HOME ਸ਼੍ਰੋਮਣੀ ਪੁਰਸਕਾਰ ਮੁਕੱਦਮੇ ਦਾ ਇਤਿਹਾਸ

ਸ਼੍ਰੋਮਣੀ ਪੁਰਸਕਾਰ ਮੁਕੱਦਮੇ ਦਾ ਇਤਿਹਾਸ

ਮਿੱਤਰ ਸੈਨ ਮੀਤ
ਪੰਨਾ ਪਹਿਲਾ: ਅਸੀਂ ਹੁਣ ਤੱਕ ਭੁਗਤ ਚੁੱਕੇ ਹਾਂ 86 ਪੇਸ਼ੀਆਂ
ਵਲੋਂ -ਮਿੱਤਰ ਸੈਨ ਮੀਤ
 (ਸਮਾਜ ਵੀਕਲੀ)  ਭਾਸ਼ਾ ਵਿਭਾਗ ਵੱਲੋਂ 1 ਨਵੰਬਰ ਤੋਂ ਪੰਜਾਬੀ ਮਾਹ ਮਨਾਏ ਜਾਣ ਅਤੇ ਪਹਿਲੇ ਸਮਾਗਮ ਵਿੱਚ ਹੀ ‘ਸ਼੍ਰੋਮਣੀ ਪੁਸਤਕ ਪੁਰਸਕਾਰ’ ਦੇਣ ਦੇ ਐਲਾਨ ਬਾਅਦ ‘ਸ਼੍ਰੋਮਣੀ ਪੁਰਸਕਾਰਾਂ ਵਾਲੇ ਮੁਕਦਮੇ ਦਾ ਕੀ ਬਣੇਗਾ?’ ਇਹ ਚਰਚਾ ਤੇਜ਼ ਹੋ ਗਈ ਹੈ।
-ਤੁਹਾਨੂੰ ਪਤਾ ਹੀ ਹੈ ਕਿ ਭਾਸ਼ਾ ਵਿਭਾਗ ਦੇ ਰਾਜ ਸਲਾਹਕਾਰ ਬੋਰਡ ਵੱਲੋਂ, ਦਸੰਬਰ 2020 ਵਿੱਚ, ਸ਼੍ਰੋਮਣੀ ਸਾਹਿਤ ਪੁਰਸਕਾਰਾਂ ਲਈ 108 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ।
-ਚੋਣ ਦੇ ਸ਼ੱਕੀ ਹੋਣ ਕਾਰਨ ਸਾਡੀ ਟੀਮ ਵੱਲੋਂ ‘ਸੂਚਨਾ ਅਧਿਕਾਰ ਕਾਨੂੰਨ’ ਦੀਆਂ ਵਿਵਸਥਾਵਾਂ ਦੀ ਵਰਤੋਂ ਕਰਕੇ, ਪੁਰਸਕਾਰਾਂ ਦੀ ਚੋਣ ਨਾਲ ਸਬੰਧਿਤ ਦਸਤਾਵੇਜ਼ ਇਕੱਠੇ ਕੀਤੇ ਗਏ। -ਦਸਤਾਵੇਜ਼ਾਂ ਦੀ ਘੋਖ ਤੋਂ ਪਾਇਆ ਗਿਆ ਕਿ ਚੋਣ ਵਿੱਚ ਸਪਸ਼ਟ ਪੱਖਪਾਤ ਅਤੇ ਭਾਈ ਭਤੀਜਾਵਾਦ ਹੋਇਆ ਹੈ। ਇਸੇ  ਕਾਰਨ ਸਾਡੀ ਟੀਮ ਵੱਲੋਂ ਪੁਰਸਕਾਰਾਂ ਦੀ ਚੋਣ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ। ਮੁਕੱਦਮਾ ਜੁਲਾਈ 2021 ਤੋਂ ਸੁਣਵਾਈ ਅਧੀਨ ਹੈ। ਅਦਾਲਤ ਵੱਲੋਂ ਪੁਰਸਕਾਰਾਂ ਦੀ ਵੰਡ ਤੇ ਰੋਕ ਲਾਈ ਹੋਈ ਹੈ। ਭਾਸ਼ਾ ਵਿਭਾਗ ਵੱਲੋਂ ਜਦੋਂ ਵੀ ‘ਸਰਵੋਤਮ ਪੁਸਤਕ ਪੁਰਸਕਾਰਾਂ’ ਦੀ ਚੋਣ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਲੋਕਾਂ ਨੂੰ ਸ਼੍ਰੋਮਣੀ ਪੁਰਸਕਾਰਾਂ ਦੀ ਯਾਦ ਵੀ ਆ ਜਾਂਦੀ ਹੈ। ਪੁਰਸਕਾਰਾਂ ਲਈ ਚੁਣੇ ਜਾ ਚੁੱਕੇ ਉਮੀਦਵਾਰਾਂ ਦੇ ਨਾਲ ਨਾਲ ਅਗਲੇ ਸਾਲਾਂ ਵਿਚ ਪੁਰਸਕਾਰ ਮਿਲਣ ਦੀ ਆਸ ਰੱਖਣ ਵਾਲੇ ਉਮੀਦਵਾਰਾਂ ਦੇ ਮਨਾਂ ਵਿੱਚ  ਵੀ ਇਹ ਵਿਚਾਰ ਪੈਦਾ ਹੁੰਦਾ ਹੈ ਕਿ ਕੀ ਕਦੇ ਸ਼੍ਰੋਮਣੀ ਪੁਰਸਕਾਰ ਮਿਲਣਗੇ ਵੀ?
-ਸ਼ੰਕੇ ਦੂਰ ਕਰਨ ਲਈ ਭਾਸ਼ਾ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਨਾਲ ਬਹੁਤ ਸਾਰੇ ਸਾਹਿਤਕਾਰ ਅਤੇ ਉਨ੍ਹਾਂ ਦੇ ਸਮਰਥਕ ਸਾਡੇ ਨਾਲ ਵੀ ਸੰਪਰਕ ਕਰਦੇ ਹਨ ਅਤੇ ਮੁਕੱਦਮੇ ਦੀ ਤਾਜ਼ਾ ਸਥਿਤੀ ਬਾਰੇ ਪੁੱਛਦੇ ਹਨ। ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਹਰ ਵਿਅਕਤੀ ਨੂੰ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਮੁਕੱਦਮੇ ਦਾ ਮਕਸਦ ਨਾ ਪੁਰਸਕਾਰਾਂ ਨੂੰ ਰੋਕਣਾ ਹੈ ਅਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪੁਰਸਕਾਰ ਦਵਾਉਣਾ ਹੈ। ਸਗੋਂ ਪਾਰਦਰਸ਼ੀ ਪੁਰਸਕਾਰ ਨੀਤੀ ਬਣਵਾਉਣਾ ਹੈ। -ਅਕਸਰ ਇਹ ਅਫ਼ਵਾਹ ਉਡਾਈ ਜਾਂਦੀ ਹੈ ਕਿ ਅਸੀਂ ਜਾਣ ਬੁਝ ਕੇ ਮੁਕੱਦਮੇ ਨੂੰ ਲਟਕਾ ਰਹੇ ਹਾਂ ਤਾਂ ਜੋ ਪੁਰਸਕਾਰਾਂ ਬਾਰੇ ਫੈਸਲਾ ਟਲਿਆ ਰਹੇ। ਦੋਸਤਾਂ ਮਿੱਤਰਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਮੁਕੱਦਮਾ ਦਾਇਰ ਕਰਨ ਵਾਲਾ ਵਿਅਕਤੀ ਭਾਵੇਂ ਕਾਨੂੰਨ ਦਾ ਜਿੰਨਾ ਮਰਜ਼ੀ ਜਾਣਕਾਰ ਹੋਵੇ ਪਰ ਅਦਾਲਤੀ ਕਾਰਵਾਈ ਆਪਣੀ ਚਾਲੇ ਹੀ ਚੱਲਦੀ ਹੈ। ਸਾਡੀ ਟੀਮ ਨੇ ਫ਼ੈਸਲਾ ਕੀਤਾ ਹੈ ਕਿ ਤੁਹਾਨੂੰ, ਸਾਡੇ ਵੱਲੋਂ ਹੁਣ ਤੱਕ ਮੁਕੱਦਮੇ ਦੇ ਤੈਅ ਕੀਤੇ ਔਖੇ ਪੈਂਡੇ ਦੀ, ਸੰਖੇਪ ਵਿਚ ਜਾਣਕਾਰੀ ਦੇ ਦੇਈਏ ਤਾਂ ਜੋ ਕੌਣ ਕਿੱਥੇ ਖੜ੍ਹਾ ਹੈ,ਇਹ ਸਪਸ਼ਟ ਹੋ ਸਕੇ।
———–
 ਭੁਗਤੀਆਂ 86 ਪੇਸ਼ੀਆਂ ਦਾ ਵੇਰਵਾ
-ਮੁਕੱਦਮੇ ਦੀ ਪਹਿਲੀ ਪੇਸ਼ੀ 15 ਜੁਲਾਈ 2021 ਨੂੰ ਪਈ ਸੀ। 85ਵੀਂ ਤਰੀਕ 15 ਅਕਤੂਬਰ 2025 ਸੀ। 86ਵੀਂ ਤਾਰੀਕ 4 ਨਵੰਬਰ 2025 ਹੈ।
-ਇੰਝ ਹੁਣ ਤੱਕ 86 ਪੇਸ਼ੀਆਂ ਪੈ ਚੁੱਕੀਆਂ ਹਨ। ਆਮ ਸਾਇਲ ਵਾਂਗ, ਹਰ ਤਰੀਕ ਤੇ ਅਸੀਂ ਵੀ ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਅਦਾਲਤ ਵਿੱਚ ਹਾਜ਼ਰ ਰਹੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਹਰ ਪੇਸ਼ੀ ਤੇ ਹੋਣ ਵਾਲੀ ਕਾਰਵਾਈ ਬਾਰੇ ਅਦਾਲਤ ਵਲੋਂ ਇੱਕ ਹੁਕਮ ਲਿਖਿਆ ਜਾਂਦਾ ਹੈ ਜਿਸ ਨੂੰ ਜ਼ਿਮਨੀ  (ਹੁਕਮ) ਆਖਿਆ ਜਾਂਦਾ ਹੈ। ਇਸ ਹੁਕਮ ਵਿੱਚ ਉਸ ਤਰੀਕ ਤੇ ਹੋਈ ਸਾਰੀ ਕਾਰਵਾਈ ਦਾ ਜ਼ਿਕਰ ਹੁੰਦਾ ਹੈ।
ਕਿਰਪਾ ਕਰਕੇ ਤੁਸੀਂ ਵੀ ਇਨ੍ਹਾਂ ਜ਼ਿਮਨੀ ਹੁਕਮਾਂ ਦਾ ਅਧਿਐਨ ਕਰੋ ਅਤੇ ਦੇਖੋ ਕਿ ਸਾਨੂੰ ਹਰ ਪੇਸ਼ੀ ਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ।
ਜਿਮਨੀ ਹੁਕਮਾਂ ਦੀ ਪੀਡੀਐਫ ਫਾਈਲ ਮਿੱਤਰ ਸੈਨ ਮੀਤ ਦੀ ਵੈਬਸਾਈਟ (mittersainmeet.in) ਤੇ ਉਪਲਬਧ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article—ਖੁਦ ਸਹੇੜਿਆ ਦੁਸ਼ਮਣ—
Next articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਤੇ ਮਨੋਰੰਜਨਾਤਮਿਕ ਦੌਰਾਨ ਰਿਹਾ ਕਾਮਯਾਬ