ਸਿੱਧੂ ਦੇ ‘ਪੰਜਾਬ ਮਾਡਲ’ ਵਾਲਾ ਚੋਣ ਮੈਨੀਫੈਸਟੋ ਜਾਰੀ

 

  • ਮੈਨੀਫੈਸਟੋ ’ਚੋਂ ਨਸ਼ਿਆਂ ਖ਼ਿਲਾਫ਼ ਨੀਤੀ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਪ੍ਰੋਗਰਾਮ ਦਾ ਜ਼ਿਕਰ ਗਾਇਬ
  • ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਰਹੇ ਗੈਰਹਾਜ਼ਰ

ਚੰਡੀਗੜ੍ਹ  (ਸਮਾਜ ਵੀਕਲੀ):  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਜਾਰੀ ਚੋਣ ਮਨੋਰਥ ਪੱਤਰ ਵਿੱਚ ਔਰਤਾਂ ਅਤੇ ਨੌਜਵਾਨਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਪੰਜਾਬ ਅਸੈਂਬਲੀ ਚੋਣਾਂ ਲਈ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਜਾਰੀ ਸੰਖੇਪ ਘੋਸ਼ਣਾ ਪੱਤਰ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ‘ਪੰਜਾਬ ਮਾਡਲ’ ਦਾ ਝਲਕਾਰਾ ਹੈ। ਉਂਜ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪੋ-ਆਪਣੇ ਪੱਧਰ ’ਤੇ ਚੋਣ ਪ੍ਰਚਾਰ ਦੌਰਾਨ ਚੋਣ ਮਨੋਰਥ ਪੱਤਰ ਵਿਚਲੇ ਵਾਅਦਿਆਂ ਦਾ ਐਲਾਨ ਕਰ ਚੁੱਕੇ ਹਨ। ਮੈਨੀਫੈਸਟੋ ਵਿਚ ਨਸ਼ਿਆਂ ਖ਼ਿਲਾਫ਼ ਨੀਤੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਕਿਸੇ ਪ੍ਰੋਗਰਾਮ ਦਾ ਐਲਾਨ ਨਹੀਂ ਹੈ। ਖੇਤੀ ਨੀਤੀ ਬਾਰੇ ਵੀ ਚੁੱਪ ਵੱਟ ਲਈ ਗਈ ਹੈ। ਹਾਲਾਂਕਿ ਸ਼ਰਾਬ ਤੇ ਰੇਤ ਮਾਈਨਿੰਗ ਦੀਆਂ ਸਰਕਾਰੀ ਨਿਗਮਾਂ ਬਣਾ ਕੇ ਅਤੇ ਟਰਾਂਸਪੋਰਟ ਅਤੇ ਕੇਬਲ ਦੇ ਬਿਹਤਰ ਨਿਯਮ ਬਣਾ ਕੇ ਮਾਫੀਆ ਰਾਜ ਖ਼ਤਮ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਮੈਨੀਫੈਸਟੋ ’ਚ ਬਿਜਲੀ ਦੇ ਮੁਫ਼ਤ ਯੂਨਿਟ ਦੇਣ ਅਤੇ ਕੇਬਲ ਸਸਤੀ ਕਰਨ ਦਾ ਜ਼ਿਕਰ ਵੀ ਨਹੀਂ ਹੈ, ਪਰ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਜ਼ੁਬਾਨੀ ਕਲਾਮੀ ਕੇਬਲ ਸਸਤੀ ਕਰਨ ਦੀ ਗੱਲ ਜ਼ਰੂਰ ਆਖੀ। ਮੈਨੀਫੈਸਟੋ ਜਾਰੀ ਕਰਨ ਮੌਕੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਵੀ ਗੈਰਹਾਜ਼ਰੀ ਰੜਕਦੀ ਰਹੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਸੀਨੀਅਰ ਕੇਂਦਰੀ ਆਗੂ ਰਾਜੀਵ ਸ਼ੁਕਲਾ ਨੇ ਅੱਜ ਇੱਥੇ ਚੋੋਣ ਮਨੋਰਥ ਪੱਤਰ ਜਾਰੀ ਕੀਤਾ। ਮੈਨੀਫੈਸਟੋ ਵਿਚ ਸਰਕਾਰੀ ਹਸਪਤਾਲਾਂ ਵਿਚ ਹਰ ਵਰਗ ਨੂੰ ਮੁਫ਼ਤ ਸਿਹਤ ਸੇਵਾਵਾਂ ਅਤੇ ਸਰਕਾਰੀ ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ’ਚ ਸਾਰੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਵਾਅਦਾ ਕੀਤਾ ਗਿਆ ਹੈ। ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਐੱਸਸੀ ਵਰਗ ਦੇ ਵਿਦਿਆਰਥੀਆਂ ਲਈ ਵਜ਼ੀਫਾ ਸਕੀਮ ਜਾਰੀ ਰਹੇਗੀ ਅਤੇ ਨਾਲ ਹੀ ਪੱਛੜੇ ਵਰਗਾਂ ਅਤੇ ਜਨਰਲ ਸ਼੍ਰੇਣੀ ਨੂੰ ਵੀ ਵਜ਼ੀਫੇ ਦਾ ਲਾਭ ਦਿੱਤਾ ਜਾਵੇਗਾ। ਇਸੇ ਤਰ੍ਹਾਂ ਲੋੜਵੰਦ ਕੁੜੀਆਂ ਲਈ ਸਿੱਖਿਆ ਸਹਾਇਤਾ ਵਜੋਂ ਪੰਜਵੀਂ ਕਲਾਸ ਦੀਆਂ ਲੜਕੀਆਂ ਨੂੰ ਪੰਜ ਹਜ਼ਾਰ, ਅੱਠਵੀਂ ਜਮਾਤ ਲਈ 10 ਹਜ਼ਾਰ ਰੁਪਏ ਅਤੇ 12ਵੀਂ ਕਲਾਸ ਦੀਆਂ ਲੜਕੀਆਂ ਲਈ 20 ਹਜ਼ਾਰ ਰੁਪਏ ਅਤੇ ਕੰਪਿਊਟਰ ਦਿੱਤੇ ਜਾਣਗੇ।

ਕਾਂਗਰਸ ਨੇ ਮੈਨੀਫੈਸਟੋ ਵਿਚ ਲੋੜਵੰਦ ਔਰਤਾਂ ਨੂੰ 1100 ਰੁਪਏ ਮਾਸਿਕ ਵਿੱਤੀ ਮਦਦ ਤੋਂ ਇਲਾਵਾ ਇੱਕ ਸਾਲ ਵਿਚ ਅੱਠ ਗੈਸ ਸਿਲੰਡਰ ਮੁਫ਼ਤ ਦੇਣ ਦਾ ਵਾਅਦਾ ਕੀਤਾ ਹੈ। ਰੁਜ਼ਗਾਰ ਦੇ ਮਾਮਲੇ ਵਿਚ ਕਾਂਗਰਸ ਨੇ ਸਾਲਾਨਾ ਇੱਕ ਲੱਖ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ ਜਦੋਂ ਕਿ 2017 ਵਿਚ ਕਾਂਗਰਸ ਨੇ ‘ਘਰ ਘਰ ਰੁਜ਼ਗਾਰ’ ਦੇਣ ਦਾ ਵਾਅਦਾ ਕੀਤਾ ਸੀ। ਇਸੇ ਤਰ੍ਹਾਂ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਮਾਸਿਕ ਕਰਨ ਦੀ ਗੱਲ ਆਖੀ ਗਈ ਹੈ। ਮੈਨੀਫੈਸਟੋ ’ਚ ਹਰ ਕੱਚਾ ਮਕਾਨ ਛੇ ਮਹੀਨੇ ਵਿਚ ਪੱਕਾ ਕਰਨ ਦਾ ਵਾਅਦਾ ਵੀ ਸ਼ਾਮਲ ਹੈ। ਮਨਰੇਗਾ ਸਕੀਮ ਤਹਿਤ ਦਿਹਾੜੀ ਵਧਾ ਕੇ 350 ਰੁਪਏ ਕਰਨ ਤੋਂ ਇਲਾਵਾ ਰੁਜ਼ਗਾਰ 100 ਤੋਂ ਵਧਾ ਕੇ 150 ਦਿਨ ਕਰਨ ਦੇ ਵਾਅਦੇ ਨੂੰ ਵੀ ਮੈਨੀਫੈਸਟੋ ਵਿਚ ਥਾਂ ਦਿੱਤੀ ਗਈ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਤੋਂ ਦਾਲਾਂ, ਤੇਲ ਬੀਜਾਂ ਅਤੇ ਮੱਕੀ ਦੀ ਐੱਮਐੱਸਪੀ ’ਤੇ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਇਹ 13 ਨੁਕਾਤੀ ਏਜੰਡਾ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਦ੍ਰਿਸ਼ਟੀਕੋਣ ’ਤੇ ਅਧਾਰਿਤ ਹੈ। ਮੈਨੀਫੈਸਟੋ ਵਿਚ ਸਟਾਰਟਅੱਪ ਲਈ ਨਿਵੇਸ਼ ਫੰਡ ਇੱਕ ਹਜ਼ਾਰ ਕਰੋੜ ਰੁਪਏ ਰੱਖਣ ਤੋਂ ਇਲਾਵਾ ਸਟਾਰਟਅੱਪ ਲਈ ਦੋ ਲੱਖ ਦਾ ਵਿਆਜ ਮੁਕਤ ਕਰਜ਼ਾ ਦੇਣ ਦੀ ਗੱਲ ਕਹੀ ਗਈ ਹੈ। ਇੰਸਪੈਕਟਰੀ ਰਾਜ ਖਤਮ ਕੀਤਾ ਜਾਵੇਗਾ ਅਤੇ 170 ਸੇਵਾਵਾਂ ਆਨਲਾਈਨ ਹੋਣਗੀਆਂ, ਜਿਨ੍ਹਾਂ ਵਿਚ ਜਨਮ ਪ੍ਰਮਾਣ ਪੱਤਰ, ਮੌਤ ਦਾ ਸਰਟੀਫਿਕੇਟ ਆਦਿ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਕਾਂਗਰਸ ਨੇ 11 ਜਨਵਰੀ ਨੂੰ 25 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਸੀ। ਨਵਜੋਤ ਸਿੱਧੂ ਨੇ 25 ਜਨਵਰੀ ਨੂੰ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨਾਲ ਮੀਟਿੰਗ ਵੀ ਕੀਤੀ ਸੀ, ਪਰ ਐਤਕੀਂ ਕਾਂਗਰਸ ਨੇ ਆਪਣਾ ਮੈਨੀਫੈਸਟੋ ਬਹੁਤ ਦੇਰੀ ਨਾਲ ਜਾਰੀ ਕੀਤਾ ਹੈ।

ਸਿੱਧੂ ਦੇ ‘ਪੰਜਾਬ ਮਾਡਲ’ ਨੂੰ ਲਾਗੂ ਕਰਾਂਗੇ: ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਦੇ ‘ਪੰਜਾਬ ਮਾਡਲ’ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਵਰਕ ਹੋਵੇਗਾ ਅਤੇ ਸਰਕਾਰ ਪਾਰਟੀ ਅਧੀਨ ਚੱਲੇਗੀ ਜਿਸ ਵਿਚ ਨਵਜੋਤ ਸਿੱਧੂ ਦੀ ਮੁੱਖ ਭੂਮਿਕਾ ਹੋਵੇਗੀ। ਉਧਰ ਸਿੱਧੂ ਨੇ ਕਿਹਾ ਕਿ ਮੈਨੀਫੈਸਟੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘13-13 ਤੋਲਣ’ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ, ਜੋ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਅਤੇ ਸੂਬੇ ਦੇ ਹਿੱਤਾਂ ਦੀ ਪੂਰਤੀ ਕਰੇਗਾ।

ਕਾਂਗਰਸ ਦਾ ਮੈਨੀਫੈਸਟੋ ਸੁੰਗੜਿਆ

ਪੰਜਾਬ ਕਾਂਗਰਸ ਨੇ ਐਤਕੀਂ ਚਾਰ ਸਫ਼ਿਆਂ ਦਾ ਮੈਨੀਫੈਸਟੋ ਜਾਰੀ ਕੀਤਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਚੋਣ ਮਨੋਰਥ ਪੱਤਰ 129 ਸਫ਼ਿਆਂ ਦਾ ਸੀ, ਜਿਸ ਵਿਚ ਹਰ ਖੇਤਰ ਦੀ ਵੱਖਰੀ ਨੀਤੀ ਅਤੇ ਵਾਅਦਿਆਂ ਦਾ ਜ਼ਿਕਰ ਸੀ। ਵਿਧਾਨ ਸਭਾ ਚੋਣਾਂ 2017 ਅਤੇ ਲੋਕ ਸਭਾ ਚੋਣਾਂ 2019 ਵਿਚ ਮੈਨੀਫੈਸਟੋ ਕਮੇਟੀ ਨੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਵੱਖ ਵੱਖ ਵਰਗਾਂ ਨਾਲ ਮੀਟਿੰਗਾਂ ਕਰਕੇ ਮੈਨੀਫੈਸਟੋ ਤਿਆਰ ਕੀਤਾ ਸੀ ਪ੍ਰੰਤੂ ਐਤਕੀਂ ਮੈਨੀਫੈਸਟੋ ਕਮੇਟੀ ਨੇ ਅਜਿਹੀ ਕੋਈ ਮਸ਼ਕ ਨਹੀਂ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2nd T20I: Kohli, Pant, bowlers help India win series against West Indies
Next articleਹਿਜਾਬ ਵਿਵਾਦ: ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਖ਼ਿਲਾਫ਼ ਐੱਫਆਈਆਰ ਦਰਜ