ਆਜ਼ਾਦੀ ਦੇ ਨਿੱਘ ਤੋਂ ਬਾਂਝੇ ਸਿੱਖ

ਕਰਮ ਸਿੰਘ ਜ਼ਖ਼ਮੀ

(ਸਮਾਜ ਵੀਕਲੀ)

ਮੇਰੇ ਲੇਖ-ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ
ਜੇਕਰ ਇਹ ਕਿਹਾ ਜਾਵੇ ਕਿ ਸਿੱਖ ਕੌਮ ਦੁਨੀਆ ਦੀ ਸਭ ਤੋਂ ਬਹਾਦਰ ਅਤੇ ਸਿਰੜੀ ਕੌਮ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਦੇਸ਼-ਕੌਮ ਲਈ ਮਰ ਮਿਟਣ ਵਾਲੀ ਇਸ ਕੌਮ ਦਾ ਇਤਿਹਾਸ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਲਾਸਾਨੀ ਇਤਿਹਾਸ ਹੈ। ਵੱਡੀ ਤੋਂ ਵੱਡੀ ਮੁਸੀਬਤ ਵਿੱਚ ਵੀ ਹਸੂੰ-ਹਸੂੰ ਕਰਨਾ ਇਸ ਦੇ ਸੁਭਾਅ ਦਾ ਅਨਿੱਖੜ ਅੰਗ ਹੈ ਅਤੇ ਡਰਨਾ ਜਾਂ ਝੁਕ ਜਾਣਾ ਤਾਂ ਇਸ ਨੇ ਸਿੱਖਿਆ ਹੀ ਨਹੀਂ ਹੈ। ਤੱਤੀਆਂ ਤਵੀਆਂ ਉੱਤੇ ਬਹਿਣਾ, ਆਰਿਆਂ ਨਾਲ ਚੀਰੇ ਜਾਣਾ, ਚਰਖੜੀਆਂ ’ਤੇ ਚੜ੍ਹਨਾ, ਬੰਦ-ਬੰਦ ਕਟਵਾਉਣਾ ਅਤੇ ਹੱਕ-ਸੱਚ ਲਈ ਆਪਾ ਕੁਰਬਾਨ ਕਰ ਦੇਣਾ ਕੇਵਲ ਤੇ ਕੇਵਲ ਇਸ ਕੌਮ ਦੇ ਹਿੱਸੇ ਹੀ ਆਇਆ ਹੈ। ਇਸ ਨੇ ਔਰੰਗਜ਼ੇਬ, ਮੀਰ ਮੰਨੂ ਜਾਂ ਅਹਿਮਦ ਸ਼ਾਹ ਅਬਦਾਲੀ ਵਾਲਾ ਭਿਆਨਕ ਸਮਾਂ ਵੀ ਹੰਢਾਇਆ ਹੈ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਸਿੱਖ-ਰਾਜ ਵੀ ਮਾਣਿਆ ਹੈ ਪਰ ‘ਭੈਅ ਕਾਹੂੰ ਕੋ ਦੇਤਿ ਨਹਿ ਨਹਿ ਭੈਅ ਮਾਨਤਿ ਆਨਿ’ ਵਾਲਾ ਆਪਣਾ ਅਕਸ ਇਸ ਨੇ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਹੈ। ਜ਼ੁਲਮ ਦਾ ਖ਼ਾਤਮਾ ਅਤੇ ਮਜ਼ਲੂਮਾਂ ਦੀ ਰੱਖਿਆ ਹਮੇਸ਼ਾ ਹੀ ਇਸ ਦੀ ਜੰਗ ਦਾ ਆਧਾਰ ਰਹੇ ਹਨ।

ਗਿਣਤੀਆਂ ਮਿਣਤੀਆਂ ਦੇ ਹਿਸਾਬ ਨਾਲ ਭਾਵੇਂ ਭਾਰਤ ਵਿੱਚ ਸਿੱਖਾਂ ਦੀ ਆਬਾਦੀ ਕੇਵਲ ਦੋ ਕਰੋੜ ਤੱਕ ਹੀ ਸੀਮਤ ਹੈ ਪਰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਸੂਰਬੀਰ ਸ਼ਹੀਦਾਂ ਵਿੱਚ ਇਨ੍ਹਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਭਾਰਤ ਦੀ ਆਬਾਦੀ ਦਾ ਸਿਰਫ਼ ਦੋ ਪ੍ਰਤੀਸ਼ਤ ਹਿੱਸਾ ਹੋਣ ਦੇ ਬਾਵਜੂਦ ਵੀ ਇਸ ਕੌਮ ਨੇ ਅੱਸੀ ਪ੍ਰਤੀਸ਼ਤ ਤੋਂ ਵੀ ਵੱਧ ਕੁਰਬਾਨੀਆਂ ਕੀਤੀਆਂ ਹਨ। ਭਾਰਤ ਦੀ ਸੁਤੰਤਰਤਾ ਲਈ ਚੱਲੀ ਕੋਈ ਵੀ ਲਹਿਰ ਅਜਿਹੀ ਨਹੀਂ ਹੈ, ਜਿਸ ਵਿੱਚ ਸਿੱਖਾਂ ਨੇ ਵੱਧ-ਚੜ੍ਹ ਕੇ ਹਿੱਸਾ ਨਾ ਲਿਆ ਹੋਵੇ। ਅਸਲ ਵਿੱਚ ਅੰਗਰੇਜ਼ ਹਕੂਮਤ ਦੇ ਵਿਰੁੱਧ ਸ਼ਾਂਤਮਈ ਢੰਗ ਨਾਲ ਨਾ-ਮਿਲਵਰਤਨ ਅੰਦੋਲਨ ਦੀ ਸ਼ੁਰੂਆਤ ਵੀ ਬਾਬਾ ਰਾਮ ਸਿੰਘ ਜੀ ਵੱਲੋਂ ਹੀ ਕੀਤੀ ਗਈ ਸੀ। ਉਨ੍ਹਾਂ ਨੇ ਵਿਦੇਸ਼ੀ ਪਹਿਰਾਵੇ, ਜ਼ੁਬਾਨ, ਅਦਾਲਤਾਂ, ਨੌਕਰੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਪਰ ਕੱਟੜਪੰਥੀ ਦਾ ਸ਼ਿਕਾਰ ਹੋਏ ਲੋਕਾਂ ਨੇ ਬਾਬਾ ਜੀ ਦਾ ਸਾਥ ਨਹੀਂ ਦਿੱਤਾ, ਜਿਸ ਦੇ ਫ਼ਲਸਰੂਪ ਇਹ ਅੰਦੋਲਨ ਸਫ਼ਲ ਨਹੀਂ ਸੀ ਹੋ ਸਕਿਆ।

ਇਸੇ ਕਾਰਨ ਹੀ ਬਾਬਾ ਜੀ ਨੂੰ ਉਨ੍ਹਾਂ ਦੇ ਬਾਰਾਂ ਸਾਥੀਆਂ ਸਮੇਤ ਕੈਦ ਕਰ ਕੇ ਬਰਮਾ ਭੇਜ ਦਿੱਤਾ ਗਿਆ। ਕਾਂਗਰਸ ਤਾਂ ਅਜੇ ਉਸ ਸਮੇਂ ਹੋਂਦ ਵਿੱਚ ਹੀ ਨਹੀਂ ਸੀ ਆਈ। ਸੱਚ ਤਾਂ ਇਹ ਹੈ ਕਿ ਮਹਾਤਮਾ ਗਾਂਧੀ ਨੇ ਕੋਈ ਵੀ ਨਵਾਂ ਪ੍ਰੋਗਰਾਮ ਦੇਸ਼ ਨੂੰ ਨਹੀਂ ਦਿੱਤਾ ਬਲਕਿ ਉਨ੍ਹਾਂ ਦੇ ਪੂਰੇ ਦੇ ਪੂਰੇ ਸੰਘਰਸ਼ ਦੀ ਰੂਪ ਰੇਖਾ ਬਾਬਾ ਰਾਮ ਸਿੰਘ ਜੀ ਤੋਂ ਪ੍ਰਭਾਵਿਤ ਹੀ ਰਹੀ। ਜੇਕਰ ਬਾਬਾ ਰਾਮ ਸਿੰਘ ਜੀ ਸਿੱਖ ਨਾ ਹੁੰਦੇ ਤਾਂ ਨਿਰਸੰਦੇਹ ਭਾਰਤ ਦੇ ਰਾਸ਼ਟਰ ਪਿਤਾ ਉਹੋ ਹੀ ਹੋਣੇ ਸਨ ਪਰ ਕੇਵਲ ਫਿਰਕਾਪ੍ਰਸਤ ਮਾਨਸਿਕਤਾ ਦੇ ਕਾਰਨ ਹੀ ਅਜਿਹਾ ਨਹੀਂ ਹੋ ਸਕਿਆ।

ਬਾਬਾ ਸੋਹਣ ਸਿੰਘ ਭਕਨਾ ਨੇ 1913 ਵਿੱਚ ਗਦਰ ਪਾਰਟੀ ਬਣਾ ਕੇ ਅੰਗਰੇਜ਼ਾਂ ਅਤੇ ਉਨ੍ਹਾਂ ਦੇ ਪਿੱਠੂਆਂ ਨੂੰ ਚੁਣ-ਚੁਣ ਕੇ ਮਾਰਨਾ ਸ਼ੁਰੂ ਕਰ ਦਿੱਤਾ। ਬੱਬਰ ਅਕਾਲੀ ਲਹਿਰ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਈ ਵਿੱਚ ਕਾਮਾਗਾਟਾ ਮਾਰੂ ਜਹਾਜ਼ ਵਿੱਚ ਸਵਾਰ ਵਿਦੇਸ਼ੀ ਭਾਰਤੀਆਂ ਨੂੰ ਕੈਨੇਡਾ ਸਰਕਾਰ ਨੇ ਵੈਨਕੂਵਰ ਬੰਦਰਗਾਹ ਉੱਤੇ ਨਾ ਉੱਤਰਨ ਦਿੱਤਾ ਅਤੇ ਭਾਰਤ ਲਿਆਂਦਾ ਗਿਆ। ਬਜਬਜ ਘਾਟ ’ਤੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਜਹਾਜ਼ ਵਿੱਚ ਸਵਾਰ 376 ਵਿਅਕਤੀਆਂ ਵਿੱਚੋਂ 355 ਸਿੱਖ ਸਨ ਅਤੇ ਇਸ ਘਟਨਾ ਵਿੱਚ ਮਾਰੇ ਗਏ ਪੰਜਾਹ ਦੇ ਪੰਜਾਹ ਸਿੱਖ ਹੀ ਸਨ। ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਬਾਰਾਂ ਸਿੱਖ ਸਾਥੀਆਂ ਸਮੇਤ 14 ਨਵੰਬਰ 1917 ਨੂੰ ਫਾਂਸੀ ਦਿੱਤੀ ਗਈ।

ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਵਿੱਚ 13 ਅਪ੍ਰੈਲ 1919 ਨੂੰ ਇੱਕ ਭਿਆਨਕ ਖੂਨੀ ਕਾਂਡ ਹੋਇਆ, ਜਿਸ ਵਿੱਚ ਮਰਨ ਵਾਲੇ 1300 ਦੇਸ਼-ਭਗਤਾਂ ਵਿੱਚੋਂ 769 ਸਿੱਖ ਸਨ। ਇੱਥੇ ਹੀ ਬੱਸ ਨਹੀਂ, ਇਸ ਖੂਨੀ ਕਾਂਡ ਦਾ ਬਦਲਾ ਵੀ ਇੱਕ ਸਿੱਖ ਨੌਜਵਾਨ ਊਧਮ ਸਿੰਘ ਸੁਨਾਮ ਨੇ ਇੱਕੀ ਸਾਲਾਂ ਦੇ ਜ਼ਬਰਦਸਤ ਸੰਘਰਸ਼ ਤੋਂ ਬਾਅਦ ਲੰਡਨ ਵਿੱਚ ਮਾਈਕਲ ਉਡਵਾਇਰ ਨੂੰ ਕਤਲ ਕਰ ਕੇ ਲਿਆ। ਕਿਸ਼ਨ ਸਿੰਘ ਗੜਗੱਜ, ਤੇਜਾ ਸਿੰਘ ਸਮੁੰਦਰੀ, ਬਾਬਾ ਖੜਕ ਸਿੰਘ, ਊਧਮ ਸਿੰਘ ਨਾਗੋਕੇ ਅਤੇ ਸੇਵਾ ਸਿੰਘ ਠੀਕਰੀਵਾਲਾ ਜਿਹੇ ਬੇਸ਼ੁਮਾਰ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਸ਼ਹੀਦ ਭਗਤ ਸਿੰਘ ਨੇ ਵੀ ਇਸੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੀ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ, ਜਿਸ ਨਾਲ ਗਾਂਧੀ-ਇਰਵਨ ਸਮਝੌਤੇ ਵਿੱਚ ਪੂਰੀ ਤਰ੍ਹਾਂ ਧਰੋਹ ਕਮਾਇਆ ਗਿਆ। ਆਜ਼ਾਦ ਹਿੰਦ ਫ਼ੌਜ ਦੀ ਕੁੱਲ ਭਰਤੀ 42000 ਦੇ ਲੱਗਭੱਗ ਸਮਝੀ ਜਾਂਦੀ ਹੈ, ਜਿਸ ਵਿੱਚ 28000 ਸਿੱਖ ਸਨ ਅਤੇ ਭਾਰਤ ਦੀ ਸੁਤੰਤਰਤਾ ਦੇ ਸੰਗਰਾਮ ਵਿੱਚ ਕੁੱਲ 121 ਵਿਅਕਤੀਆਂ ਨੂੰ ਫਾਂਸੀ ਦਿੱਤੀ ਗਈ, ਜਿਨ੍ਹਾਂ ਵਿੱਚੋਂ 84 ਸਿੱਖ ਸਨ। ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ 2664 ਵਿਅਕਤੀਆਂ ਵਿੱਚੋਂ ਵੀ 2147 ਸਿੱਖ ਹੀ ਸਨ।

ਸਿੱਖਾਂ ਦੀ ਦੇਸ਼-ਭਗਤੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਭਾਰਤ ਦੀ ਵੰਡ ਸਮੇਂ ਮਿਸਟਰ ਮੁਹੰਮਦ ਅਲੀ ਜਿਨਾਹ ਦੇ ਜ਼ੋਰ ਪਾਉਣ ਦੇ ਬਾਵਜੂਦ ਵੀ ਇਨ੍ਹਾਂ ਨੇ ਵੱਖਰੇ ਸਿੱਖ-ਰਾਜ ਦੀ ਮੰਗ ਨਹੀਂ ਕੀਤੀ ਅਤੇ ਆਪਣੀ ਹੋਣੀ ਨੂੰ ਭਾਰਤ ਨਾਲ ਹੀ ਜੋੜਿਆ, ਜਦੋਂ ਕਿ ਅੰਗਰੇਜ਼ ਹਕੂਮਤ ਅਜਿਹਾ ਕਰਨ ਲਈ ਸਹਿਮਤ ਵੀ ਸੀ। ਇਸ ਫ਼ੈਸਲੇ ਕਾਰਨ ਸਿੱਖਾਂ ਦਾ ਵੱਡੇ ਪੱਧਰ ਉੱਤੇ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਪਰ ਉਨ੍ਹਾਂ ਨੇ ਪੰਡਤ ਜਵਾਹਰ ਲਾਲ ਨਹਿਰੂ ਦੇ ਇਸ ਵਾਅਦੇ ਉੱਤੇ ਯਕੀਨ ਬਣਾਈ ਰੱਖਿਆ-
“ਉੱਤਰੀ ਭਾਰਤ ਵਿੱਚ ਇੱਕ ਅਜਿਹਾ ਖਿੱਤਾ ਹੋਵੇਗਾ, ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ।”

ਦੇਸ਼ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਆਉਂਦਿਆਂ ਹੀ ਕਾਂਗਰਸੀ ਹੁਕਮਰਾਨਾਂ ਨੇ ਆਪਣੇ ਸਾਰੇ ਵਾਅਦੇ ਭੁਲਾ ਦਿੱਤੇ ਅਤੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦੇ ਦਿੱਤਾ ਗਿਆ। ਸਿੱਖਾਂ ਨਾਲ ਹਰ ਖੇਤਰ ਵਿੱਚ ਵਿਤਕਰਾ ਕੀਤਾ ਜਾਣ ਲੱਗਿਆ ਅਤੇ ਉਹ ਆਪਣੇ ਆਪ ਨੂੰ ਆਜ਼ਾਦੀ ਦੇ ਨਿੱਘ ਤੋਂ ਵਾਂਝਾ ਮਹਿਸੂਸ ਕਰਨ ਲੱਗੇ। ਪੰਜਾਬੀ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੀ ਮੰਗ ਮੰਨਵਾਉਣ ਲਈ ਵੀ ਇਨ੍ਹਾਂ ਨੂੰ ਬੇਸ਼ੁਮਾਰ ਕੁਰਬਾਨੀਆਂ ਕਰਨੀਆਂ ਪਈਆਂ। ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੇ ਅਨੰਦਪੁਰ ਸਾਹਿਬ ਦੇ ਮਤੇ ਲਈ ਜੂਝ ਰਹੇ ਸਿੱਖਾਂ ਨੂੰ ਪੂਰੇ ਦੇਸ਼ ਵਿੱਚ ਵੱਖਵਾਦੀ ਕਹਿ ਕੇ ਭੰਡਿਆ ਗਿਆ। ਜੂਨ 1984 ਵਿੱਚ ਸਿੱਖਾਂ ਦੇ ਜੂਝ ਮਰਨ ਦੇ ਜਜ਼ਬੇ ਨੂੰ ਖ਼ਤਮ ਕਰਨ ਲਈ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ ਗਿਆ।

ਨਵੰਬਰ 1984 ਵਿੱਚ ਦੋ ਸਿੱਖ ਅੰਗ-ਰੱਖਿਅਕਾਂ ਵੱਲੋਂ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਅਤੇ ਦੇਸ਼ ਦੇ ਕਈ ਹੋਰ ਸੂਬਿਆਂ ਵਿੱਚ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ-ਪਾ ਕੇ ਸਾੜਿਆ ਗਿਆ, ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਕਰ ਦਿੱਤੀ ਗਈ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਦੋਸ਼ੀਆਂ ਨੂੰ ਕੋਈ ਸਜ਼ਾ ਵੀ ਨਹੀਂ ਦਿੱਤੀ ਗਈ। ਅਜਿਹੇ ਤਾਨਾਸ਼ਾਹੀ ਨਜ਼ਰੀਏ ਦੇ ਕਾਰਨ ਹੀ ਸਿੱਖਾਂ ਤੋਂ ਇਲਾਵਾ ਮੁਸਲਮਾਨ, ਇਸਾਈ, ਦਲਿਤ ਅਤੇ ਹੋਰ ਘੱਟ ਗਿਣਤੀਆਂ ਵੀ ਬਗ਼ਾਵਤ ਦਾ ਰਾਹ ਅਖ਼ਤਿਆਰ ਕਰ ਰਹੀਆਂ ਹਨ। ਭਾਰਤੀ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਅਜੇ ਵੀ ਉਹ ਸਮੇਂ ਦੀ ਨਬਜ਼ ਨੂੰ ਪਹਿਚਾਣਨ ਅਤੇ ਆਜ਼ਾਦੀ ਦਾ ਨਿੱਘ ਮਾਣਨ ਦਾ ਮੌਕਾ ਸਿੱਖਾਂ ਨੂੰ ਵੀ ਦੇਣ ਕਿਉਂਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਇਸੇ ਗੱਲ ਉੱਤੇ ਹੀ ਟਿਕੀ ਹੋਈ ਹੈ।

ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਅਜੀਬ ਮਾਨਸਿਕਤਾ *
Next articleਏਹੁ ਹਮਾਰਾ ਜੀਵਣਾ ਹੈ -286