(ਸਮਾਜ ਵੀਕਲੀ)
ਸੰਦੀਪ ਜਿਹੜਾ ਕਿ ਤਹਿਸੀਲਦਾਰ ਸੀ ਆਪਣੀ ਡਿਊਟੀ ਤੇ ਬੈਠਾ ਸੀ । ਉਸ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਈ ਉਸ ਦੇ ਖ਼ਿਲਾਫ਼ ਨਾਅਰੇ ਲਗਾ ਰਹੀ ਸੀ ,ਜਦੋਂ ਉਸ ਨੇ ਮਾਮਲੇ ਬਾਰੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਅੱਜ ਸਵੇਰੇ ਹੀ ਰੇਲਵੇ ਸਟੇਸ਼ਨ ਤੇ ਇਕ ਲਾਸ਼ ਮਿਲੀ , ਜਿਹੜੀ ਕਿ ਇਕ ਔਰਤ ਦੀ ਸੀ ।ਬੜੀ ਹੀ ਛਾਣਬੀਣ ਤੋਂ ਬਾਅਦ ਪਤਾ ਚੱਲਿਆ ਕਿ ਔਰਤ ਲਾਗਲੇ ਪਿੰਡ ਦੀ ਵਸਨੀਕ ਸੀ ਜਿਹੜੀ ਕਾਫ਼ੀ ਸਾਲਾਂ ਤੋਂ ਪਿੰਡ ਤੋਂ ਬਾਹਰ ਰਹਿ ਰਹੀ ਸੀ ਤੇ ਜਿਸ ਦਾ ਪੁੱਤਰ ਇਕ ਤਹਿਸੀਲਦਾਰ ਸੀ ਭਾਵ ਕਿ ਉਹ ਸੰਦੀਪ ਦੀ ਮਾਂ ਸੀ ।
ਸਾਰੇ ਹੀ ਅਖ਼ਬਾਰਾਂ ਤੇ ਚੈਨਲਾਂ ਤੇ ਇਸ ਖ਼ਬਰ ਦੇ ਹੀ ਚਰਚੇ ਹੋ ਰਹੇ ਸੀ ।ਇਹ ਸੁਣ ਕੇ ਲੋਕ ਤਰ੍ਹਾਂ -ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ …..ਇਕ ਤਹਿਸੀਲਦਾਰ ਦੀ ਮਾਂ ਦਾ ਇਹ ਹਾਲ ? ਕੀ ਫ਼ਾਇਦਾ ਅਫ਼ਸਰ ਬਣੇ ਦਾ ? ਕੀ ਕਰਨੀ ਕਮਾਈ ਜਦੋਂ ਮਾਂ ਨੂੰ ਹੀ ਰੋਟੀ ਨਾ ਦੇ ਸਕਿਆ ….ਇਹੋ ਜਿਹੇ ਅਫਸਰਾਂ ਤੋ ਤਾ ਨੌਕਰੀ ਖੋਹ ਲੈਣੀ ਚਾਹੀਦੀ …ਜਿਹੜਾ ਆਪਣੀ ਮਾਂ ਦੀ ਸੇਵਾ ਨਹੀਂ ਕਰ ਸਕਿਆ ਉਹ ਜਨਤਾ ਦੀ ਸੇਵਾ ਕਿੱਥੋਂ ਕਰ ਲਓ….. ਇਹ ਸਭ ਗੱਲਾਂ ਸੰਦੀਪ ਦਾ ਕਾਲਜਾ ਚੀਰ ਰਹੀਆਂ ਸਨ ।
ਕੁਝ ਸਮਾਜ ਸੇਵੀ ਸੰਸਥਾਵਾਂ, ਪੱਤਰਕਾਰ ਤੇ ਹੋਰ ਲੋਕ ਧੱਕੇ ਨਾਲ ਸੰਦੀਪ ਦੇ ਕਮਰੇ ਵਿੱਚ ਦਾਖ਼ਲ ਹੋਏ, ਤੇ ਉਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ । ਤੁਸੀਂ ਆਪਣੀ ਮਾਂ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਿਆ ? ਏਨੀ ਤਨਖਾਹ ਲੈਂਦੇ ਹੋ ਤੇ ਮਾਂ ਨੂੰ ਸੜਕ ਤੇ ਬੇਸਹਾਰਾ ਕਿਉਂ ਛੱਡਿਆ ? ਤੁਹਾਡੇ ਵਰਗੇ ਘਟੀਆ ਇਨਸਾਨ ਸਮਾਜ ਦੇ ਦੁਸ਼ਮਣ ਹੁੰਦੇ ਤੁਹਾਨੂੰ… ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ …ਤੁਸੀਂ ਇਸ ਦੇ ਕਾਬਿਲ ਨਹੀਂ । ਇਕਦਮ ਵਾਪਰੀ ਇਸ ਘਟਨਾ ਨੇ ਸੰਦੀਪ ਨੂੰ ਅੰਦਰ ਤੋਂ ਝੰਜੋੜ ਕੇ ਰੱਖ ਦਿੱਤਾ। ਉਸ ਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ ।
ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਤੇ ਉਸ ਦੀਆਂ ਅੱਖਾਂ ਸਾਹਮਣੇ ਉਸ ਦਾ ਸਾਰਾ ਅਤੀਤ ਘੁੰਮਣ ਲੱਗ ਗਿਆ ਕਿ ਕਿੰਨਾ ਖ਼ੁਸ਼ਹਾਲ ਪਰਿਵਾਰ ਸੀ ਉਸ ਦਾ । ਉਸ ਦਾ ਪਿਤਾ, ਦਾਦੀ ਤੇ ਉਸ ਦੀਆਂ ਦੋ ਛੋਟੀਆਂ ਭੈਣਾਂ ਬੜੀ ਹੀ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਸੀ । ਉਸ ਦਾ ਪਿਤਾ ਡਰਾਈਵਰ ਸੀ ਤੇ ਇਸ ਲਈ ਉਸ ਨੂੰ ਕਈ -ਕਈ ਦਿਨ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ । ਇਸ ਸਮੇਂ ਦੌਰਾਨ ਉਨ੍ਹਾਂ ਦੇ ਗੁਆਂਢ ਰਹਿੰਦੇ ਹਰਜੀਤ ਜੋ ਕਿ ਰਿਸ਼ਤੇ ਦੇ ਵਿੱਚ ਸੰਦੀਪ ਦਾ ਚਾਚਾ ਲੱਗਦਾ ਸੀ, ਦਾ ਉਨ੍ਹਾਂ ਦੇ ਘਰ ਆਉਣ ਜਾਣ ਕਾਫ਼ੀ ਹੋ ਗਿਆ ।ਉਹ ਕਿੰਨਾ ਕਿੰਨਾ ਟਾਇਮ ਸੰਦੀਪ ਦੀ ਮਾਂ ਦੇ ਕੋਲ ਬੈਠਾ ਰਹਿੰਦਾ ਤੇ ਉਸ ਨਾਲ ਗੱਲਾਂ ਕਰਦਾ ਰਹਿੰਦਾ । ਸੰਦੀਪ ਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ ਕਿਉਂਕਿ ਘਰ ਵਿਚ ਸੰਦੀਪ ਦੀਆਂ ਦੋ ਭੈਣਾਂ ਸਨ ।
ਇਸ ਵਾਰ ਜਦੋਂ ਸੰਦੀਪ ਦਾ ਪਿਤਾ ਘਰ ਆਇਆ ਤਾਂ ਸੰਦੀਪ ਨੇ ਉਸ ਨੂੰ ਹਰਜੀਤ ਦੇ ਘਰ ਆਉਣ ਵਾਲੀ ਗੱਲ ਦੱਸੀ । ਪਰ ਸੰਦੀਪ ਦੀ ਮਾਂ ਝੱਟ ਬੋਲੀ , ਵੇਖੋ ਜੀ ! ਤੁਸੀਂ ਤਾਂ ਬਾਹਰ ਰਹਿੰਦੇ ਹੋ , ਸੌ ਜ਼ਰੂਰਤਾਂ ਹੁੰਦੀਆਂ ਨੇ ਬੱਚਿਆਂ ਦੀਆਂ ਤੇ ਘਰ ਦੀਆਂ… ਕਿਹੜੀ ਕਿਹੜੀ ਚੀਜ਼ ਦੇ ਲਈ ਨਿੱਤ ਹੀ ਸ਼ਹਿਰ ਤੁਰੀ ਰਹਾਂ …ਹਰਜੀਤ ਨਿੱਤ ਆਪਣੀ ਨੌਕਰੀ ਦੇ ਲਈ ਸ਼ਹਿਰ ਜਾਂਦਾ ਤੇ ਜੇ ਇਨਸਾਨੀਅਤ ਦੇ ਤੌਰ ਤੇ ਉਹ ਕੋਈ ਚੀਜ਼ ਲਿਆ ਦਿੰਦਾ ਤਾਂ ਇਸ ਵਿਚ ਕੀ ਗ਼ਲਤ ਹੈ ? ਤੁਹਾਨੂੰ ਤਾਂ ਉਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ……ਪਰ ਤੁਸੀਂ ਤਾਂ ਬੱਚੇ ਪਿੱਛੇ ਲੱਗ ਕੇ ਇਕ ਨੇਕ ਬੰਦੇ ਤੇ ਹੀ ਚਿੱਕੜ ਸੁੱਟਣ ਲੱਗ ਗਏ । ” ਇਹ ਸੁਣ ਕੇ ਸੰਦੀਪ ਦੇ ਪਿਤਾ ਨੇ ਸੰਦੀਪ ਨੂੰ ਹੀ ਝਿੜਕਿਆ ਤੇ ਅੱਗੇ ਤੋਂ ਅਜਿਹੀ ਸ਼ਿਕਾਇਤ ਨਾ ਕਰਨ ਲਈ ਕਿਹਾ ।
ਇੱਕ ਦਿਨ ਸੰਦੀਪ ਦਾ ਪਿਤਾ ਤੇ ਉਸ ਦੀ ਦਾਦੀ ਸ਼ਹਿਰ ਕਿਸੇ ਕੰਮ ਲਈ ਗਏ ਤੇ ਅਚਾਨਕ ਹੀ ਸੜਕ ਦੁਰਘਟਨਾ ਦੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ।ਹੁਣ ਸੰਦੀਪ ਦੇ ਘਰ ਮੁਸੀਬਤਾਂ ਦੇ ਪਹਾੜ ਟੁੱਟ ਪਏ । ਹੁਣ ਹਰਜੀਤ ਸ਼ਰ੍ਹੇਆਮ ਸੰਦੀਪ ਦੇ ਘਰ ਆਉਣ ਲੱਗ ਪਿਆ ਜਿਸ ਕਰਕੇ ਕਈ ਵਾਰ ਸੰਦੀਪ ਦੀ ਉਸ ਨਾਲ ਅਣਬਣ ਹੋਈ । ਫੇਰ ਇੱਕ ਦਿਨ ਸੰਦੀਪ ਦੀ ਮਾਂ ਨੇ ਹਰਜੀਤ ਨੂੰ ਕਿਹਾ ਕਿ ਨਿੱਤ ਨਿੱਤ ਮੈਂ ਇਸ ਕਲੇਸ਼ ਵਿਚ ਪੈਣਾ ਨਹੀਂ ਚਾਹੁੰਦੀ, ਚਲੋ ਕਿਧਰੇ ਨੱਸ ਚੱਲਦੇ ਹਾਂ ਤੇ ਅਗਲੀ ਸਵੇਰ ਸੰਦੀਪ ਦੀ ਮਾਂ ਹਰਜੀਤ ਦੇ ਨਾਲ ਉਨ੍ਹਾਂ ਨੂੰ ਛੱਡ ਕੇ ਚਲੀ ਗਈ । ਹੁਣ ਸੰਦੀਪ ਦੇ ਉੱਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਉਸ ਦੀਆਂ ਦੋ ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਉਸ ਉੱਪਰ ਆ ਗਈ ਅਤੇ ਰੋਜ਼ੀ ਰੋਟੀ ਕਮਾਉਣ ਦੀ ਵੀ ।
ਹੁਣ ਹਰਜੀਤ ਮਜ਼ਦੂਰੀ ਕਰਨ ਲੱਗਿਆ ਅਤੇ ਉਹ ਆਪਣੀਆਂ ਭੈਣਾਂ ਨੂੰ ਸੁਨਹਿਰੀ ਭਵਿੱਖ ਦੇਣਾ ਚਾਹੁੰਦਾ ਸੀ , ਇਸ ਲਈ ਉਸਨੇ ਪੜ੍ਹਾਈ ਵੀ ਜਾਰੀ ਰੱਖੀ । ਜਦੋਂ ਉਸ ਦੀਆਂ ਭੈਣਾਂ ਜਵਾਨ ਹੋਈਆਂ ਤਾਂ ਜਦੋਂ ਵੀ ਉਨ੍ਹਾਂ ਨੂੰ ਕੋਈ ਰਿਸ਼ਤਾ ਆਉਂਦਾ ਤਾਂ ਉਸ ਦੇ ਮਾਂ ਦੇ ਚਰਿੱਤਰ ਕਰਕੇ ਪੂਰਾ ਨਾ ਚੜ੍ਹਦਾ ਤੇ ਫੇਰ ਇਕ ਦਿਨ ਸੰਦੀਪ ਮੁਕਾਬਲੇ ਦੀ ਪ੍ਰੀਖਿਆ ਪਾਸ ਕਰ ਕੇ ਤਹਿਸੀਲਦਾਰ ਬਣ ਗਿਆ ਤੇ ਉਸ ਨੇ ਆਪਣੀਆਂ ਭੈਣਾਂ ਦਾ ਵਿਆਹ ਵਧੀਆ ਘਰ ਕੀਤਾ । ਤੇ ਸੰਦੀਪ ਸੋਚ ਰਿਹਾ ਸੀ ਕਿ ਜਦੋਂ ਸਾਡੀ ਮਾਂ ਸਾਨੂੰ ਛੱਡ ਕੇ ਗਏ ਅਸੀਂ ਏਨੀਆਂ ਮੁਸੀਬਤਾਂ ਵਿਚ ਆਪਣਾ ਬਚਪਨ ਗੁਜ਼ਾਰਿਆ ਤਾਂ , ਉਦੋਂ ਇਹ ਸਮਾਜ ਦੇ ਲੋਕ ਕਿੱਥੇ ਸੀ ? ਕਿਉਂ ਨਹੀਂ ਸਾਨੂੰ ਪੁੱਛਿਆ ਕਿ ਅਸੀਂ ਕਿਵੇਂ ਜ਼ਿੰਦਗੀ ਜਿਉਂ ਰਹੇ ਹਾਂ ? ਕਿਉਂ ਨਹੀਂ ਕਿਸੇ ਨੇ ਸਾਡੀ ਸਾਰ ਲਈ ?
ਤੇ ਅੱਜ ਜਦੋਂ ਅਸੀਂ ਸਾਰੀਆਂ ਮੁਸੀਬਤਾਂ ਨੂੰ ਪਾਰ ਕਰ ਲਿਆ ਤੇ ਹੁਣ ਇਹ ਮੇਰੇ ਉੱਤੇ ਮੇਰੀ ਮਾਂ ਨੂੰ ਨਾ ਸੰਭਾਲਣ ਦਾ ਇਲਜ਼ਾਮ ਲਗਾ ਰਹੇ ਨੇ । ਸੰਦੀਪ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਆਪਣੀ ਕੁਰਸੀ ਨੂੰ ਵੇਖਿਆ ਤੇ ਜ਼ੋਰ ਜ਼ੋਰ ਦੀ ਚੀਕਦਾ ਹੋਇਆ ਬਾਹਰ ਨੂੰ ਇਹ ਕਹਿੰਦਾ ਹੋਇਆ ਦੌੜਿਆ, ” ਇਸ ਕੁਰਸੀ ਉਪਰ ਪਹੁੰਚਣ ਦੇ ਲਈ ਮੈਂ ਆਪਣੀ ਮਾਂ ਦਾ ਬੀਜਿਆ ਹਰ ਕੰਡਾ ਚੁਗਿਆ ਤੇ ਬੜੀ ਹੀ ਮਿਹਨਤ ਨਾਲ ਇਸ ਕੁਰਸੀ ਤਕ ਪਹੁੰਚਿਆ, ਤੇ ਮੇਰੀ ਮਾਂ ਅੱਜ ਮਰਦੀ -ਮਰਦੀ ਵੀ ਕੰਡਿਆਂ ਦਾ ਰੁੱਗ ਭਰਕੇ ਮੇਰੀ ਇਸ ਕੁਰਸੀ ਦੇ ਉੱਪਰ ਰੱਖ ਗਈ ਤੇ ਮੈਨੂੰ ਇਸ ਉੱਪਰ ਬੈਠਣ ਜੋਗਾ ਨਹੀਂ ਛੱਡਿਆ… ਨਹੀਂ ! ਇਕ ਮਾਂ ਅਜਿਹਾ ਨਹੀਂ ਕਰ ਸਕਦੀ .. ਨਹੀਂ ! ਉਹ ਮੇਰੀ ਮਾਂ ਨਹੀ … ਉਹ ਮੇਰੀ ਮਾਂ ਨਹੀਂ ਸੀ .. ਉਹ ਇੱਕ ਡਾਇਣ ਸੀ.. ਉਹ ਇੱਕ ਡਾਇਣ ਸੀ ..ਤੇ ਮੈਂ ਡਾਇਣ ਦਾ ਪੁੱਤ ਸੀ …..ਮੈਂ ਡਾਇਣ ਦਾ ਪੁੱਤ ਸੀ … ਇਨ੍ਹਾਂ ਚੀਕਦਾ ਹੋਇਆ ਉਹ ਦਫ਼ਤਰ ਦੇ ਬਾਹਰ ਧਰਤੀ ਤੇ ਧੜੱਮ ਕਰਕੇ ਡਿੱਗ ਗਿਆ ਤੇ ਲੋਕ ਉਸ ਦੇ ਸ਼ਬਦਾਂ ਬਾਰੇ ਗੌਰ ਨਾਲ ਸੋਚਣ ਲੱਗੇ ।
ਪਰਮਜੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly