ਕੌਮੀ ਮਾਰਗਾਂ ’ਤੇ 60 ਕਿਲੋਮੀਟਰ ਦੇ ਦਾਇਰੇ ’ਚ ਨਹੀਂ ਲੱਗੇਗਾ ਟੌਲ ਟੈਕਸ

ਨਵੀਂ ਦਿੱਲੀ (ਸਮਾਜ ਵੀਕਲੀ):  ਸੜਕ ਆਵਾਜਾਈ ਤੇ ਕੌਮੀ ਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਐਲਾਨ ਕੀਤਾ ਹੈ ਕਿ ਕੌਮੀ ਮਾਰਗਾਂ ’ਤੇ 60 ਕਿਲੋਮੀਟਰ ਦੇ ਘੇਰੇ ’ਚ ਆਉਣ ਵਾਲੇ ਸਾਰੇ ਟੌਲ ਪਲਾਜ਼ਾ ਕੇਂਦਰ ਅਗਲੇ ਤਿੰਨ ਮਹੀਨਿਆਂ ਵਿੱਚ ਬੰਦ ਕਰ ਦਿੱਤੇ ਜਾਣਗੇ। ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਲਈ ਬਜਟ ’ਚ ਸੜਕਾਂ ਤੇ ਕੌਮੀ ਮਾਰਗਾਂ ਲਈ ਵਿੱਤੀ ਸਰੋਤਾਂ ਦੀ ਵੰਡ ਸਬੰਧੀ ਲੋਕ ਸਭਾ ਵਿੱਚ ਚਰਚਾ ਦੌਰਾਨ ਜੁਆਬ ਦਿੰਦਿਆਂ ਸ੍ਰੀ ਗਡਕਰੀ ਨੇ ਕਿਹਾ,‘60 ਕਿਲੋਮੀਟਰ ਦੀ ਦੂਰੀ ’ਚ ਟੌਲ ਇਕੱਤਰ ਕਰਨ ਲਈ ਸਿਰਫ਼ ਇੱਕ ਕੇਂਦਰ ਹੋਵੇਗਾ।’ ਨਵੀਂਆਂ ਬਣਨ ਵਾਲੀਆਂ ਸੜਕਾਂ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਤਿਆਰ ਕੀਤਾ ਜਾ ਰਿਹਾ ਹੈ। ਦਿੱਲੀ-ਅੰਮ੍ਰਿਤਸਰ ਸੈਕਸ਼ਨ ਇਸ ਵਰ੍ਹੇ ਦੇ ਅਖੀਰ ਤੱਕ ਤਿਆਰ ਹੋ ਜਾਵੇਗਾ ਤੇ ਇਹ ਸਫ਼ਰ ਚਾਰ ਘੰਟਿਆਂ ਵਿੱਚ ਹੋ ਸਕੇਗਾ।

ਇਸ ਤੋਂ ਇਲਾਵਾ ਸ੍ਰੀਨਗਰ-ਜੰਮੂ ਸੜਕ ਵੀ ਕਟੜਾ-ਅੰਮ੍ਰਿਤਸਰ-ਦਿੱਲੀ ਸੜਕ ਨਾਲ ਜੁੜ ਸਕੇਗੀ। ਇਸ ਸੜਕ ਰਾਹੀਂ ਸ੍ਰੀਨਗਰ ਤੋਂ ਮੁੰਬਈ ਦਾ ਸਫ਼ਰ 20 ਘੰਟਿਆਂ ਵਿੱਚ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੰਮੂ-ਸ੍ਰੀਨਗਰ ਹਾਈਵੇਅ ਇਸ ਵਰ੍ਹੇ ਦੇ ਅਖੀਰ ਤੱਕ ਅਪਗ੍ਰੇਡ ਹੋ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ-ਜੈਪੁਰ, ਦਿੱਲੀ-ਮੁੰਬਈ ਤੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਇਸ ਵਰ੍ਹੇ ਦੇ ਅਖੀਰ ਤੱਕ ਮੁਕੰਮਲ ਹੋ ਜਾਣਗੇ। ਜਿੱਥੇ ਜੈਪੁਰ ਤੇ ਦੇਹਰਾਦੂਨ ਦੋ ਘੰਟਿਆਂ ’ਚ ਪੁੱਜਿਆ ਜਾ ਸਕੇਗਾ, ਉੱਥੇ ਦਿੱਲੀ-ਮੁੰਬਈ ਦਾ ਸਫ਼ਰ ਕਾਰ ਰਾਹੀਂ 12 ਘੰਟਿਆਂ ਵਿੱਚ ਤੈਅ ਕੀਤਾ ਜਾ ਸਕੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਾਲ 2024 ਤੱਕ ਸ੍ਰੀਨਗਰ-ਲੇਹ ਕੌਮੀ ਮਾਰਗ ’ਤੇ ਸਥਿਤ ਜ਼ੋਜੀ ਲਾ ਪਾਸ ਹੇਠ ਸੁਰੰਗ ਖੋਲ੍ਹਣ ਦਾ ਟੀਚਾ ਮਿੱਥਿਆ ਹੈ, ਜੋ 11,650 ਫੁੱਟ ਉੱਚਾ ਹੈ। ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲੀਆਂ ਸੜਕਾਂ ਬਾਰੇ ਗੱਲ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਮਾਨਸਰੋਵਰ (ਤਿੱਬਤ) ਤੱਕ ਸੜਕ ਸਾਡੇ ਵੱਲੋਂ ਸਾਲ 2023 ਤੱਕ ਵਾਇਆ ਉੱਤਰਾਖੰਡ ਤਿਆਰ ਹੋ ਜਾਵੇਗੀ। ਸੜਕ ਸੁਰੱਖਿਆ ਸਬੰਧੀ ਸ੍ਰੀ ਗਡਕਰੀ ਨੇ ਕਿਹਾ ਕਿ ਹੁਣ ਇਹ ਲਾਜ਼ਮੀ ਹੈ ਕਿ ਸਾਰੀਆਂ ਕਾਰਾਂ ਵਿੱਚ ਛੇ ਬੈਗ ਹੋਣ। ਸੜਕਾਂ ਸਬੰਧੀ ਇੰਜਨੀਅਰਿੰਗ ਲਈ ਵਿਸ਼ਵ ਪੱਧਰ ਤੋਂ ਚੰਗੇ ਯੋਜਨਾਕਾਰ ਲਏ ਜਾ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਦੀ ਹਰੇਕ ਬੂੰਦ ਬਚਾਉਣ ਦੀ ਲੋੜ: ਮੋਦੀ
Next articleਸੋਨੀਆ ਵੱਲੋਂ ਜੀ-23 ਦੇ ਹੋਰ ਆਗੂਆਂ ਨਾਲ ਮੁਲਾਕਾਤ