ਸੋਨੀਆ ਵੱਲੋਂ ਜੀ-23 ਦੇ ਹੋਰ ਆਗੂਆਂ ਨਾਲ ਮੁਲਾਕਾਤ

 

  • ਆਨੰਦ ਸ਼ਰਮਾ ਤੇ ਮਨੀਸ਼ ਤਿਵਾੜੀ ਨੇ ਪਾਰਟੀ ਪ੍ਰਧਾਨ ਨੂੰ ਸੁਝਾਅ ਦਿੱਤੇ
  • ਬਾਕੀ ਆਗੂਆਂ ਨਾਲ ਵੀ ਜਲਦੀ ਹੋ ਸਕਦੀ ਹੈ ਮੁਲਾਕਾਤ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਜੀ-23 (ਪਾਰਟੀ ਆਗੂਆਂ ਦਾ ਗਰੁੱਪ) ਦੇ ਕੁਝ ਹੋਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਗ਼ੁਲਾਮ ਨਬੀ ਆਜ਼ਾਦ ਨੇ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕੀਤੀ ਸੀ। ਸੋਨੀਆ ਨੇ ਅੱਜ ਆਪਣੀ ਰਿਹਾਇਸ਼ ’ਤੇ ਆਨੰਦ ਸ਼ਰਮਾ ਤੇ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੇ ਅੰਦਰੂਨੀ ਮੁੱਦਿਆਂ ਦੇ ਹੱਲ ਉਤੇ ਵਿਚਾਰ-ਵਟਾਂਦਰਾ ਕੀਤਾ। ਸੂਤਰਾਂ ਮੁਤਾਬਕ ਬੈਠਕ ਵਿਚ ਆਗੂਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਸੁਝਾਅ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਉਭਾਰ ਬਾਰੇ ਵੀ ਵਿਚਾਰ-ਚਰਚਾ ਕੀਤੀ ਤਾਂ ਕਿ ਚੋਣਾਂ ਦੇ ਅਗਲੇ ਗੇੜਾਂ ਵਿਚ ਭਾਜਪਾ ਦਾ ਮੁਕਾਬਲਾ ਪੂਰੀ ਤਿਆਰੀ ਨਾਲ ਕੀਤਾ ਜਾ ਸਕੇ। ਮੀਟਿੰਗ ਵਿਚ ਕਾਂਗਰਸ ਦੇ ਇਕ ਹੋਰ ਰਾਜ ਸਭਾ ਮੈਂਬਰ ਵਿਵੇਕ ਤਨਖ਼ਾ ਵੀ ਹਾਜ਼ਰ ਸਨ।

ਉਹ ਜੀ-23 ਦਾ ਵੀ ਹਿੱਸਾ ਹਨ। ਸੋਨੀਆ ਗਾਂਧੀ ਆਉਣ ਵਾਲੇ ਦਿਨਾਂ ਵਿਚ ਜੀ-23 ਦੇ ਹੋਰਾਂ ਆਗੂਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਜੀ-23 ਦੇ ਆਗੂ ਪਾਰਟੀ ਦੀ ਅਗਵਾਈ ਤੇ ਜਥੇਬੰਦਕ ਢਾਂਚੇ ਉਤੇ ਸਵਾਲ ਉਠਾ ਚੁੱਕੇ ਹਨ। ਪਾਰਟੀ ਗਰੁੱਪ ਦੇ ਕੁਝ ਆਗੂਆਂ ਨੂੰ ਸੰਤੁਸ਼ਟ ਕਰਨ ਦਾ ਯਤਨ ਵੀ ਕਰ ਰਹੀ ਹੈ। ਜੀ-23 ਦੇ ਕੁਝ ਆਗੂਆਂ ਨੂੰ ਵਰਕਿੰਗ ਕਮੇਟੀ ਜਾਂ ਸੰਸਦੀ ਬੋਰਡ ਵਿਚ ਥਾਂ ਦਿੱਤੀ ਜਾ ਸਕਦੀ ਹੈ ਜਿੱਥੇ ਪਾਰਟੀ ਦੀਆਂ ਨੀਤੀਆਂ ਬਾਰੇ ਅਹਿਮ ਫ਼ੈਸਲੇ ਲਏ ਜਾਂਦੇ ਹਨ। ਗਰੁੱਪ ਦੇ ਆਗੂ ਰਾਹੁਲ ਗਾਂਧੀ ਦੇ ਕੁਝ ਵਫ਼ਾਦਾਰਾਂ ਨੂੰ ਵੀ ਅਹਿਮ ਅਹੁਦਿਆਂ ਤੋਂ ਲਾਂਭੇ ਕਰਨ ਦੀ ਮੰਗ ਕਰ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮੀ ਮਾਰਗਾਂ ’ਤੇ 60 ਕਿਲੋਮੀਟਰ ਦੇ ਦਾਇਰੇ ’ਚ ਨਹੀਂ ਲੱਗੇਗਾ ਟੌਲ ਟੈਕਸ
Next articleਘਣਵਤ ਕੇਂਦਰ ਦੀ ਹੀ ਕਠਪੁਤਲੀ ਸੀ: ਟਿਕੈਤ