(ਸਮਾਜ ਵੀਕਲੀ
ਸਾਵਨ ਬਰਸੇ,ਬੰਬੀਹਾ ਬੋਲੇ।
ਅੰਬਰਾਂ ਵਿੱਚ ਨੇ ਚੜ੍ਹੀਆਂ ਘਟਾਵਾਂ,
ਮਹਿਰਮ ਦੇ ਬਿਨ ਮਨਵਾ ਡੋਲੇ।
ਸਾਉਣ ਮਹੀਨੇ ਘਟਾ ਜਦ ਛਾਈ,
ਮੋਰਾਂ ਨੇ ਹੈ ਰੁਣਝੁਣ ਲਾਈ,
ਪੈਲ਼ ਫਿਜ਼ਾ ਵਿੱਚ ਮਸਤੀ ਘੋਲੇ।
ਸਾਵਨ ਬਰਸੇ ਬੰਬੀਹਾ ਬੋਲੇ…।
ਮਸਤ ਮੌਲੇ ਹੋ ਉੱਡਣ ਪਰਿੰਦੇ,
ਖੋਲ੍ਹ ਪਰਾਂ ਦੇ ਆਪਣੇ ਜਿੰਦੇ,
ਗੁਟਰ-ਗੂੰ,ਗੁਟਰ-ਗੂੰ ਕਰਦੇ ਗੋਲੇ।
ਸਾਵਨ ਬਰਸੇ ਬੰਬੀਹਾ ਬੋਲੇ…।
ਕੋਲ ਜਿਨ੍ਹਾਂ ਦੇ ਕੰਤ ਵਸੇਂਦੇ ,
ਸਾਉਣ ‘ਚ ਉਹੀ ਅੰਤ ਵਸੇਂਦੇ,
ਓਹੀਓ ਗਾਵਣ ਮਾਹੀਏ ਢੋਲੇ।
ਸਾਵਨ ਬਰਸੇ ਬੰਬੀਹਾ ਬੋਲੇ…।
ਹੁਣ ਮਲਹਾਰ ਮੈਂ ਰਾਗ ‘ਚ ਗਾਵਾਂ,
‘ਮਾਲਵਿੰਦਰ’ ਦੇ ਬੈਰਾਗ ‘ਚ ਗਾਵਾਂ,
ਵੱਸਦਾ ਨਾ ਅੱਜਕੱਲ੍ਹ ਜੋ ਕੋਲੇ।
ਸਾਵਨ ਬਰਸੇ ਬੰਬੀਹਾ ਬੋਲੇ…।
ਮਾਲਵਿੰਦਰ ਸ਼ਾਇਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly