(ਸਮਾਜ ਵੀਕਲੀ)
ਉੱਤੇ ਓੜ ਕੇ ਲੋਈ ਰਾਖ਼ ਦੀ
ਸੀਨੇ ਲੈ ਦੁਨੀਆਂ ਦੇ ਦੁੱਖ ਕਲੇਸ਼
ਚੁੱਪ ਚੁਪੀਤੇ ਵਸਦੇ ਸ਼ਹਿਰ ‘ਚੋ
ਕੂਚ ਕਰ ਗਿਐ ਕੋਈ ਦਰਵੇਸ਼ ।
ਕਿਹੜੀਆਂ ਗੱਲਾਂ ਕਿਹੜੀਆਂ ਬਾਤਾਂ
ਤੜਪਦੇ ਸਮੁੰਦਰ ਹੋਏ ਗੁੰਮ
ਵਕਤ ਦੀ ਸੂਈ ਰੁਕ ਗਈ ਹੈ
ਵਾਹੋਦਾਹੀ ਜੋ ਰਹੀ ਸੀ ਘੁੰਮ।
ਪੱਥਰ ਹੋਈਆਂ ਮਨ ਦੀਆਂ ਸੋਚਾਂ
ਚਾਰ ਚੁਫੇਰੇ ਬਿਟ ਬਿਟ ਤੱਕਾਂ
ਤੇਰੇ ਜਿਹਾ ਤਾਂ ਤੁੰ ਹੀ ਸੀਗਾ
ਬਸ ਤੂੰ ਨਹੀਂ ਹੋਣਾ ਦੁਨੀਆਂ ਲੱਖਾਂ।
ਹੱਥੋਂ ਕਿਰ ਗਈ ਰੇਤ ਵਾਂਗਰਾਂ
ਲੱਭੇ ਮੈਨੂੰ ਲਫ਼ਜ਼ ਨਾ ਕੋਈ
ਜਿਸ ਨੇ ਤੈਨੂੰ ਇੱਕ ਵਾਰ ਤੱਕਿਆ
ਅੱਜ ਉਹ ਕਿਹੜੀ ਅੱਖ ਨੀ ਰੋਈ ।
ਤੂੰ ਤਾਂ ਬਹੁਤ ਦੂਰ ਨਿਕਲ਼ ਗਿਆ
ਯਾਰ ਬੇਲੀ ਤੇਰੇ ਰਹਿ ਗਏ ਪਿੱਛੇ
ਹਾਉਂਕਾ ਦੇ ਕੇ ਤੁਰ ਤੂੰ ਤਾਂ
ਦੱਸ ਮੇਲੇ ਹੁਣ ਹੋਣੇ ਕਿੱਥੇ!
ਜ਼ਿੰਦਗੀ ਦੇ ਤਲਖ਼ ਤਰਾਜ਼ੂ ਅੰਦਰ
ਮੈਂ ਵੀ ਸਾਂ ਕਿਧਰੇ ਤੋਲਾ਼ ਮਾਸਾ
ਦੁਨੀਆਂ ਦੇ ਭਵਸਾਗਰ ਅੰਦਰ
ਕਦ ਤੱਕ ਜਿਉਂਦਾ ਰਹੁ ਪਤਾਸਾ।
ਡਾ. ਮੇਹਰ ਮਾਣਕ



