(ਸਮਾਜਵੀਕਲੀ)- ਖਾਸੀ ਪੁਰਾਣੀ ਗੱਲ ਐ ।
ਉਦੋਂ ਗੁਰਚੇਤ ਚਿੱਤਰਕਾਰ ਬਾਈ ਹੁਰਾਂ ਦੀ ਇੱਕ ਸੀ.ਡੀ. ਫ਼ਿਲਮ ਆਈ ਸੀ ”ਫੌਜੀ ਦੀ ਫੈਮਿਲੀ”
ਇਸ ਫ਼ਿਲਮ ਨੇ ਕਈ ਤਰ੍ਹਾਂ ਦੇ ਰਿਕਾਰਡ ਤੋੜ ਦਿੱਤੇ ਸਨ।
ਇਹ ਫ਼ਿਲਮ ਦੀਆਂ ਕਈ ਖ਼ੂਬੀਆਂ ਸਨ : ਇਸ ਸੀ.ਡੀ. ਫ਼ਿਲਮ ਨੇ ਬਹੁਤ ਕਮਾਈ ਕੀਤੀ। ਇਸ ਤੋਂ ਬਾਅਦ ਸੀ.ਡੀ. ਫ਼ਿਲਮਾਂ ਬਣਾਉਣ ਦਾ ਰਿਵਾਜ ਜਿਹਾ ਤੁਰ ਪਿਆ। ਕਮੇਡੀ ਆਲ਼ੇ ਪਾਸੇ ਤਾਂ ਹੜ੍ਹ ਈ ਆ ਗਿਆ ਸੀ।
ਪਹਿਲੀ ਵਾਰ ਇਹ ਫ਼ਿਲਮ ਮੈਂ ਆਪਣੇ ਨਾਨਕੇ ਘਰ ਵੇਖੇ ਸੀ, ਸਾਰੇ ਨਾਨਕੇ ਪਰਿਵਾਰ ਨਾਲ਼। ਅਸੀਂ ਹੱਸ–ਹੱਸ ਤੀਹਰੇ–ਚੌਹਰੇ ਹੋਏ ਸਾਂ।
ਉਸ ਤੋਂ ਬਾਅਦ ਇੰਨੇ ਸਾਲਾਂ ਬਾਅਦ ਪਿਛਲੇ ਸਾਲ ਹੀ ਗੁਰਚੇਤ ਚਿੱਤਰਕਾਰ ਬਾਈ ਨਾਲ਼ ਸੰਪਰਕ ਹੋਇਆ, ਰਮੇਸ਼ਵਰ ਸਿੰਘ ਬਾਈ ਜੀ ਸਦਕਾ।
ਮੈਂ ਗੁਰਚੇਤ ਬਾਈ ਨੂੰ ਕਿਹਾ ਸੀ ਕਿ – ਕੋਈ ਵੀ ਕੰਮ ਕਰਾਉਣੈ (ਸਕਰਿਪਟ ਲਿਖਣ ਵਾਲ਼ਾ, ਡਾਇਲਾੱਗ, ਐਕਟਿੰਗ, ਡਾਈਰੈਕਸ਼ਨ, ਕੁਝ ਵੀ) ਹੋਇਆ ਤਾਂ ਯਾਦ ਕਰਿਓ।
ਫੇਰ ਸਾਡਾ ਰਾਬਤਾ ਨਾ ਹੋ ਸਕਿਆ।
ਪਰਸੋਂ (10 ਦਸੰਬਰ 2021) ਸਵੇਰੇ–ਸਾਝਰੇ ਬਾਈ ਦਾ ਫ਼ੋਨ ਆ ਗਿਆ ਕਹਿੰਦਾ – ਬਾਈ ਤੇਰੇ ਤੋਂ ਇੱਕ ਰੋਲ ਕਰਵਾਉਣੈ, ਅੱਜ ਆ ਸਕਦੈਂ ?
ਮੈਂ ਕਿਹਾ – ਬਾਈ ਦੱਸ ਕਿੱਥੇ ਪਹੁੰਚਣੈ ?
ਬਾਈ ਕਹਿੰਦਾ – ਸਾਧ ਦਾ ਰੋਲ ਐ ?
ਮੈਂ ਬਾਈ ਨੂੰ ਆਪਣੀ ਤਾਜ਼ੀ ਸੈਲਫ਼ੀ ਭੇਜੀ ਤੇ ਕਿਹਾ – ਬਾਈ ਅੱਜ ਕੱਲ੍ਹ ਆਹ ਰੂਪ ਐ…. ਚੱਲਜੂ ?
ਬਾਈ ਕਹਿੰਦਾ – ਲੈ ਇਹ ਤਾਂ ਭੱਜੂ…..
ਲਓ ਜੀ ਮੈਂ ਸ਼ੂਟਿੰਗ ‘ਤੇ ਪਹੁੰਚ ਗਿਆ। ਬਹੁਤ ਨਜ਼ਾਰਾ ਆਇਆ ਕੰਮ ਕਰ ਕੇ।
ਇੱਕ ਹੋਰ ਕਲੋਲ ਹੋਈ। ਬਾਈ ਦੇ ਨਾਲ਼ ਦਿਲਾਵਰ ਸਿੱਧੂ ਵੀ ਸੀ (ਐਕਟਰ ਵੀ ਤੇ ਡਾਇਰਕੈਟਰ ਵੀ)। ਗੁਰਚੇਤ ਬਾਈ ਨੇ ਮੇਰੀ ਇੰਟਰੋ ਕਰਵਾਈ ਕਿ – ਇਹ ਸਰਬਜੀਤ ਐ, ਪਟਿਆਲੇ ਤੋਂ।
ਮੈਂ ਲਾਲੀ ਬਾਈ (ਦਿਲਾਵਰ ਸਿੱਧੂ) ਨੂੰ ਕਿਹਾ ਕਿ ਆਪਾਂ ਪਹਿਲਾਂ ਵੀ ਮਿਲੇ ਆਂ, ਉਹ ਮੰਨੇ ਈ ਨਾ। ਬੜਾ ਫਿੱਕਾ ਜਿਹਾ ਰਿਸਪਾਂਸ ਦਿੱਤਾ ਲਾਲੀ ਬਾਈ ਨੇ। ਮੈਂ ਸੋਚਿਆ ਕਿ ਬਹੁਤ ਪਹਿਲਾਂ ਮਿਲੇ ਸੀ, ਸ਼ਾਇਦ ਬਾਈ ਭੁੱਲ ਗਿਆ ਹੋਣਾ।
ਚਲੋ ਗੁਰਚੇਤ ਬਾਈ ਨੇ ਮੈਨੂੰ ਸਕਰਿਪਟ ਦਿੱਤੀ ਤੇ ਕਿਹਾ – ਆਪਣੇ ਜੇ ‘ਸਾਬ ਨਾਲ਼ ਤੋੜ–ਭੰਨ ਕਰਲੈ।
ਮੈਂ ਉਹ ਡਾਇਲਾੱਗ ਦੁਬਾਰਾ ਘੜ੍ਹੇ। ਜਦੋਂ ਲਾਲੀ ਬਾਈ ਨੂੰ ਪੜ੍ਹਕੇ ਸੁਣਾਏ, ਉਹ ਤਾਂ ਠਹਾਕੇ ਮਾਰ–ਮਾਰ ਹੱਸੇ। ਕਹਿੰਦਾ – ਆਹ ਤਾਂ ਨਜਾਰਾ ਈ ਬੰਨ੍ਹਤਾ ਯਾਰ ਤੂੰ।
ਚਲੋ ਜੀ, ਮੇਰੇ ਆਲ਼ਾ ਸੀਨ ਸੀ। ਗੁਰਚੇਤ ਬਾਈ ਤੇ ਲਾਲੀ ਬਾਈ, ਦੋਵੇਂ ਛੜੇ। ਮੈਂ ਸਾਧ ਬਣ ਕੇ ਉਨ੍ਹਾਂ ਦੇ ਘਰ ਜਾਨਾ। ਸੀਨ ਚੱਲ ਰਿਹਾ ਸੀ, ਕੈਮਰਾ ਰੋਲ ਸੀ, ਅਸੀਂ ਡਾਇਲਾੱਗ ਬੋਲ ਰਹੇ ਸਾਂ ਤਾਂ ਇਕਦਮ ਲਾਲੀ ਬਾਈ ਕਹਿੰਦਾ – ਓ ਯਾਰ ਤੂੰ ਸਵਾਮੀ ਨ੍ਹੀਂ ਹੈਗਾ ?
ਮੈਂ ਕਿਹਾ – ਹਾਂ ਬਾਈ ਮੈਂ ਸਵਾਮੀ ਈ ਆਂ….
ਫੇਰ ਲਾਲੀ ਬਾਈ ਬਹੁਤ ਹੱਸਿਆ, ਕਹਿੰਦਾ – ਮੈਂ ਸਾਲ਼ਾ ਕਦ ਦਾ ਸੋਚੀ ਜਾਨਾ ਬਈ ਇਹ ਸਾਲ਼ਾ ਘੋਨ–ਮੋਨ ਜਾ, ਲਗਦਾ ਤਾਂ ਸਵਾਮੀ ਅਰਗੈ ਪਰ ਇਹ ਆ ਕੇ ਮਿਲਿਆ ਫਾਰਮਲ ਜਾ। ਜੇ ਸਵਾਮੀ ਹੁੰਦਾ ਤਾਂ ਯਾਰਾਂ ਆਂਗੂੰ ਮਿਲਦਾ….
ਹਾਹਾਹਾਹਾਹਾ…… ਫੇਰ ਲਾਲੀ ਬਾਈ ਮੈਨੂੰ ਐਂ ਮਿਲਿਆ ਜਿਵੇਂ ਕੁੰਭ ਦੇ ਮੇਲੇ ‘ਤੇ ਵਿਛੜਿਆ ਭਾਈ ਹੁੰਦੈ…..
ਫੇਰ ਅਸੀਂ ਟੇਕ ਕੀਤਾ। ਵਧੀਆ ਰਿਹਾ।
ਮੈਨੂੰ ਬਹੁਤ ਖ਼ੁਸ਼ੀ ਐ ਕਿ ਜਿਹਨੂੰ ਕਦੇ ਫ਼ਿਲਮਾਂ ਵਿੱਚ ਦੇਖਿਆ ਸੀ ਉਸ ਗੁਰਚੇਤ ਚਿੱਤਰਕਾਰ ਬਾਈ ਨਾਲ਼ ਕੰਮ ਕਰਨ ਦਾ ਮੌਕਾ ਮਿਲਿਆ।
ਤੇ ਲਾਲੀ ਬਾਈ (ਦਿਲਾਵਰ ਸਿੱਧੂ) ਨੂੰ ਮੈਂ ਹੁਣ ਵੀ ਯਾਦ ਆਂ।
–ਜੈ ਹੋ
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly