HOME ” ਸਮਾਜਿਕ ਚਿੰਤਾਵਾਂ ਵਿੱਚ ਗ੍ਰਸਤ ਪੁਸਤਕ – ਲਹੂ – ਲੁਹਾਣ”

” ਸਮਾਜਿਕ ਚਿੰਤਾਵਾਂ ਵਿੱਚ ਗ੍ਰਸਤ ਪੁਸਤਕ – ਲਹੂ – ਲੁਹਾਣ”

3

                           
ਪੁਸਤਕ ਦਾ ਨਾਂ –         ਲਹੂ – ਲੁਹਾਣ  (ਗਜ਼ਲਾਂਜਲੀ)
ਲੇਖਕ –                    ਅੰਮ੍ਰਿਤਪਾਲ ਸਿੰਘ ਸੈ਼ਦਾ
ਪੰਨੇ –                       104 ਕੀਮਤ – 200/- ਰੁਪਏ
ਪ੍ਰਕਾਸ਼ਕ –                ਸ਼ਬਦਾਂਜਲੀ ਪਬਲੀਕੇਸਨ,ਪਟਿਆਲਾ।
ਰਿਵਿਊਕਾਰ –            ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

   (ਸਮਾਜ ਵੀਕਲੀ)   ਹਥਲੀ ਪੁਸਤਕ ” ਲਹੂ – ਲੁਹਾਣ ” ਪ੍ਰਸਿੱਧ ਗ਼ਜ਼ਲਗੋ ਅੰਮ੍ਰਿਤਪਾਲ ਸਿੰਘ ਸੈ਼ਦਾ ਦਾ ਚੋਥਾ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ ਤਿੰਨ ਗ਼ਜ਼ਲ ਸੰਗ੍ਰਹਿ ਗ਼ਜ਼ਲ ਪ੍ਰੇਮੀਆਂ ਦੀ ਝੋਲੀ ਪਾਏ ਹਨ। ਉਂਝ ਉਹਨੇ ਸੰਪਾਦਕ, ਅਨੁਵਾਦ ਅਤੇ ਲਿਪੀ ਅੰਤਰ ਦਾ ਕਾਰਜ ਵੀ ਕੀਤਾ ਹੈ। ਪਿਛਲੇ ਸੱਤ ਸਾਲਾਂ ਵਿੱਚ ਉਸ ਦੇ ਤਿੰਨ ਗ਼ਜ਼ਲਾਂਜਲੀ ਸੰਗ੍ਰਹਿ ਮੌਲਿਕ ਤੌਰ ਤੇ ਆਏ ਹਨ ਜਿਹਨਾਂ ਵਿੱਚ ਫ਼ਸਲ ਧੁੱਪਾਂ ਦੀ -2019, ਟੂਣੇਹਾਰੀ ਰੁੱਤ ਦਾ ਜਾਦੂ – 2022 ਅਤੇ ਲਹੂ ਕੇ ਗੁਲਾਬ (ਹਿੰਦੀ) -2024 ਪਰ ਉਹ ਸਾਹਿਤਕ ਖੇਤਰ ਨਾਲ ਅਸਲ ਰੂਪ ਵਿੱਚ 1985 ਤੋਂ ਕ੍ਰਿਤਾਰਥ ਹੈ।
ਇਸ ਗ਼ਜ਼ਲ ਸੰਗ੍ਰਹਿ ਦਾ ਮੁਤਾਲਿਆ ਕਰਨ ਸਮੇਂ ਇਹ ਪਤਾ ਲੱਗਿਆ ਕਿ ਇਹ ਪੁਸਤਕ ਉਸਨੇ ਕਲਮ ਸਿਪਾਹੀ ਦੇ ਸੰਕਲਪ ਨੂੰ ਸਮਰਪਿਤ ਕੀਤੀ ਹੈ। ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪੁਸਤਕ ਦਾ ਵਧੇਰੇ ਹਿੱਸਾ ਉਸ ਦੀਆਂ ਗ਼ਜ਼ਲਾਂ ਦਾ ਹੈ ਜਿਸ ਵਿਚ ਕਰੀਬ 72 ਗ਼ਜ਼ਲਾਂ ਦਰਜ ਹਨ  ਅਤੇ ਅੰਤ ਵਿੱਚ ਸ਼੍ਰੋਮਣੀ ਸਾਹਿਤਕਾਰ ਡਾਕਟਰ ਅਮਰ ਕੋਮਲ ਨਾਲ ਗੁਫ਼ਤਗੂ ਵੀ ਸ਼ਾਮਲ ਕੀਤੀ ਹੈ। ਇਸ ਪੁਸਤਕ ਵਿੱਚ ਵਧੇਰੇ ਵੱਡੀਆਂ ਬਹਿਰਾਂ ਦੀਆਂ ਗ਼ਜ਼ਲਾਂ ਹਨ।
ਪੁਸਤਕ ਵਿਚ ਜ਼ਿੰਦਗੀ ਗੁਜਾਰਨਾ, ਨਸ਼ਾ, ਸਮੇਂ ਦਾ ਰੁਖ਼, ਕਿਸਾਨਾਂ ਦੀ ਪੀੜ, ਗੈਂਗਸਟਰਵਾਦ, ਜਲਣ, ਖ਼ੁਦਗਰਜ਼ੀ, ਦੁੱਖ ਸੁੱਖ , ਵਿਖਾਵੇ, ਪਰਿਵਾਰਾਂ ਦੀ ਟੁੱਟ ਭੱਜ, ਜ਼ਿਦਬਾਜੀ ਵਰਗੀਆਂ ਵਿਸੰਗਤੀਆਂ ਤੇ ਚਿੰਤਾ ਪਰਗਟ ਕੀਤੀ ਗਈ ਹੈ। ਉਸ ਦੀ ਹਰ ਗ਼ਜ਼ਲ ਤੁਲਨਾਤਮਿਕਤਾ ਪੇਸ਼ ਕਰਦੀ ਹੈ ਜਿਵੇਂ ਕਿ ਸੁਪਨੇ ਦੀ ਪੂਛਲ ਤਾਰੇ ਨਾਲ, ਖੁਦਕੁਸ਼ੀ ਜੀਣ ਦੀ ਜਾਚ, ਕੌਰਵ ਦ੍ਰੋਪਦੀ, ਅੱਥਰੂ ਪੱਥਰ, ਮਾਰੂਥਲ ਸਾਗਰ ਅਤੇ ਬੁਜ਼ਦਿਲ ਕਾਫ਼ੂਰ ਆਦਿ।
ਅਜੋਕੇ ਜ਼ਮਾਨੇ ਵਿਚ ਕੋਈ ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਨਹੀਂ ਹੁੰਦਾ ਬਲਕਿ ਦੁੱਖੀ ਦੇਖ ਕੇ ਹੀ ਖ਼ੁਸ਼ ਹੁੰਦਾ ਹੈ। ਉਸ ਨੂੰ ਇਹ ਲੱਗਿਆ ਰਹਿੰਦਾ ਹੈ ਕਿ ਉਹ ਖੁਸ਼ ਕਿਵੇਂ ਹੈ? ਇਹ ਅੱਜ ਦੀ ਮਨੁੱਖਤਾ ਦੀ ਮਾਨਸਿਕਤਾ ਬਣ ਗਈ ਹੈ। ਹਰ ਦੁੱਖ ਵਿਚ ਮਜ਼ਾਕ ਉਡਾਉਣਾ ਜਿਵੇਂ ਉਸ ਦਾ ਕਰਮ ਹੋਵੇ। ਇਸੇ ਸੰਦਰਭ ਵਿੱਚ ਗ਼ਜ਼ਲ ਦਾ ਸ਼ਿਅਰ ਤੁਹਾਡੇ ਮੁਤਾਲੇ ਹਿਤ –
” ਅਸੀਂ ਮਿੱਤਰਾਂ ਦੀ ਖਾਤਿਰ ਸਾਹ ਵੀ ਗਿਰਵੀ ਰੱਖ ਲਏ ਐਪਰ, ਮਿਰੇ ਦੁੱਖਾਂ ਤੇ ਮਿੱਤਰਾਂ ਨੂੰ ਖੁਸ਼ੀ ਕੁਝ ਜਾਪਦੀ ਹੈ ਕਿਉਂ।” (ਪੰਨਾ 28)
ਗ਼ਜ਼ਲਾਂ ਵਿਚ ਵਿਖਾਵੇ ਦੇ ਚਲਨ ਦੀ ਗੱਲ ਵੀ ਛੋਹੀ ਹੈ ਕਿ ਵਰਤਮਾਨ ਸਮੇਂ ਕੋਈ ਕਿਸੇ ਦੇ ਬਾਹਰੀ ਵਿਖਾਵੇ ਤੋਂ ਅੰਤਰਮਨ ਦੀ ਅਵਸਥਾ ਤੋਂ ਜਾਣੂ ਨਹੀਂ ਹੋ ਸਕਦਾ। ਸਿਰਫ ਬਾਹਰੀ ਵਿਖਾਵੇ ਤੋਂ ਹੀ ਅੰਦਾਜ਼ਾ ਲਾਉਣਾ ਗ਼ਲਤ ਹੁੰਦਾ ਹੈ। ਇਸ ਕਰਕੇ ਕਿਸੇ ਦੇ ਬਾਹਰੀ ਵਿਖਾਵੇ ਤੋਂ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਬਾਹਰੋਂ ਖ਼ੁਸ਼ ਮਨੁੱਖ ਦੇ ਅੰਦਰ ਕਿੰਨਾ ਸੰਤਾਪ ਹੁੰਦੇ ਅਤੇ ਇਸ ਦੇ ਉਲਟ ਦੁੱਖੀ ਦਿਸਦਾ ਮਨੁੱਖ ਕਿੰਨਾ ਖੁਸ਼ਹਾਲ ਹੋ ਸਕਦਾ ਹੈ। ਗ਼ਜ਼ਲ ਦਾ ਸ਼ਿਅਰ ਅਰਜ਼ ਹੈ –
” ਬੜਾ ਕੁਰਲਾਂਦੇ ਦਿਲ ਅੰਦਰ ਤੇ ਬਾਹਰ ਹੱਸਦਾ ਹੁੰਦੈ,
ਹਜ਼ਾਰਾਂ ਦੁੱਖ ਹੰਢਾਂਦਾ ਹੋਇਆ ਜੋਕਰ ਹੱਸਦਾ ਹੁੰਦੈ। ” (ਪੰਨਾ 32)
ਪੁਸਤਕ ਵਿਚਲੀ ਗ਼ਜ਼ਲ ਰਾਹੀਂ ਸ਼ਾਇਰ ਨੇ ਗਾਜ਼ਾ ਦੇ ਦਰਦ ਨੂੰ ਵੀ ਛੋਹਿਆ ਹੈ। ਸ਼ਾਇਦ ਇਸ ਗ਼ਜ਼ਲ ਦੇ ਅਧਾਰ ਉਪਰ ਹੀ ਉਸ ਨੇ ਪੁਸਤਕ ਦਾ ਨਾਮਕਰਨ ਲਹੂ – ਲੁਹਾਣ ਕੀਤਾ ਹੈ। ਭਿਆਨਕ ਖੰਡਰ, ਮਾਰੂ ਹਥਿਆਰ, ਜ਼ਾਲਿਮ ਸਿਆਸਤ, ਨਸਲਕੁਸ਼ੀ ਆਦਿ ਦੇ ਪ੍ਰਤੀਬਿੰਬ ਸਿਰਜਦੀ ਗ਼ਜ਼ਲ ਗਾਜ਼ਾ ਦੇ ਹਾਲਾਤਾਂ ਤੇ ਲੂ ਕੰਡੇ ਖੜੇ ਕਰਦੀ ਹੈ।
ਉਸ ਆਧੁਨਿਕ ਸਹੂਲਤਾਂ ਤੇ ਤਨਜ ਕਸਦਿਆਂ ਮੋਬਾਈਲਾਂ ਨੂੰ ਅਲਾਦੀਨ ਦਾ ਚਿਰਾਗ ਆਖਿਆ ਹੈ। ਕਲ਼ਮ ਉਸ ਨੂੰ ਓਝੜ ਰਾਤ, ਜੁਗਨੂੰ ਦਾ ਦਰਦ, ਵੀਰਾਨੀ, ਲੁੱਟ ਘੱਸੁਟ ਅਤੇ ਬਿਰਧ ਮਾਂ ਬਾਪ ਦਾ ਦਰਦ ਸਹਿੰਦੀ ਲਗਦੀ ਹੈ। ਇਸੇ ਕਰਕੇ ਉਹ ਬਿਰਧ ਆਸ਼ਰਮ ਦੀ ਗੱਲ ਵੀ ਛੇੜਦੀ ਹੈ। ਜਦੋਂ ਗ਼ਜ਼ਲ ਦਾ ਸ਼ਿਅਰ ਪਾਠਕਾਂ ਦੀ ਨਜ਼ਰ ਹੁੰਦਾ ਹੈ –
” ਇਹ ਲਾਹਨਤ ਹੈ ਕਿ ਬਿਰਧ ਆਸ਼ਰਮ ਚ ਰੁਲਦੇ ਹਨ ਕਈ ਮਾਪੇ,
ਕਿ ਕਰਜ਼ਾ ਮਾਪਿਆਂ ਦਾ ਸ਼ਖ਼ਸ ਕੋਈ ਤਾਰ ਨਾ ਸਕਿਆ। ” (ਪੰਨਾ 55)
ਮੌਜੂਦਾ ਸਮੇਂ ਵਿੱਚ ਲੋਕਾਂ ਦੀ ਦੌਲਤ ਅਤੇ ਸ਼ਾਨ ਬਾਣ ਲਈ ਲਗੀ ਦੌੜ ਨੇ ਸਮਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਨੂੰ ਬਲੀ ਚਾੜ੍ਹ ਦਿੱਤਾ ਹੈ। ਹਰ ਮਨੁੱਖ ਨੂੰ ਇਹ ਭੁੱਖ ਬਣੀ ਹੋਈ ਹੈ ਕਿ ਕਿਵੇਂ ਨਾ ਕਿਵੇਂ, ਕਿਸ ਤਰ੍ਹਾਂ ਦੌਲਤ ਨੂੰ ਹਥਿਆਇਆ ਜਾਂ ਇਕੱਠਾ ਕੀਤਾ ਜਾ ਸਕੇ ਜਾਂ ਫਿਰ ਆਪਣੀ ਪ੍ਰਸੰਸਾ ਕਰਕੇ ਆਪਣੀ ਸ਼ਾਨ ਵਧਾਈ ਜਾ ਸਕੇ। ਇਸ ਲਈ ਉਹ ਕੋਈ ਵੀ ਹੱਥ ਕੰਡਾ ਵਰਤਣ ਤੋਂ ਗ਼ੁਰੇਜ਼ ਨਹੀਂ ਕਰਦਾ। ਪਰ ਕੁਝ ਕੂ ਮਨੁੱਖ ਹਨ ਜਿਹੜੇ ਈਮਾਨ, ਦਾਨ, ਮੁਸਕਾਨ ਅਤੇ ਗਿਆਨ ਨੂੰ ਅਪਣਾ ਜੀਵਨ ਟੀਚਾ ਮਿਥਦੇ ਹਨ।
ਪੁਸਤਕ ਵਿਚਲੀਆਂ ਗ਼ਜ਼ਲਾਂ ਦੇ ਦੋ ਸ਼ਿਅਰ ਤੁਹਾਡੀ ਨਜ਼ਰ ਕਰ ਰਿਹਾਂ। ਗੌਰ ਫਰਮਾਓਣਾ –
” ਬਦੀ ਤੇ ਨੇਕੀ ਦਾ ਪੁਤਲਾ ਹੈ ਬੰਦਾ ਇਸ ਲਈ ਲਾਜ਼ਿਮ,
ਹਰਿੱਕ ਬੰਦੇ ਚ ਨੇਕੀ ਤੇ ਬਦੀ ਦਾ ਦਵੰਦ ਹੁੰਦਾ ਹੈ। ” (ਪੰਨਾ 47) ਅਤੇ
” ਸਾਂਝਾ ਚੁੱਲ੍ਹਾ ਸਾਂਝਾ ਟੱਬਰ ਸੁਫ਼ਨਾ ਹੋਇਆ ਬੀਤੇ ਦਾ,
ਤੱਕ ਤੱਕ ਕੇ ਟੁਟਦੇ ਹੋਏ ਪਰਿਵਾਰਾਂ ਨੂੰ ਦਿਲ ਕੁਰਲਾਂਦੇ। ” (ਪੰਨਾ 64)
ਇਹਨਾਂ ਸ਼ਿਅਰਾਂ ਵਿਚ ਸਮਾਜਿਕ ਸਚਾਈ ਪ੍ਰਗਟ ਹੁੰਦੀ ਜਾਪਦੀ ਹੈ। ਇਸੇ ਸੰਦਰਭ ਵਿੱਚ ਗ਼ਜ਼ਲ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਂਝ ਨੂੰ ਯਾਦ ਵੀ ਕਰਦਾ ਹੈ ਅਤੇ ਇਸ ਸਾਂਝ ਨੂੰ ਇਕੋ ਜਿਹਾ ਵੀ ਮੰਨਦਾ ਹੈ। ਕਿਉ ਕਿ ਭਾਵੇਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਦੋਨਾਂ ਪੰਜਾਬਾਂ ਵਿਚ ਬਹੁਤ ਕੁਝ ਸਾਂਝਾ ਰਿਹਾ ਹੈ ਅਤੇ ਅਜੇ ਵੀ ਸਾਂਝਾ ਹੈ। ਦੋਨਾਂ ਪੰਜਾਬਾਂ ਦੇ ਵਸਨੀਕਾਂ ਨੂੰ ਵਿਛੜਨ ਦੀ ਆਹ ਵੀ ਹੈ ਤੇ ਮਿਲਣ ਦੀ ਚਾਹ ਵੀ ਹੈ। ਧਰਤੀ ਵੰਡੀ ਜਾ ਸਕਦੀ ਹੈ ਪਰ ਮਨੁੱਖ ਦੇ ਅਹਿਸਾਸ, ਪ੍ਰੇਮ ਅਤੇ ਭਾਈਚਾਰੇ ਨੂੰ ਨਹੀਂ ਵੰਡਿਆ ਜਾ ਸਕਦਾ ਕਿਉੰਕਿ ਸਾਡੇ ਗੁਰੂ, ਪੀਰ, ਫ਼ਕੀਰ ਸਾਂਝੇ ਹਨ। ਗੁਰ ਨਾਨਕ ਦੇਵ ਜੀ, ਬੁੱਲੇ ਸ਼ਾਹ ਅਤੇ ਬੋਲੀ ਸਾਂਝੀ ਹੈ। ਗ਼ਜ਼ਲ ਰੱਬ ਨੂੰ ਮਿਲਣ ਦੀ ਫਰਿਆਦ ਕਰਦੀ ਉਡੀਕ ਕਰਦੀ ਹੈ ਕਿ ਕਦੋਂ ਉਹ ਆਪਣੇ ਦੁੱਖ ਦਰਦ ਦਾ ਪ੍ਰਗਟਾਵਾ ਰੱਬ ਅੱਗੇ ਕਰ ਸਕੇ। ਵਾਪਰਦੇ ਦੰਗੇ ਫਸਾਦਾਂ, ਭਿਅੰਕਰ ਅਤਿਆਚਾਰ, ਨਰਕੀ ਜ਼ਿੰਦਗੀ, ਹੁੰਦੀ ਰਿਸ਼ਤਿਆਂ ਦੀ ਤ੍ਰਾਸਦੀ ਨੂੰ ਦੱਸਣ ਲਈ ਸੰਸਾਰ ਢੂੰਡਦਾ ਨਜ਼ਰੀਂ ਪੈਂਦਾ ਹੈ।
ਕਿਉੰਕਿ ਸ਼ਾਇਰ ਉਰਦੂ, ਹਿੰਦੀ ਦਾ ਪੂਰਨ ਗਿਆਨੀ ਵੀ ਹੈ, ਇਸ ਲਈ ਇਸ ਪੁਸਤਕ ਦੇ ਪਹਿਲੇ ਗ਼ਜ਼ਲ ਭਾਗ ਵਿੱਚ ਕਾਫੀ ਉਰਦੂ, ਹਿੰਦੀ ਦੇ ਲਫ਼ਜ਼ ਵੀ ਵਰਤੋਂ ਵਿੱਚ ਲਿਆਂਦੇ ਗਏ ਹਨ ਜਿਵੇਂ ਕਿ ਮਸਤੂਲ, ਜਿਰ੍ਹਾ ਬਖਤਰ ਅਤੇ ਆਫ਼ਤਾਬ ਆਦਿ। ਇਹ ਸੰਜੀਦਾ ਕਿਸਮ ਦੀ ਸ਼ਾਇਰੀ ਹੈ ਜਿਸ ਵਿਚ ਗੰਭੀਰਤਾ ਮਿਲਦੀ ਹੈ।
ਹੁਣ ਜੇਕਰ ਅਸੀਂ ਪੁਸਤਕ ਦੇ ਦੂਜੇ ਭਾਗ ਦਾ ਜਿਕਰ ਕਰੀਏ ਤਾਂ ਇਸ ਵਿੱਚ ਲੇਖਕ ਦੀ ਮੁਲਾਕਾਤ ਪ੍ਰਸਿੱਧ ਲੇਖਕ, ਆਲੋਚਕ, ਕਹਾਣੀਕਾਰ ਅਤੇ ਸ੍ਰੋਮਣੀ ਬਾਲ ਸਾਹਿਤਕਾਰ ਡਾਕਟਰ ਅਮਰ ਕੋਮਲ ਜੀ ਨਾਲ ਸਤੰਬਰ 2019 ਵਿਚ ਹੋਈ ਗੁਫ਼ਤਗੂ ਜਿਸ ਨੂੰ ਰੂਬਰੂ ਅਧੀਨ ਸਮੀਖਿਆਕਾਰ ਬਨਾਮ ਸ਼ਾਇਰ ਦਾ ਨਾਮ ਦਿੱਤਾ ਗਿਆ ਹੈ, ਨੂੰ ਸ਼ਾਮਲ ਕੀਤਾ ਹੈ। ਇਸ ਵਿਚ ਸ਼ਾਇਰ ਦੇ ਬਚਪਨ, ਪਿਛੋਕੜ, ਲੇਖਣ ਅਤੇ ਹੋਰ ਕਈ ਪਹਿਲੂਆਂ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਗੁਫ਼ਤਗੂ ਵਿਚ ਕੁਝ ਨਿੱਜੀ ਅਤੇ ਕੁਝ ਸੰਸਾਰਿਕ ਪਹਿਲੂਆਂ ਨੂੰ ਬਾਖੂਬੀ ਛੋਹਿਆ ਗਿਆ ਹੈ। ਉਸ ਨੇ ਆਪਣੇ ਬਚਪਨ ਤੋਂ 2019 ਤੱਕ ਦੀ ਵਿਸਤ੍ਰਿਤ ਜਾਣਕਾਰੀ ਮੁਹਈਆ ਕਰਵਾਈ ਹੈ। ਜਿਸ ਤਹਿਤ ਪਤਾ ਲੱਗਾ ਕਿ ਉਹ ਬਚਪਨ ਤੋਂ ਹੀ ਖਾਮੋਸ਼ ਮਿਜ਼ਾਜੀ ਰਿਹਾ ਹੈ। ਉਸ ਦਾ ਨਿਕ ਨੇਮ ਕੁੱਕੂ ਹੈ। 1970-71 ਤੋਂ ਸ਼ੈੱਦਾ ਆਰਟ ਪ੍ਰੈੱਸ ਚਲਾਉਂਦਾ ਰਿਹਾ।
ਸ਼ੈੱਦਾ ਨੇ ਆਪਣੇ ਸਾਹਿਤਕ ਸਫ਼ਰ ਦਾ ਜਿਕਰ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਆਪਣੇ ਸਾਹਿਤਕ ਪਿਤਾ ਦੀ ਸੰਗਤ ਵਿਚ ਰਹਿਣ ਕਰਕੇ ਕੁੱਕੂ ਤੋਂ ਸ਼ੈੱਦਾ ਬਣਿਆ। ਸਾਹਿਤ ਦਾ ਆਗਾਜ਼ ਉਰਦੂ ਨੁਮਾ ਹਿੰਦੀ ਵਿਚ ਕੀਤਾ। ਅਧਿਆਪਕਾਂ ਦੀ ਸਾਹਿਤਕ ਪ੍ਰਤਿਭਾ ਕਾਰਨ ਅਤੇ 1981 ਤੋਂ 1984 ਤੱਕ ਨੌਬਾਹਰ ਸਾਬਿਰ ਨੂੰ ਉਸਤਾਦ ਮੰਨਿਆ। ਡਾਕਟਰ ਕੋਮਲ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਛੰਦ ਅਤੇ ਬਹਿਰ ਤੋਂ ਬਿਨਾਂ ਕਵਿਤਾ ਨੂੰ ਉਹ ਕਲਬੂਤ ਕਿਹਾ ਜਾ ਸਕਦਾ ਹੈ ਜਿਸ ਵਿਚ ਆਤਮਾ ਦਾ ਸਮਾਵੇਸ਼ ਨਹੀਂ। ਖੁੱਲੀ ਕਵਿਤਾ ਜਾਂ ਨਜ਼ਮ ਵਿਚ ਵਿਚਾਰ ਦੇ ਨਾਲ ਨਾਲ ਬਹਿਰ, ਰਿਦਮ ਅਤੇ ਸੰਗੀਤ ਹੁੰਦਾ ਹੈ। ਕਵਿਤਾ ਆਤਮ ਤੋਂ ਅਨਾਮਤ ਦਾ ਸਹਿਜ ਸਫ਼ਰ ਹੈ। ਉਸ ਅਨੁਸਾਰ ਵਾਰਤਕ ਨੁਮਾ ਟੁਕੜੀਆਂ ਦਾ ਸਮੂਹ, ਵਿਚਾਰ ਸਮੂਹ ਤਾਂ ਹੋ ਸਕਦਾ ਹੈ ਪਰ ਕਵਿਤਾ ਨਹੀਂ ਹੋ ਸਕਦੀ।
ਅੰਮ੍ਰਿਤਪਾਲ ਨੇ ਇਸ ਰੂਬਰੂ ਵਿਚ ਕੁਝ ਅਜਿਹੇ ਨਵਾਂ ਦਾ ਜਿਕਰ ਕੀਤਾ ਹੈ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ਤੇ ਮੇਰੇ ਜਾਣੂ ਹਨ। ਪੁਸਤਕ ਬਹੁਤ ਰੌਚਿਕ ਅਤੇ ਕਲਾਤਮਕ ਹੈ। ਵਿਸ਼ੇਸ਼ ਤੌਰ ਤੇ ਉਸ ਵਲੋ ਸ਼ਾਮਲ ਕੀਤਾ ਗਿਆ ਰੂਬਰੂ। ਇਸ ਪੁਸਤਕ ਦਾ ਸਾਹਿਤਕ ਖੇਤਰ ਵਿੱਚ ਸਵਾਗਤ ਕੀਤਾ ਜਾਂਦਾ ਹੈ।

ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਾ ਜਗਜੀਤ ਸਿੰਘ ਨੇ ਮਾਲੇਰਕੋਟਲਾ ਡਿਪਟੀ ਮੈਡੀਕਲ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ
Next article*ਬੂਟੇ ਲਗਾਉਣਾ ਅਤੇ ਓਹਨਾਂ ਦੀ ਸੰਭਾਲ ਸਮੇਂ ਦੀ ਲੋੜ : ਜੁਗਲ ਕਿਸ਼ੋਰ ਦੱਤਾ*