ਹੱਦ ਤੱਕ ਉਨ੍ਹਾਂ ਦੀ ਰਹਿਨੁਮਾਈ ਵਿਚ ਹੀ ਹੁੰਦੇ ਹਨ। ਉਹ ਇੱਕ ਵਧੀਆ ਪ੍ਰਬੰਧਕ ਵਜੋਂ ਵੀ ਜਾਣੇ ਜਾਂਦੇ ਹਨ। ਜਗਦੀਸ਼ ਰਾਣਾ ਜੀ ਦਾ ਸਾਰਾ ਜੀਵਨ ਬੜਾ ਹੀ ਸੰਘਰਸ਼ ਭਰਿਆ ਰਿਹਾ ਹੈ। ਜੇਕਰ ਚਾਹਿਆ ਜਾਵੇ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।ਅਕਸਰ ਰਾਣਾ ਜੀ ਨੂੰ ਉਨ੍ਹਾਂ ਦੇ ਮਿੱਤਰ ਪ੍ਰਸਿੱਧ ਸ਼ਾਇਰ ਮਰਹੂਮ ਰਾਜਿੰਦਰ ਪਰਦੇਸੀ ਜੀ ਅਤੇ ਪ੍ਰਸਿੱਧ ਸ਼ਾਇਰ ਮਰਹੂਮ ਭਜਨ ਵਿਰਕ ਜੀ ਬਾਰੇ ਜਿਕਰ ਕਰਦਿਆਂ ਜਦੋਂ ਸੁਣਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਕਿਸੇ ਸ਼ਖ਼ਸੀਅਤ ਤੋਂ ਕਿਸ ਤਰ੍ਹਾਂ ਕੁਝ ਸਿੱਖਿਆ ਜਾ ਸਕਦਾ ਹੈ। ਜਦੋਂ ਇਹ ਆਪਣੇ ਉਸਤਾਦ ਸ: ਅਮਰਜੀਤ ਸਿੰਘ ਸੰਧੂ ਜੀ ਬਾਰੇ ਅਕਸਰ ਗੱਲਾਂ ਕਰਦੇ ਹਨ ਤਾਂ ਉਨ੍ਹਾਂ ਤੋਂ ਇਹ ਵੀ ਬਾਖ਼ੂਬੀ ਸਿਖਿਆ ਜਾ ਸਕਦਾ ਹੈ ਕਿ ਆਪਣੇ ਉਸਤਾਦ ਨੂੰ ਬਣਦੀ ਇੱਜ਼ਤ ਕਿਸ ਤਰ੍ਹਾਂ ਦੇਣੀ ਹੈ ਅਤੇ ਉਸਤਾਦ ਦਾ ਸਨਮਾਨ ਕਿਸ ਤਰ੍ਹਾਂ ਕਰਨਾ ਹੈ।

ਜਗਦੀਸ਼ ਰਾਣਾ ਜੀ ਦੀ ਸ਼ਾਇਰੀ ਵਿਚ ਜ਼ਿਆਦਾਤਰ ਸਮਾਜਿਕ ਅਤੇ ਰਾਜਨੀਤਕ ਰੰਗ ਦੀ ਬਹੁਤਾਤ ਹੁੰਦੀ ਹੈ। ਜਗਦੀਸ਼ ਰਾਣਾ ਦੀ ਸ਼ਾਇਰੀ ਜ਼ਿਆਦਾਤਰ ਸਮਾਜ ਦੇ ਦੱਬੇ ਕੁਚਲੇ ਲੋਕਾਂ ਦਾ ਦਰਦ ਬਿਆਨ ਕਰਦੀ ਹੈ। ਸਮਾਜਿਕ ਬੁਰਾਈਆਂ ਅਤੇ ਰਾਜਨੀਤੀਕ ਬੁਰਾਈਆਂ ਉੱਤੇ ਉਨ੍ਹਾਂ ਦੁਆਰਾ ਕੀਤੇ ਗਏ ਤਨਜ਼ ਬਹੁਤ ਹੀ ਰੌਚਕ ਹੁੰਦੇ ਹਨ। ਇੱਥੇ ਮੈਨੂੰ ਇਹ ਗੱਲ ਦੱਸਦੇ ਹੋਏ ਹੋਰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਗਦੀਸ਼ ਰਾਣਾ ਜੀ ਪੰਜਾਬੀ ਭਾਸ਼ਾ ਦੇ ਤਾਂ ਸਮਰੱਥ ਸ਼ਾਇਰ ਹਨ ਹੀ ਇਸ ਦੇ ਨਾਲ਼ ਉਨ੍ਹਾਂ ਦੀ ਕਲਮ ਦੀ ਪਕੜ ਹਿੰਦੀ ਭਾਸ਼ਾ ਤੇ ਵੀ ਪੂਰੀ ਹੈ। ਉਨ੍ਹਾਂ ਨੇ ਹਿੰਦੀ ਭਾਸ਼ਾ ਵਿਚ ਵੀ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹਨ।
ਉਨ੍ਹਾਂ ਦੀਆਂ ਹੁਣ ਤੱਕ ਦੀਆਂ ਦੋ ਪੁਸਤਕਾਂ “ਯਾਦਾਂ ਦੇ ਗਲੋਟੇ” ਅਤੇ “ਅਧਖਿੜ੍ਹੇ ਗੁਲਾਬ” ਪੰਜਾਬੀ ਸਾਹਿਤ ਵਿਚ ਸ਼ਾਇਰੀ ਦੇ ਮੀਲ ਪੱਥਰ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਕਿਤਾਬਾਂ ਉਨ੍ਹਾਂ ਨੇ ਸੰਪਾਦਤ ਵੀ ਕੀਤੀਆਂ ਹਨ ਜਿਨ੍ਹਾਂ ਦੀ ਗਿਣਤੀ ਲਗਭਗ 6 ਜਾਂ 7 ਹੈ। ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਇਹ ਗਿਣਤੀ ਵਧ ਵੀ ਸਕਦੀ ਹੈ। ਇਸ ਤੋਂ ਇਲਾਵਾ ਉੱਚਕੋਟੀ ਦੇ ਗਾਇਕਾਂ ਵਲੋਂ ਉਨ੍ਹਾਂ ਦੇ 67-70 ਗੀਤ ਵੀ ਗਾਏ ਜਾ ਚੁੱਕੇ ਹਨ। ਰੇਡੀਓ ਅਤੇ ਟੀਵੀ ਚੈਨਲਾਂ ‘ਤੇ ਵੀ ਉਹ ਬਹੁਤ ਵਾਰ ਹਾਜ਼ਰੀ ਲਵਾ ਚੁੱਕੇ ਹਨ। ਜਗਦੀਸ਼ ਰਾਣਾ ਜੀ ਦੀ ਉੱਚ ਪਾਏ ਦੀ ਸ਼ਾਇਰੀ ਸਦਕਾ ਉਨ੍ਹਾਂ ਨੂੰ ਵੱਖ ਵੱਖ ਸਭਾਵਾਂ ਵਲੋਂ ਬਹੁਤ ਸਾਡੇ ਐਵਾਰਡ ਦਿੱਤੇ ਗਏ ਹਨ। ਜਿਨ੍ਹਾਂ ਵਿਚ ਸ਼ਿਵ ਬਟਾਲਵੀ ਯਾਦਗਾਰੀ ਐਵਾਰਡ, ਨੰਦ ਲਾਲ ਨੂਰਪੁਰੀ ਐਵਾਰਡ, ਗੁਰਦਾਸ ਰਾਮ ਆਲਮ ਯਾਦਗਾਰੀ ਐਵਾਰਡ, ਸ: ਗੁਰਮੀਤ ਸਿੰਘ ਚਮਕ ਯਾਦਗਾਰੀ ਐਵਾਰਡ, ਉਸਤਾਦ ਰਜਿੰਦਰ ਪਰਦੇਸੀ ਯਾਦਗਾਰੀ ਐਵਾਰਡ, ਉਲਫ਼ਤ ਬਾਜਵਾ ਯਾਦਗਾਰੀ ਐਵਾਰਡ, ਸੰਤ ਰਾਮ ਉਦਾਸੀ ਐਵਾਰਡ ਵਿਸ਼ਵ ਪੰਜਾਬੀ ਸਭਾ ਕਨੇਡਾ ਆਦਿ ਬਹੁਤ ਸਾਰੇ ਐਵਾਰਡ ਸ਼ਾਮਿਲ ਹਨ। ਇਸ ਤੋਂ ਇਲਾਵਾ ਜਗਦੀਸ਼ ਰਾਣਾ ਜੀ ਨੂੰ ਲੱਗਭੱਗ 150 ਦੇ ਕਰੀਬ ਸਭਾਵਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਕਈ ਸਭਾਵਾਂ ਦੇ ਅਹੁਦੇਦਾਰ ਵੀ ਹਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਦਫ਼ਤਰ ਸਕੱਤਰ, ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਦੇ ਜਨ ਸਕੱਤਰ, ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਦਾ ਜਨ ਸਕੱਤਰ ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦਾ ਪੰਜਾਬ ਦੇ ਪ੍ਰਧਾਨ ਹਨ। ਸਾਹਿਤ ਦੇ ਖੇਤਰ ਵਿੱਚ ਜੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰੀਏ ਤਾਂ ਸ਼ਬਦ ਘੱਟ ਪੈ ਜਾਣਗੇ। ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਜਿਸ ਦਾ ਮੌਜੂਦਾ ਸਮੇਂ ਵਿੱਚ ਕੋਈ ਸਾਨੀ ਨਹੀਂ ਹੈ ਉਹ ਹੈ ਉਨ੍ਹਾਂ ਵਲੋਂ ਸੋਸ਼ਲ ਮੀਡੀਆ ‘ਤੇ ਚਲਾਇਆ ਗਿਆ ਪੇਜ ਜਿਸ ਦਾ ਨਾਂ ਹੈ “ਸ਼ਾਇਰਾਂ ਦੀ ਦੁਨੀਆਂ” ਉਸ ਵਿੱਚ ਲੱਗਭੱਗ ਉਹ 100 ਸ਼ਾਇਰਾਂ ਦੀ ਜੀਵਣੀ ਅਤੇ ਸ਼ਾਇਰੀ ਬਾਰੇ ਪਾਠਕਾਂ ਨਾਲ਼  ਬਾਕਮਾਲ ਸਾਂਝ ਪਾਈ ਹੈ। ਸੋਨੇ ਦੇ ਸੁਹਾਗੇ ਵਾਲ਼ੀ ਗੱਲ ਹੈ ਕਿ ਹੁਣ ਜਗਦੀਸ਼ ਰਾਣਾ ਜੀ ਵਲੋਂ “ਸ਼ਾਇਰਾਂ ਦੀ ਦੁਨੀਆਂ” ਨੂੰ ਇੱਕ ਕਿਤਾਬੀ ਰੂਪ ਦਿੱਤਾ ਜਾ ਰਿਹਾ ਹੈ ਜੋ ਕਿ ਤਕਰੀਬਨ ਮੁਕੱਮਲ ਹੋ ਚੁੱਕਿਆ ਹੈ। ਮੈਂ ਦਾਅਵੇ ਨਾਲ਼ ਕਹਿੰਦਾ ਹਾਂ ਕਿ ਇਹ ਕਿਤਾਬ ਇੱਕ ਇਤਿਹਾਸ ਸਿਰਜੇਗੀ ਅਤੇ ਹਰ ਸਾਹਿਤਕਾਰ ਲਈ ਇੱਕ ਸਾਂਭਣਯੋਗ ਦਸਤਾਵੇਜ਼ ਹੋਵੇਗਾ। ਵਾਹਿਗੁਰੂ ਉਨ੍ਹਾਂ ਨੂੰ ਦੀ ਕਲਮ ਨੂੰ ਇਸੇ ਤਰ੍ਹਾਂ ਤਰੱਕੀਆਂ ਬਖ਼ਸ਼ੇ।  ਇੱਕ ਵਾਰ ਫਿਰ ਤੋਂ ਲੋਕ ਸ਼ਾਇਰ ਜਗਦੀਸ਼ ਰਾਣਾ ਜੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਬਹੁਤ ਬਹੁਤ ਮੁਬਾਰਕਾਂ।
ਵਲੋਂ :- ਗੁਰਦੀਪ ਸਿੰਘ ਸੈਣੀ
ਅਦਰਸ਼ ਨਗਰ ਬੰਗਾ
ਜੱਦੀ ਪਿੰਡ:- ਲਧਾਣਾ ਝਿੱਕਾ , ਜਿਲ੍ਹਾ :- ਸ਼ਹੀਦ ਭਗਤ ਸਿੰਘ ਨਗਰ
ਮੋਬਾਇਲ:- 9814317500
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭੋਗ ਤੇ ਵਿਸ਼ੇਸ਼ (17.08.2025 ਲਈ)
Next articleRSS Chief: Does he mean what he says?