*ਏਨੀ ਕੁ ਗੱਲ*

ਬੇਅੰਤ ਕੌਰ ਗਿੱਲ

(ਸਮਾਜ ਵੀਕਲੀ)

ਸੋਚਦੀ ਹਾਂ ,
ਕਿਤੇ ਤਾਂ ਆਵੇਗਾ ਉਹ
ਮੇਰੇ ਸਿਰ ‘ਤੇ ਸੂਹੀ ਫੁਲਕਾਰੀ ਦੇਣ।
ਸੁੰਨੀਆਂ ਅੱਖਾਂ ਵਿੱਚ ,
ਕੱਜਲ ਪਾਉਣ ਤੋਂ ਡਰ ਜਾਂਦੀ ਹਾਂ,
ਛਣਕ ਨਾ ਜਾਣ
ਪੈਰਾਂ ਦੀਆਂ ਝਾਂਜਰਾਂ ਦੇ ਘੁੰਗਰੂ ਕਿਤੇ
ਪੱਬਾਂ ਭਾਰ ਤੁਰਦੀ ਹਾਂ,
ਸੁਹਾਗ ਦੀ ਨਿਸ਼ਾਨੀ ਬਿੰਦੀ ਮੱਥੇ ‘ਤੇ ਲਗਾਉਂਦਿਆਂ
ਅਕਸਰ ਸ਼ੀਸ਼ੇ ਤੋਂ ਮੂੰਹ ਫੇਰ ਲੈਂਦੀ ਹਾਂ,
ਜਦ ਤੱਕਦੀ ਹਾਂ ਸ਼ੀਸ਼ੇ ਵਿੱਚੋਂ
ਆਪਣੀ ਕੁਰਸੀ ਦੇ ਪਿੱਛੇ ਟੰਗੀ
ਚਹੁੰ ਕੰਨੀਆਂ ਤੋਂ ਕੱਢੀ ਹੋਈ
ਭਾਰੀ ਭਰਕਮ ਫੁਲਕਾਰੀ ਨੂੰ
ਤਾਂ ਮਹਿਸੂਸ ਕਰਦੀ ਹਾਂ ਕਿਸੇ ਸੋਹਣੇ ਜਿਹੇ
ਰਾਜਕੁਮਾਰ ਦੇ ਹੱਥਾਂ ਦੀ ਛੋਹ
ਜੋ ਮੇਰੇ ਮੋਢਿਆਂ ‘ਤੇ ਫੁਲਕਾਰੀ ਰੱਖ
ਮੇਰੀਆਂ ਗੱਲਾਂ ਨੂੰ ਥਪਥਪਾਉਂਦਿਆ ਕਹਿੰਦਾ
‘ ਏਨੀ ਕੁ ਗੱਲ ‘  ਬਦਲੇ
ਉਮਰ ਭਰ
ਸ਼ੀਸ਼ੇ ਨੂੰ ਤਾਹਨੇ ਦਿੰਦੀ ਰਹੀ ਬਸ
ਆਪਣੇ ਚਿੱਟੇ ਹੋਏ ਸਿਰ ਦੇ ਵਾਲਾਂ ਵੱਲ
ਦੇਖਦੀ ਮੈਂ ਕਹਿਣਾ ਚਾਹੁੰਦੀ ਹਾਂ
ਏਨਾ ਆਸਾਨ ਨਹੀਂ ਸੀ
ਕਾਲੇ ਸਿਰ ਤੋਂ ਚਿੱਟੇ ਹੋਣ ਦਾ ਸਫਰ,
ਤੇ ਤੁਸੀਂ ਕਹਿੰਦੇ ਹੋ
‘ ਏਨੀ ਕੁ ਗੱਲ ‘
ਪਰ ਇਹ ਸੋਚ ਕੇ
ਕਿਤੇ ਇਹ ਕਾਲਪਨਿਕ ਰਾਜਕੁਮਾਰ ਮੇਰੇ ਨਾਲ ਰੁੱਸ ਨਾ ਜਾਏ
 ਖਿਆਲਾਂ  ਦੇ  ਇਸ ਰਾਜਕੁਮਾਰ ਦੇ ਦੋਨੋਂ ਹੱਥ ਫੜ ,ਗਲ ਦਾ ਹਾਰ ਬਣਾ ਕੇ ਸੁਪਨਿਆਂ ਦੀ ਦੁਨੀਆਂ ਵਿੱਚ ਗੁਆਚ ਜਾਂਦੀ ਹਾਂ ਅਕਸਰ …..
ਬੇਅੰਤ ਕੌਰ ਗਿੱਲ ਮੋਗਾ
Previous articleਹੋਲੀ ਤੇ ਹੋਲਾ ਮਹੱਲਾ
Next articleਦਲਵਿੰਦਰ ਦਿਆਲਪੁਰੀ ਨੂੰ ਉਸਤਾਦ ਸੁਰਿੰਦਰ ਛਿੰਦਾ ਐਵਾਰਡ ਨਾਲ ਸਨਮਾਨਿਤ ਕੀਤਾ