(ਸਮਾਜ ਵੀਕਲੀ)
ਸੁਖਜੀਤ ਸਿੰਘ ਕਪੂਰਥਲਾ
ਅਜੋਕੇ ਸਮੇਂ ਦੇ ਸਭ ਤੋਂ ਵੱਧ ਪ੍ਰਚਲਿਤ ਪ੍ਰਚਾਰ-ਪ੍ਰਸਾਰ ਪਲੇਟਫਾਰਮ *ਸੋਸ਼ਲ ਮੀਡੀਆ* ਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਹਿੰਦੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਖਬਰ ਘੁੰਮ ਰਹੀ ਹੈ ਜਿਸ ਵਿੱਚ *ਸੰਜੇ ਪਾਰਕ, ਗੋਬਿੰਦ ਨਗਰ, ਕਾਨਪੁਰ (ਉੱਤਰ ਪ੍ਰਦੇਸ਼)* ਵਿਖੇ ਮੀਰੀ-ਪੀਰੀ ਸੇਵਾ ਸਿਮਰਨ ਜਥੇ ਦੀਆਂ (ਸਿੱਖ) ਬੀਬੀਆਂ ਵੱਲੋਂ ਭਰਾਵਾਂ ਦੇ ਗੁੱਟਾਂ ਉੱਪਰ ਸਿਮਰਨ ਮਾਲਾ ਦੇ ਨਵੇਂ ਨਾਮ ਹੇਠ ਰੱਖੜੀਆਂ ਬੰਨ੍ਹਣ ਦਾ ਜ਼ਿਕਰ ਹੈ।
*ਵਿਚਾਰਣ ਦਾ ਪੱਖ ਇਹ ਹੈ ਕਿ ਸਿੱਖੀ ਨਾਮ ਵਾਲੀ ਸੰਸਥਾ ਅਤੇ ਬੀਬੀਆਂ ਵੱਲੋਂ ਐਸਾ ਕਰਮ ਗੁਰਮਤਿ ਅਨੁਸਾਰ ਜਾਇਜ਼ ਮੰਨਿਆ ਜਾ ਸਕਦਾ ਹੈ ਕਿ ਨਹੀਂ ?*
ਕਵੀ ਇਕਬਾਲ ਆਖ਼ਦੈ: ਹਜ਼ਾਰੋਂ ਬਰਸ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਸਦੀਓਂ ਬਾਦ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ
ਇਸ ਸਾਰੇ ਘਟਨਾਕ੍ਰਮ (ਰੱਖੜੀ ਦਾ ਨਵਾਂ ਨਾਮਕਰਨ-ਸਿਮਰਨ ਮਾਲਾ) ਪਿੱਛੇ ਸਾਡੀ ਗੁਰਮਤਿ ਸਿਧਾਂਤਾਂ ਪ੍ਰਤੀ ਅਗਿਆਨਤਾ ਅਤੇ ਸਿੱਖ ਵਿਰੋਧੀਆਂ ਵੱਲੋਂ ਕਿਸੇ ਸਾਜ਼ਿਸ਼ ਦਾ ਹੋਣਾ ਮੰਨਿਆ ਜਾ ਸਕਦਾ ਹੈ। ਅਫਸੋਸ ਹੈ ਕਿ ਅਸੀਂ ਜਾਣੇ-ਅਣਜਾਣੇ ਉਨ੍ਹਾਂ ਦੇ ਕੁਹਾੜੇ ਦਾ ਦਸਤਾ ਬਣ ਰਹੇ ਹਾਂ।
*ਜ਼ਹਿਰ (Poison) ਨਾਲ ਭਰੀ ਬੋਤਲ ਉੱਪਰ ਅੰਮ੍ਰਿਤ ਦਾ ਲੇਬਲ ਲਗਾ ਦੇਣ ਨਾਲ ਵੀ ਜ਼ਹਿਰ, ਜ਼ਹਿਰ ਹੀ ਰਹਿੰਦਾ ਹੈ।*
ਸਿੱਖ ਧਰਮ ਵਿੱਚ ਮਰਦ ਅਤੇ ਔਰਤ ਦੀ ਬਰਾਬਰਤਾ ਦਾ ਸਿਧਾਂਤ ਹੈ।
ਸਮਾਜਿਕ – ਧਾਰਮਿਕ ਪ੍ਰੰਪਰਾਵਾਂ ਦੇ ਨਾਮ ਹੇਠ ਕੀਤਾ ਗਿਆ ਜਿਹੜਾ ਵੀ ਕਰਮ ਗੁਰਮਤਿ ਦੀ ਕਸਵੱਟੀ ਤੇ ਪਰਖਣ ਉਪਰੰਤ ਪੂਰਾ ਨਹੀਂ ਉਤਰਦਾ ਉਹ ਸਿੱਖਾਂ ਲਈ ਕਰਮਕਾਂਡ ਹੀ ਮੰਨਿਆ ਜਾਵੇਗਾ।
ਹੈਰਾਨੀ ਦੀ ਗੱਲ ਹੈ ਕਿ SGPC ਦੇ ਪ੍ਰਬੰਧ ਅਧੀਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਬਹੁਤ ਲੰਮਾ ਸਮਾਂ *ਰੱਖੜ ਪੁੰਨਿਆ* ਦਿਹਾੜੇ ਨੂੰ ਮਨਾਉਣ ਲਈ ਵੱਡੇ- ਵੱਡੇ ਹੋਰਡਿੰਗਜ, ਇਸ਼ਤਿਹਾਰ ਲਗਾਏ ਜਾਂਦੇ ਰਹੇ ਹਨ। ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਲਿਖਤ ਪੁਸਤਕ *ਜੀਵਨ ਬ੍ਰਿਤਾਂਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ* ਵਿੱਚ ਲਿਖਿਆ ਹੈ ਕਿ ਭਾਈ ਮੱਖਣ ਸ਼ਾਹ ਵੱਲੋਂ ਬਾਬੇ ਬਕਾਲੇ ਦੀ ਧਰਤੀ ਤੇ ਜਿਸ ਦਿਨ ਨੌਂਵੇਂ ਪਾਤਸ਼ਾਹ ਨੂੰ ਪ੍ਰਗਟ ਕੀਤਾ ਗਿਆ ਗੁਰੂ ਉਸ ਦਿਨ ਸਾਵਣ ਮਹੀਨੇ ਦੀ ਪੂਰਨਮਾਸ਼ੀ ਸੀ। ਸੋ ਇਹ ਦਿਹਾੜਾ ਪਾਖੰਡੀਆਂ ਦੇ ਪਾਖੰਡ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਵਾਲੀ ਘਟਨਾ ਤੋਂ ਪ੍ਰੇਰਨਾ ਲੈਣ ਹਿੱਤ *ਗੁਰ ਲਾਧੋ ਰੇ* ਰੂਪ ਵਿੱਚ ਇਤਿਹਾਸਕ ਤੌਰ ਤੇ ਮਨਾਇਆ ਜਾਣਾ ਯੋਗ ਹੈ।
ਇਸੇ ਪੱਖ ਤੇ ਸਿੱਖ ਸੰਗਤਾਂ ਨੂੰ ਭੁਲੇਖਾ ਪਾਉਣ ਲਈ ਵੱਡੀ ਭੈਣ ਬੇਬੇ ਨਾਨਕੀ ਵੱਲੋਂ ਆਪਣੇ ਛੋਟੇ ਵੀਰ ਗੁਰੂ ਨਾਨਕ ਦੇ ਗੁੱਟ ਤੇ ਰੱਖੜੀ ਬੰਨ੍ਹਣ ਵਾਲੀ ਕਾਲਪਨਿਕ ਫੋਟੋ ਵੀ ਮਿਲਦੀ ਹੈ। ਕਿਉਂਕਿ ਉਸ ਸਮੇਂ ਅਜੇ ਕੈਮਰੇ ਦੀ ਖੋਜ ਨਹੀਂ ਹੋਈ ਸੀ, ਚਿੱਤਰਕਾਰ ਆਪਣੀ ਮਨੋਕਲਪਨਾ ਦੇ ਆਧਾਰ ਤੇ ਚਿੱਤਰ ਬਣਾਉਂਦੇ ਸਨ। ਜੇਕਰ ਇਹ ਘਟਨਾ ਸੱਚੀਂ ਹੀ ਹੋਈ ਹੁੰਦੀ ਤਾਂ ਬਾਕੀ ਗੁਰ-ਅਸਥਾਨਾਂ ਵਾਂਗ ਇੱਕ ਗੁਰਦੁਆਰਾ ਰੱਖੜੀ ਸਾਹਿਬ ਸਿੱਖਾਂ ਵੱਲੋਂ ਜ਼ਰੂਰ ਬਣਾ ਦਿੱਤਾ ਗਿਆ ਹੁੰਦਾ।
ਇਸ ਤਸਵੀਰ ਦੀ ਕਾਲਪਨਿਕਤਾ ਨੂੰ ਸਮਝਣ ਲਈ ਸਾਨੂੰ *ਭਾਈ ਕਾਨ੍ਹ ਸਿੰਘ ਨਾਭਾ* ਵੱਲੋਂ ਰਚਿਤ *ਮਹਾਨ ਕੋਸ਼* ਵਿੱਚੋਂ ਰੱਖੜੀ ਵਾਲਾ ਇੰਦਰਾਜ ਪੜਣ ਦੀ ਲੋੜ ਹੈ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਬਾਬਰ ਦੇ ਪੁੱਤਰ ਹਮਾਯੂੰ ਵੱਲੋਂ ਦਿੱਲੀ ਦੇ ਤਖ਼ਤ ਤੇ ਬੈਠਣ ਉਪਰੰਤ ਚਿਤੌੜਗੜ੍ਹ ਰਾਜ ਨੂੰ ਆਪਣੀ ਅਧੀਨਗੀ ਵਿੱਚ ਲੈਣ ਲਈ ਹਮਲਾ ਕਰਨ ਜਾ ਰਿਹਾ ਸੀ ਤਾਂ ਚਿਤੌੜਗੜ੍ਹ ਦੀ ਮਹਾਰਾਣੀ ਪਦਮਾਵਤੀ ਵੱਲੋਂ ਰਾਣਾ ਸਾਂਗਾਂ ਦੀ ਵਿਧਵਾ ਹੋਣ ਅਤੇ ਹਮਾਯੂੰ ਦੀ ਭੈਣਾਂ ਵਰਗੀ ਹੋਣ ਦਾ ਵਾਸਤਾ ਪਾਉਂਦੇ ਹੋਏ ਅੱਗਲਵਾਂਡੀ ਥਾਲ ਵਿੱਚ ਇੱਕ ਧਾਗਾ ਰੱਖ ਕੇ ਭੇਜਿਆ। ਜਿਸਨੂੰ ਪ੍ਰਵਾਨ ਕਰਦੇ ਹੋਏ ਹਮਾਯੂੰ ਨੇ ਚਿਤੌੜਗੜ੍ਹ ਤੇ ਹਮਲਾ ਕਰਨ ਦਾ ਵਿਚਾਰ ਤਿਆਗ ਦਿੱਤਾ। ਇਹ ਘਟਨਾ 1530 ਈਸਵੀ ਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਇਸ ਘਟਨਾ ਤੋਂ ਰੱਖੜੀ ਦੀ ਆਰੰਭਤਾ ਹੋਈ ਮੰਨੀ ਜਾਂਦੀ ਹੈ।
ਦੂਜੇ ਪਾਸੇ ਇਤਿਹਾਸਕ ਤੱਥਾਂ ਦੇ ਆਧਾਰ ਤੇ ਸਪੱਸ਼ਟ ਹੈ ਕਿ ਬੇਬੇ ਨਾਨਕੀ ਜੀ ਅਤੇ ਭਾਈ ਜੈ ਰਾਮ ਜੀ 1518 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ ਸਨ। ਬੇਬੇ ਨਾਨਕੀ ਜੀ ਵੱਲੋਂ ਆਪਣੇ ਛੋਟੇ ਵੀਰ ਗੁਰੂ ਨਾਨਕ ਸਾਹਿਬ ਨੂੰ ਰੱਖੜੀ ਬੰਨ੍ਹਣ ਵਾਲੀ ਤਸਵੀਰ ਕਾਲਪਨਿਕ ਸਿੱਧ ਹੋ ਜਾਂਦੀ ਹੈ ਅਤੇ ਇਸ ਤਸਵੀਰ ਰਾਹੀਂ ਸਿੱਖ ਸਮਾਜ ਨੂੰ ਇਸ ਅਨਮਤੀ ਤਿਉਹਾਰ ਦੇ ਭਰਮਜਾਲ ਵਿੱਚ ਫਸਾਉਣ ਵਾਲੀ ਸਿੱਖ ਵਿਰੋਧੀ ਸਾਜਿਸ਼ ਦਾ ਭਾਂਡਾ ਵੀ ਭੱਜ ਜਾਂਦਾ ਹੈ।
ਗੁਰੂ ਭਲੀ ਕਰੇ, ਸਾਨੂੰ ਸਮਝ ਆਵੇ ਅਤੇ ਸਾਡੀਆਂ ਸਿਰਮੌਰ ਸਿੱਖ ਸੰਸਥਾਵਾਂ ਆਪੋ-ਆਪਣੇ ਧੜਿਆਂ ਦੀ ਰਾਜਨੀਤੀ ਵਾਲੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਗੁਰਮਤਿ ਸਿਧਾਂਤਾਂ ਉੱਪਰ ਡੱਟ ਕੇ ਪਹਿਰਾ ਦੇਣ ਦੇ ਸਮਰੱਥ ਬਣ ਜਾਣ। ਇਸੇ ਵਿੱਚ ਹੀ ਕੌਮੀ ਭਲਾ ਹੈ ਜੀ। ਸੋ, ਸਾਧ ਸ਼ੰਗਤ ਜੀ ਆਓ ਆਪੋ ਆਪਣੇ ਅੰਦਰ ਦੀਦਾਵਰ ਪੈਦਾ ਕਰੀਏ, ਜਿਹਦੇ ਅੰਦਰ ਸਿੱਖ ਸੋਚ ਦੇ ਦੋਖੀਆਂ ਦੀ ਕਰਤੂਤ ਵੇਖਣ ਦਾ ਹੁਨਰ ਹੋਵੇ।
*ਸੁਖਜੀਤ ਸਿੰਘ ਕਪੂਰਥਲਾ*
ਗੁਰਮਤਿ ਪ੍ਰਚਾਰਕ/ਕਥਾਵਾਚਕ/ਲੇਖਕ/ਸੇਵਾ ਮੁਕਤ XEN
98720-76876