ਦਿੜ੍ਹਬਾ ਦੇ ਵਾਰਡ ਨੰਬਰ 4 ਵਿੱਚ ਚਲਾਈ ਗਈ ਵਿਸ਼ੇਸ਼ ਜਾਗਰੂਕਤਾ ਮੁਹਿੰਮ

ਦਿੜ੍ਹਬਾ/ਸੰਗਰੂਰ (ਸਮਾਜ ਵੀਕਲੀ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੱਛਤਾ ਤੇ ਹਰਿਆਲੀ ਮੁਹਿੰਮ ਨੂੰ ਦਿੜ੍ਹਬਾ ਨਗਰ ਪੰਚਾਇਤ ਵਿਖੇ ਜ਼ੋਰਦਾਰ ਢੰਗ ਨਾਲ ਹੁੰਗਾਰਾ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਵਿਖੇ ਇਸ ਮੁਹਿੰਮ ਦਾ ਬੂਟਾ ਲਗਾ ਕੇ ਆਗਾਜ਼ ਕਰਨ ਤੋਂ ਬਾਅਦ ਅੱਜ ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ (ਆਈ.ਏ.ਐਸ) ਨਿਤੇਸ਼ ਜੈਨ ਦੀ ਅਗਵਾਈ ਹੇਠ ਸ਼ਹਿਰ ਦੇ ਵਾਰਡ ਨੰਬਰ 4 ਵਿਖੇ ਸਕੂਲੀ ਵਿਦਿਆਰਥੀਆਂ, *ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਵਲੰਟੀਅਰਾਂ* ਤੇ ਸਮਾਜ ਸੇਵੀ ਸੰਗਠਨਾਂ ਨੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਚੇਤਨਾ ਰੈਲੀ ਕੀਤੀ ਅਤੇ ਬਾਅਦ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆ ਨਿਤੇਸ਼ ਜੈਨ ਨੇ ਦੱਸਿਆ ਕਿ ਪੰਦਰਾਂ ਰੋਜ਼ਾ ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਲਗਾਤਾਰ ਵਾਤਾਵਰਣ ਪੱਖੀ ਮਸਲਿਆਂ ਬਾਰੇ ਜਾਣੂ ਕਰਵਾਉਣਾ ਹੈ।

ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਤੇ ਵਲੰਟੀਅਰ ਘਰਾਂ ਵਿੱਚ ਜਾ ਕੇ ਸੁੱਕਾ ਕੂੜਾ ਤੇ ਗਿੱਲਾ ਕੂੜਾ ਨੂੰ ਵੱਖੋ ਵੱਖਰਾ ਇਕੱਤਰ ਕਰਨ ਅਤੇ ਫਿਰ ਇਸ ਕੂੜੇ ਦਾ ਯੋਗ ਨਿਪਟਾਰਾ ਕਰਨ ਲਈ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੌਨਸੂਨ ਦੇ ਮੱਦੇਨਜ਼ਰ ਲੋਕਾਂ ਨੂੰ ਬੂਟੇ ਲਗਾ ਕੇ ਇਨ੍ਹਾਂ ਦੀ ਸੁਚੱਜੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਕੋਈ ਵਿਅਕਤੀ ਕੁਦਰਤ ਨਾਲ ਨੇੜਿਓਂ ਸਾਂਝ ਪਾ ਸਕੇ। ਨਿਤੇਸ਼ ਜੈਨ ਨੇ ਕਿਹਾ ਕਿ 30 ਜੂਨ ਤੱਕ ਅਜਿਹੀਆਂ ਪ੍ਰੇਰਨਾਦਾਇਕ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਸਦੇ ਸੁਖਾਵੇਂ ਨਤੀਜੇ ਸਾਹਮਣੇ ਆਉਣਗੇ। ਅੱਜ ਹੋਈ ਚੇਤਨਾ ਰੈਲੀ ਤੋਂ ਬਾਅਦ ਸਮੂਹ ਹਾਜ਼ਰੀਨ ਨੇ ਬੂਟੇ ਲਗਾਏ ਅਤੇ ਵਾਤਾਵਰਣ ਨੂੰ ਸੰਵਾਰਨ ਦੀ ਮੁਹਿੰਮ ਵਿੱਚ ਨਿਰੰਤਰ ਜੁਟੇ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਕਾਰਜਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਤੇ ਵੱਡੀ ਗਿਣਤੀ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖਾਂ ਦੀ ਕਟਾਈ
Next articleRussia maintains economic stability despite challenges: Putin