ਕੈਪਟਨ ਦੀ ਰਿਹਾਇਸ਼ ਘੇਰਨ ਜਾਂਦਿਆਂ ’ਤੇ ਪਾਣੀ ਦੀਆਂ ਬੁਛਾੜਾਂ

ਮੁੱਲਾਂਪੁਰ ਗਰੀਬਦਾਸ (ਸਮਾਜ ਵੀਕਲੀ): ਪੰਜਾਬ ’ਚ ਅਤਿ ਦੀ ਗਰਮੀ ਦੌਰਾਨ ਲੱਗ ਰਹੇ ਬਿਜਲੀ ਕੱਟਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ-ਪੜੌਲ ਮਾਰਗ ਉਤੇ ਬਣੇ ਫਾਰਮ ਹਾਊਸ ਨੂੰ ਘੇਰਨ ਜਾਂਦੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ’ਤੇ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲੀਸ ਦੀ ਇਸ ਕਾਰਵਾਈ ’ਚ ਤਿੰਨ ਵਰਕਰ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਮੈਡੀਕਲ ਸਹਾਇਤਾ ਲਈ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਜਾਂਦੀ ਸੜਕ ’ਤੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਸੀ ਅਤੇ ਬਹੁ-ਪਰਤੀ ਬੈਰੀਕੇਡ ਲਗਾਏ ਗਏ ਸਨ। ਵੱਡੀ ਗਿਣਤੀ ’ਚ ‘ਆਪ’ ਵਰਕਰਾਂ ਨੇ ਪਾਰਟੀ ਦੇ ਝੰਡੇ ਲੈ ਕੇ ਪਹਿਲਾ ਬੈਰੀਕੇਡ ਤੋੜ ਦਿੱਤਾ। ਜਦੋਂ ਉਹ ਦੂਜੇ ਬੈਰੀਕੇਡ ਕੋਲ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਮੁੱਖ ਮੰਤਰੀ ਦਾ ਪੁਤਲਾ ਸਾੜਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਮਗਰੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਹੋਰ ਵਾਲੰਟੀਅਰ ਬੈਰੀਕੇੇਡ ਟੱਪਣ ਲਈ ਜ਼ੋਰ ਅਜ਼ਮਾਇਸ਼ ਕਰਦੇ ਰਹੇ।

ਪੁਲੀਸ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਸਮੇਤ ਹੋਰ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।  ‘ਆਪ’ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਵਰਕਰ ਬਿਜਲੀ ਸੰਕਟ ਨੂੰ ਹੱਲ ਕਰਵਾਉਣ ਲਈ ਮੰਗ ਪੱਤਰ ਦੇਣ ਅਤੇ ਲੋਕਾਂ ਦੇ ਦੁਖੜੇ ਦੱਸਣ ਲਈ ਕੈਪਟਨ ਨੂੰ ਮਿਲਣਾ ਚਾਹੁੰਦੇ ਸਨ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਤਾਂ ਚੋਣ ਵਾਅਦੇ ਪੁਗਾਏ ਅਤੇ ਨਾ ਹੀ ਮਾਫ਼ੀਆ ਰਾਜ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਲੋਕ ਮਹਿੰਗੀ ਰੇਤ, ਬਜਰੀ, ਬਿਜਲੀ, ਪੈਟਰੋਲ ਅਤੇ ਡੀਜ਼ਲ ਨਾਲ ਝੰਬੇ ਹੋਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਰੂਪਿੰਦਰ ਕੌਰ ਰੂਪੀ, ਨਰਿੰਦਰ ਸਿੰਘ ਸ਼ੇਰਗਿੱਲ, ਪ੍ਰੋਫੈਸਰ ਬਲਜਿੰਦਰ ਕੌਰ, ਹਰੀਸ਼ ਕੌਸ਼ਲ, ਪਰਮਿੰਦਰ ਸਿੰਘ ਗੋਲਡੀ, ਬਲਕਾਰ ਸਿੰਘ ਸਿੱਧੂ, ਮਾਸਟਰ ਜਗਦੇਵ ਸਿੰਘ ਮਲੋਆ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰਜੀਤ ਕੌਰ ਨੇ ਪੌਦੇ ਲਗਾ ਆਪਣਾ ਜਨਮ ਦਿਨ ਮਨਾਇਆ
Next article‘Secularism in the constitution of B’desh never conflicts Islam’