(ਸਮਾਜ ਵੀਕਲੀ) ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਜ਼ਿੰਦਗੀ ਜਿਉਣ ਦਾ ਇੱਕ ਅੰਦਾਜ਼ ਹੈ। ਜ਼ਿੰਦਗੀ ਇੱਕ ਰੰਗ ਮੰਚ ਦੀ ਤਰ੍ਹਾਂ ਹੈ। ਜ਼ਿੰਦਾਦਿਲੀ ਨਾਲ ਜ਼ਿੰਦਗੀ ਨੂੰ ਜਿਊਣ ਵਾਲਾ ਇਨਸਾਨ ਹੀ ਕਾਮਯਾਬ ਹੁੰਦਾ ਹੈ। ਅੱਜ ਦੀ ਦੌੜ ਭੱਜ ਜ਼ਿੰਦਗੀ ਵਿੱਚ ਅਸੀਂ ਖੁਸ਼ ਰਹਿਣਾ ਹੀ ਭੁੱਲ ਚੁੱਕੇ ਹਾਂ। ਤੁਹਾਡੀ ਖੁਸ਼ੀ ਹਮੇਸ਼ਾ ਤੁਹਾਡੇ ਵਿਹਾਰ ਤੇ ਨਿਰਭਰ ਕਰਦੀ ਹੈ ਹੈ। ਇਹ ਜਰੂਰੀ ਨਹੀਂ ਹੁੰਦਾ ਕਿ ਤੁਹਾਡੇ ਕੋਲ ਕੀ ਕੁੱਝ ਹੈ?ਹਰ ਇਨਸਾਨ ਜ਼ਿੰਦਗੀ ਨੂੰ ਆਪਣੇ ਮੁਤਾਬਕ ਮਾਣਦਾ ਹੈ ।ਕੋਈ ਵਾਤਾਵਰਣ ਪ੍ਰੇਮੀ ਹੈ ।ਉਸਨੂੰ ਪੌਦੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਕੇ ਖੁਸ਼ੀ ਮਿਲਦੀ ਹੈ ।ਕੋਈ ਪੰਛੀਆਂ ਨੂੰ ਦਾਣਾ ਪਾ ਕੇ ਖੁਸ਼ ਹੁੰਦਾ ਹੈ ।ਕੋਈ ਲੋੜਵੰਦਾਂ ਦੀ ਮਦਦ ਕਰਕੇ ਖੁਸ਼ ਹੁੰਦਾ ਹੈ। ਕੋਈ ਛੋਟੇ ਬੱਚਿਆਂ, ਗਰੀਬ ਤਬਕੇ ਵਾਲਿਆਂ ਨੂੰ ਕਾਪੀ ਪੈਂਸਿਲਾਂ ਜੁੱਤੇ ਹੋਰ ਪਤਾ ਨਹੀਂ ਕਿਸ ਤਰ੍ਹਾਂ ਦੀ ਮਦਦ ਕਰਕੇ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ। ਵੈਸੇ ਵੀ ਇਨਸਾਨ ਦਾ ਫਰਜ਼ ਹੈ ਕਿ ਉਹ ਲੋੜਵੰਦਾਂ ਦੀ ਮਦਦ ਕਰੇ। ਸਮਾਜ ਵਿੱਚ ਵਿਚਰਦੇ ਹੋਏ ਅਸੀਂ ਦੇਖਦੇ ਹੀ ਹਾਂ ਕਿ ਕਈ ਲੋਕ ਚਾਹੇ ਉਹ ਕਿਸੇ ਸਮਾਜਿਕ ਜਥੇਬੰਦੀ ਨਾਲ ਜੁੜੇ ਹੋਣ, ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਚਾਹੇ ਉਹ ਬਲੱਡ ਡੋਨੇਸ਼ਨ ਕੈਂਪ ਲਗਾ ਲੈਣ, ਅੱਖਾਂ ਦੇ ਕੈਂਪ ਲਗਾ ਲੈਣ। ਜਾਂ ਗਰੀਬ ਪਰਿਵਾਰਾਂ ਵਿੱਚ ਰਾਸ਼ਨ ਦੇ ਦੇਣ ਕਿਸੇ ਗਰੀਬ ਪਰਿਵਾਰ ਦੀ ਧੀ ਦਾ ਵਿਆਹ ਕਰ ਦਿੰਦੇ ਹਨ, ਅਜਿਹੇ ਕਾਰਜਾਂ ਵਿੱਚ ਉਸਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਸੁੱਖ ਦੁੱਖ ਜ਼ਿੰਦਗੀ ਦੇ ਪਰਛਾਵੇ ਹਨ। ਹਰ ਇਨਸਾਨ ਦੀ ਜ਼ਿੰਦਗੀ ਇੱਕੋ ਸਾਰ ਨਹੀਂ ਹੁੰਦੀ ,ਹਰ ਇਨਸਾਨ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਸਮਾਂ ਵਡਮੁੱਲੀ ਦਾਤ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਸਮੇਂ ਦਾ ਅਹਿਮ ਰੋਲ ਹੁੰਦਾ ਹੈ। ਸਮਾਂ ਹਮੇਸ਼ਾ ਬਦਲਦਾ ਹੀ ਰਹਿੰਦਾ ਹੈ। ਇੱਕੋ ਜਿਹੇ ਦਿਨ ਹਰ ਇਨਸਾਨ ਤੇ ਨਹੀਂ ਰਹਿੰਦੇ ,ਕਦੇ ਉਸ ਨੂੰ ਉੱਚੀ ਜਗ੍ਹਾ ਤੇ ਸਮਾਂ ਬਿਠਾ ਦਿੰਦਾ ਹੈ ਕਦੇ ਉਸ ਨੂੰ ਵਾਧੇ ਘਾਟੇ ਹੋਣ ਕਰਕੇ ਨੀਚੇ ਵੀ ਆਉਣਾ ਪੈਂਦਾ ਹੈ। ਸਮਾਂ ਬੰਦੇ ਤੋਂ ਬਹੁਤ ਕੁਝ ਵੀ ਕਰਵਾ ਦਿੰਦਾ ਹੈ। ਸਮੇਂ ਦੀ ਨਬਜ਼ ਪਛਾਣਨ ਵਾਲਾ ਤੇ ਸਮੇਂ ਤੇ ਮੁਤਾਬਕ ਚੱਲਣ ਵਾਲੇ ਲੋਕ ਸਾਨੂੰ ਬਹੁਤ ਘੱਟ ਮਿਲਦੇ ਹਨ। ਸਾਡੇ ਜੀਵਨ ਵਿੱਚ ਬਹੁਤ ਚੁਣੌਤੀਆਂ ਹੁੰਦੀਆਂ ਹਨ, ਜੋ ਇਨਸਾਨ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਦਾ ਹੈ ਉਹ ਜਿੱਤ ਜਾਂਦੇ ਹਨ। ਜੋ ਇਹਨਾਂ ਚੁਣੌਤੀਆਂ ਦੇ ਅੱਗੇ ਹਾਰ ਜਾਂਦੇ ਹਨ ਉਹ ਫਿਰ ਦੁੱਖੀ ਹੀ ਰਹਿੰਦੇ ਹਨ।
ਸਾਡਾ ਕਈ ਅਜਿਹੇ ਇਨਸਾਨਾਂ ਨਾਲ ਵਾਹ ਪੈਂਦਾ ਹੈ ਜਿਨਾਂ ਦੀ ਜ਼ਿੰਦਗੀ ਵਿੱਚ ਸਿਰਫ ਸੰਘਰਸ਼ ਹੀ ਸੰਘਰਸ਼ ਹੈ । ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਖੁਸ਼ੀ ਨਹੀਂ ਹੈ। ਹਰ ਇਨਸਾਨ ਖੁਸ਼ੀ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ। ਜੇ ਅਮੀਰ ਤਬਕੇ ਦੀ ਗੱਲ ਕਰੀਏ ਉਹ ਵੱਡੀ ਗੱਡੀਆਂ ਜਾਂ ਵੱਡੇ ਵਿਲਾ ਖਰੀਦ ਕੇ ਖੁਸ਼ੀ ਮਹਿਸੂਸ ਕਰਦੇ ਹਨ ਜਾਂ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੇ ਕੋਲ ਤਾਂ ਬੰਬੀ ਕਮਾਈ ਹੈ, ਭਾਵ ਮੋਟਾ ਪੈਸਾ ਹੈ ।ਸਾਨੂੰ ਇਸੇ ਦਾ ਹੀ ਬਹੁਤ ਹੌਸਲਾ ਹੈ। ਅਮੀਰ ਲੋਕਾਂ ਕੋਲ ਪੈਸਾ ਬਹੁਤ ਹੁੰਦਾ ਹੈ ਉਹਨਾਂ ਨੂੰ ਚਿੰਤਾ ਹੁੰਦੀ ਹੈ ਕਿ ਅਸੀਂ ਆਪਣੇ ਪੈਸੇ ਨੂੰ ਕਿਸ ਤਰ੍ਹਾਂ ਦੋਗਣਾ ਤਿਗਣਾ ਕਰਨਾ ਹੈ ,ਕਿੱਥੇ ਲਗਾ ਕੇ ਇਹ ਧੰਨ ਵਧਾਇਆ ਜਾ ਸਕਦਾ ਹੈ ।ਉਹਨਾਂ ਨੂੰ ਇਹ ਚਿੰਤਾ ਵੀ ਹੁੰਦੀ ਹੈ ਕਿ ਉਹਨਾਂ ਕੋਲ ਬਹੁਤ ਪੈਸਾ ਹੈ ਕਦੇ ਇਨਕਮ ਟੈਕਸ ਜਾਂ ਛਾਪਾ ਹੀ ਨਾ ਪੈ ਜਾਵੇ। ਦੂਜੇ ਪਾਸੇ ਉਹ ਗਰੀਬ ਤਬਕਾ ਹੈ ਜੋ 400 ਰੁਪਏ ਦਿਹਾੜੀ ਕਮਾ ਕੇ ਵੀ ਖੁਸ਼ੀ ਮਹਿਸੂਸ ਕਰਦਾ ਹੈ। ਵਰਤਮਾਨ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਦਾ ਹੈ ।ਕੱਲ ਦੀ ਉਸਨੂੰ ਬਿਲਕੁਲ ਵੀ ਫਿਕਰ ਨਹੀਂ ਹੁੰਦੀ। ਹਰ ਇਨਸਾਨ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦਾ ਹੈ। ਹਰ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹੈ। ਜਦੋਂ ਅਸੀਂ ਖੁਸ਼ ਹੁੰਦੇ ਹਨ ਤਾਂ ਸਾਡੀ ਸੋਚ ਸਕਾਰਾਤਮਕ ਹੁੰਦੀ ਹੈ। ਨਕਾਰਾਤਮਕ ਭਾਵ ਸਾਡੇ ਦਿਮਾਗ ਵਿੱਚ ਨਹੀਂ ਆਉਂਦੇ ਹਨ। ਪਰ ਜਦੋਂ ਅਸੀਂ ਉਦਾਸ ਹੁੰਦੇ ਹਨ ਸਾਡੇ ਦਿਮਾਗ ਵਿੱਚ ਨਾਂਹ ਪੱਖੀ ਵਿਚਾਰ ਬਹੁਤ ਆ ਜਾਂਦੇ ਹਨ ਜੋ ਕਿ ਸਾਡੀ ਅਸਫਲਤਾ ਦਾ ਬਹੁਤ ਵੱਡਾ ਕਾਰਨ ਹਨ।
ਛੋਟੇ ਤਬਕੇ ਵਾਲੇ ਲੋਕ ਜਿਨਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਨਾ ਬਰਾਬਰ ਸਾਧਨ ਹੁੰਦੇ ਹਨ, ਉਹ ਕਦੇ ਵੀ ਆਪਣੀ ਤੁਲਨਾ ਕਿਸੇ ਹੋਰ ਨਾਲ ਨਹੀਂ ਕਰਦੇ ਹਨ। ਜਿੰਨਾ ਵੀ ਉਹਨਾਂ ਕੋਲ ਹੁੰਦਾ ਹੈ ਉਸੇ ਵਿੱਚ ਹੀ ਖੁਸ਼ ਰਹਿੰਦੇ ਹਨ। ਸਾਡੇ ਆਲੇ ਦੁਆਲੇ ਕਈ ਅਜਿਹੇ ਪਰਿਵਾਰ ਹਨ ਸਭ ਕੁਝ ਹੋਣ ਦੇ ਬਾਵਜੂਦ ਵੀ ਸੰਤੁਸ਼ਟ ਨਹੀਂ ਹਨ, ਉਹ ਆਪਣੀ ਤੁਲਨਾ ਵੱਡੇ ਲੋਕਾਂ ਨਾਲ ਕਰਦੇ ਹਨ। ਵਿਚਾਰ ਕਰਨ ਵਾਲੀ ਗੱਲ ਹੈ ਕਿ ਜੇ ਪਰਮਾਤਮਾ ਸਾਨੂੰ ਵਧੀਆ ਰਿਜ਼ਕ ,ਗੱਡੀ, ਵਧੀਆ ਕੱਪੜੇ ਰਹਿਣ ਲਈ ਵਧੀਆ ਘਰ ਦੇ ਰਿਹਾ ਹੈ ਤਾਂ ਅਸੀਂ ਉਸਦਾ ਸ਼ੁਕਰ ਗੁਜ਼ਾਰ ਕਿਉਂ ਨਹੀਂ ਹੁੰਦੇ। ਕੀ ਕਦੇ ਅਸੀਂ ਆਪਣੀ ਤੁਲਨਾ ਛੋਟੇ ਤਬਕੇ ਨਾਲ ਕੀਤੀ ਹੈ। ਜੋ ਵੀ ਸਾਨੂੰ ਜ਼ਿੰਦਗੀ ਵਿੱਚ ਮਿਲਿਆ ਹੈ ਅਸੀਂ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਵੱਡੇ ਮਹਾ ਨਗਰਾਂ ਵਿੱਚ ਜਾ ਕੇ ਦੇਖੋ ਜਿੱਥੇ ਉਹ ਪਾਣੀ ਵਾਲੇ ਪਾਈਪ ਪਏ ਹੁੰਦੇ ਹਨ ਉਹਨਾਂ ਵਿੱਚ ਕਈ ਅਜਿਹੇ ਪਰਿਵਾਰ ਆਪਣਾ ਸਮਾਂ ਗੁਜ਼ਾਰਦੇ ਹਨ।
ਹੌਸਲਾ ਤੁਹਾਡੇ ਅੰਦਰ ਅਜਿਹੀ ਸ਼ਕਤੀ ਭਰ ਦਿੰਦਾ ਹੈ ਕਿ ਤੁਹਾਡਾ ਅੰਦਰਲਾ ਮਜਬੂਤ ਹੋ ਜਾਂਦਾ ਹੈ। ਆਪਣੇ ਆਪ ਤੇ ਭਰੋਸਾ ਰੱਖੋ ,ਆਤਮ ਵਿਸ਼ਵਾਸ ਨਾਲ ਤੁਸੀਂ ਵੱਡੀ ਤੋਂ ਵੱਡੀ ਮੰਜ਼ਿਲ ਸਰ ਕਰ ਸਕਦੇ ਹੋ। ਪੈਸਾ ਦੌਲਤ ਨਾਲ ਤੁਸੀਂ ਪਦਾਰਥਵਾਦੀ ਗੁਜ਼ਰਾਨ ਵਾਲੀ ਚੀਜ਼ਾਂ ਖਰੀਦ ਸਕਦੇ ਹੋ, ਪਰ ਜੋ ਸਕੂਨ , ਖੁਸ਼ੀ ਹੈ ਉਹ ਪੈਸੇ ਨਾਲ ਨਹੀਂ ਮਿਲ ਸਕਦਾ। ਅੱਜ ਦੇ ਸਮੇਂ ਵਿੱਚ ਰਿਸ਼ਤੇ ਮਤਲਬ ਦੇ ਰਹਿ ਚੁੱਕੇ ਹਨ ।ਸਾਰੇ ਪਰਿਵਾਰ ਆਪਣੇ ਕੰਮਾਂਕਾਰਾਂ ਵਿੱਚ ਰੁੱਝੇ ਹੋਏ ਹਨ। ਮੋਬਾਇਲਾਂ ਨੇ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਹੈ। ਖੁਸ਼ਹਾਲ ਜ਼ਿੰਦਗੀ ਜਿਊਣਾ ਅਸੀਂ ਭੁੱਲ ਚੁੱਕੇ ਹਾਂ। ਦੇਖੋ ਅੱਜ ਦੀ ਮਹਿੰਗਾਈ ਵਿੱਚ ਪੈਸਾ ਹੋਣਾ ਬਹੁਤ ਜਰੂਰੀ ਹੈ। ਪੈਸਾ ਗੁਜ਼ਰਾਨ ਲਈ ਹੈ, ਪਰ ਪੈਸੇ ਦਾ ਕਦੇ ਵੀ ਘੁਮੰਡ ਨਾ ਕਰੋ। ਜਿੱਥੇ ਚਾਰ ਲੋਕਾਂ ਨੇ ਨਾਲ ਖੜੇ ਹੋਣਾ ਹੈ, ਉੱਥੇ ਪੈਸਾ ਵੀ ਕੰਮ ਨਹੀਂ ਆਉਂਦਾ। ਸ਼ਾਮ ਨੂੰ ਘਰ ਆ ਕੇ ਜਦੋਂ ਅਸੀਂ ਆਪਣੇ ਪਰਿਵਾਰ ਨਾਲ ਬੈਠਦੇ ਹਾਂ ਤਾਂ ਸਾਨੂੰ ਕਿੰਨਾ ਸਕੂਨ ਮਿਲਦਾ ਹਾਂ। ਇਕੱਠੇ ਅਸੀ ਪਰਿਵਾਰ ਨਾਲ ਗੱਲਾਂ ਸਾਂਝੀ ਕਰਦੇ ਹਨ । ਛੋਟੇ ਬੱਚੇ ਸਾਡੇ ਨਾਲ ਖੇਡਦੇ ਹਨ, ਸਾਨੂੰ ਅੰਦਰੋਂ ਅੰਦਰੀ ਬਹੁਤ ਖੁਸ਼ੀ ਮਿਲਦੀ ਹੈ। ਸਾਡਾ ਸਾਰੇ ਦਿਨ ਦਾ ਥਕੇਵਾਂ ਉਤਰ ਜਾਂਦਾ ਹੈ।
ਹਮੇਸ਼ਾ ਆਪਣੀ ਹੱਕ ਦੀ ਕਮਾਈ ਕਰੋ ,ਕਿਸੇ ਦਾ ਮਾੜਾ ਨਾ ਸੋਚੋ ।ਕਿਸੇ ਦਾ ਹੱਕ ਮਾਰ ਕੇ ਆਪਣੇ ਘਰ ਪੈਸਾ ਲੈ ਕੇ ਨਾ ਆਓ। ਅਜੋਕਾ ਮਨੁੱਖ ਆਪਣੇ ਦੁੱਖ ਨਾਲੋਂ ਜਿਆਦਾ ਦੁੱਖੀ ਨਹੀਂ ਹੈ ,ਦੂਜਿਆਂ ਦੇ ਸੁੱਖ ਤੋਂ ਦੁਖੀ ਹੈ। ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਧਿਆਨ ਘੱਟ ਦਈਏ। ਸਵੈ ਪੜਚੋਲ ਕਰੀਏ, ਆਪਣੀ ਗਲਤੀਆਂ ਤੋਂ ਸਿੱਖੀਏ। ਉਹ ਕੰਮ ਕਰੀਏ ਜੋ ਤੁਹਾਨੂੰ ਸਕੂਨ ਦਵੇ। ਵੱਡੇ ਮੌਕੇ ਦੀ ਭਾਲ ਵਿੱਚ ਛੋਟੇ ਮੌਕੇ ਨੂੰ ਨਾ ਗਵਾਈਏ। ਛੋਟੀ ਛੋਟੀ ਖੁਸ਼ੀਆਂ ਨੂੰ ਮਾਨਣਾ ਸਿੱਖੀਏ। ਜਿੰਨੀ ਵਧੀਆ ਅਸੀ ਜ਼ਿੰਦਗੀ ਬਸਰ ਕਰਾਂਗੇ, ਬਿਮਾਰੀਆਂ ਤੋਂ ਵੀ ਬਚ ਕੇ ਰਹਾਂਗੇ। ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਈਏ।ਜਦੋਂ ਤੁਸੀਂ ਖੁਸ਼ ਹੁੰਦੇ ਹੋ ਤਾਂ ਤੁਸੀਂ ਆਪਣੀ ਖੁਸ਼ੀ ਦੂਜਿਆਂ ਨਾਲ ਵੀ ਸਾਂਝੀ ਕਰ ਸਕਦੇ ਹੋ। ਕਈ ਵਾਰ ਕਈ ਚੀਜ਼ਾਂ ਸਾਡੇ ਨਿਰਾਸ਼ਾ ਦਾ ਕਾਰਨ ਬਣ ਜਾਂਦੀਆਂ ਹਨ। ਕਿਸੇ ਤੋਂ ਵੀ ਜ਼ਿਆਦਾ ਉਮੀਦ ਨਾ ਰੱਖੋ। ਇਹੀ ਖ਼ੂਬਸੂਰਤ ਜ਼ਿੰਦਗੀ ਦਾ ਨਿਚੋੜ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ,7888966168



