(ਸਮਾਜ ਵੀਕਲੀ) ਅੱਜ ਦੇ ਸਮੇਂ ਵਿੱਚ ਮਨੁੱਖ ਦੇ ਦੁਸ਼ਮਣ ਬਾਹਰੀ ਦੁਨੀਆ ਵਿੱਚ ਨਹੀਂ ਸਗੋਂ ਉਸਦੇ ਅੰਦਰ ਹਨ। ਉਹ ਆਪਣੇ ਦੁਸ਼ਮਣਾਂ ਨੂੰ ਆਪਣੇ ਨਾਲ ਹੀ ਚੁੱਕੀ ਫਿਰਦਾ। ਇਹ ਦੁਸ਼ਮਣ ਉਸਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੇ ਹਨ। ਸਾਡੇ ਜੀਵਨ ਸ਼ੈਲੀ ਕੁਛ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਇਸ ਵਿੱਚ ਸਹਿਜ ਨਹੀਂ ਰਿਹਾ। ਇਹ ਸਭ ਤੋਂ ਵੱਡਾ ਕਾਰਨ ਹੈ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ। ਜੇਕਰ ਗੱਲ ਮਨੁੱਖ ਦੇ ਅੰਦਰੂਨੀ ਦੁਸ਼ਮਣਾਂ ਦੀ ਕਰੀਏ ਤਾਂ ਉਸਦਾ ਸਭ ਤੋਂ ਵੱਡਾ ਦੁਸ਼ਮਣ ਹੈ ਚਿੰਤਾ। ਕਹਿੰਦੇ ਨੇ ਕਿ ਚਿਤਾ ਤਾਂ ਮੋਏ ਬੰਦੇ ਨੂੰ ਜਗਾਉਂਦੀ ਹੈ ਪਰ ਚਿੰਤਾ ਜਿਉਂਦੇ ਨੂੰ ਹੀ ਸਾੜ ਦਿੰਦੀ ਹੈ। ਇਹ ਬਿਲਕੁਲ ਸੱਚ ਹੈ। ਚਿੰਤਾ ਕਰਦੇ ਰਹਿਣ ਨਾਲ ਸਾਨੂੰ ਬਹੁਤ ਸਾਰੇ ਸਰੀਰਕ ਬਦਲਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਕੁਝ ਅਜਿਹੀਆਂ ਸਰੀਰਕ ਬਿਮਾਰੀਆਂ ਹਨ ਜਿਨਾਂ ਦੇ ਲੱਛਣ ਸਿਰ ਦਰਦ, ਥੱਕਿਆ ਥੱਕਿਆ ਮਹਿਸੂਸ ਕਰਨਾ, ਅਤੇ ਕੋਈ ਕੰਮ ਕਰਨ ਨੂੰ ਜੀ ਨਾ ਕਰਨਾ ਹੈ। ਇਸ ਦੇ ਮਾਨਸਿਕ ਲੱਛਣ ਹਰ ਵੇਲੇ ਪਰੇਸ਼ਾਨ ਰਹਿਣਾ, ਬਹੁਤ ਛੇਤੀ ਭਾਵਨਾਤਮਕ ਤੌਰ ਤੇ ਟੁੱਟ ਜਾਣਾ, ਇੰਝ ਜਾਪਣਾ ਜਿਵੇਂ ਕੋਈ ਵੀ ਆਪਣਾ ਨਾ ਹੋਵੇ ਆਦਿ ਹਨ। ਚਿੰਤਾ ਇੱਕ ਅਜਿਹੀ ਬਿਮਾਰੀ ਹੈ ਜੋ ਘੁਣ ਵਾਂਗ ਮਨੁੱਖ ਦੇ ਸਰੀਰ ਨੂੰ ਖਾ ਜਾਂਦੀ ਹੈ। ਚਿੰਤਾ ਕਰਨ ਵਾਲਾ ਮਨੁੱਖ ਇਹ ਸਮਝ ਹੀ ਨਹੀਂ ਪਾਉਂਦਾ ਕਿ ਜਿਸ ਗੱਲ ਦੀ ਉਹ ਚਿੰਤਾ ਕਰ ਰਿਹਾ ਹੈ ਉਹ ਸਮੱਸਿਆ ਇੰਨੀ ਵੱਡੀ ਨਹੀਂ ਜਿੰਨੀ ਉਸਨੂੰ ਮਹਿਸੂਸ ਹੋ ਰਹੀ ਹੈ। ਬਹੁਤ ਸਾਰੇ ਮਸਲੇ ਦਰਅਸਲ ਹੁੰਦੇ ਹੀ ਨਹੀਂ ਉਹ ਸਿਰਫ ਸੋਚ ਨੇ ਹੀ ਬਣਾਏ ਹੁੰਦੇ ਹਨ।
ਮਨੁੱਖ ਦੀ ਫਿਤਰਤ ਹੈ ਕਿ ਜੇਕਰ ਉਸਦਾ ਮਨ ਢੇਰੀ ਢਾਹ ਲਵੇ ਤਾਂ ਫਿਰ ਉਹ ਦੁਬਾਰਾ ਹਿੰਮਤ ਨਹੀਂ ਕਰਦਾ। ਆਪਣੀ ਹਾਰ ਨੂੰ ਪਹਿਲਾਂ ਹੀ ਮੰਨ ਲੈਣਾ ਸਾਡੇ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਕੋਈ ਘਰੋਂ ਬਾਹਰ ਗਿਆ ਹੈ ਉਸ ਦੀ ਚਿੰਤਾ ਕਰਦੇ ਰਹਿਣਾ। ਕਿਸੇ ਨੂੰ ਮੋਬਾਈਲ ਤੇ ਫੋਨ ਕੀਤਾ ਉਸਨੇ ਨਹੀਂ ਚੱਕਿਆ ਤਾਂ ਫਿਕਰਮੰਦ ਹੋ ਜਾਣਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਤਰਕ ਨਾਲ ਥੋੜਾ ਜਿਹਾ ਸੋਚ ਲਿਆ ਜਾਵੇ ਤਾਂ ਹੱਲ ਹੋ ਜਾਂਦੀਆਂ ਹਨ। ਮੈਨੂੰ ਤਾਂ ਤੁਸੀਂ ਕਿਸੇ ਨੂੰ ਫੋਨ ਕਰ ਰਹੇ ਹੋ ਤੇ ਉਹ ਫੋਨ ਨਹੀਂ ਅਟੈਂਡ ਕਰ ਰਿਹਾ ਇਸਦਾ ਮਤਲਬ ਜਰੂਰੀ ਨਹੀਂ ਕਿ ਉਹ ਕਿਸੇ ਮੁਸੀਬਤ ਵਿੱਚ ਹੈ। ਉਹ ਕਿਤੇ ਵਿਅਸਤ ਵੀ ਹੋ ਸਕਦਾ। ਹੋ ਸਕਦਾ ਉਸ ਦੇ ਫੋਨ ਦੀ ਬੈਟਰੀ ਖਤਮ ਹੋ ਗਈ ਹੋਵੇ।
ਜਦੋਂ ਮਨੁੱਖੀ ਮਨ ਵਿੱਚ ਚਿੰਤਾ ਆ ਜਾਵੇ ਤਾਂ ਉਸਨੂੰ ਹਰ ਚੀਜ਼ ਵਿੱਚ ਨਕਾਰਾਤਮਕਤਾ ਦਿਖਾਈ ਦਿੰਦੀ ਹੈ। ਕਿਸੇ ਦੀ ਸਰਸਰੀ ਕਹੀ ਗੱਲ ਵੀ ਉਸਨੂੰ ਚੁੱਭ ਜਾਂਦੀ ਹੈ। ਇਸ ਤਕਲੀਫ ਤੋਂ ਬਚਣ ਲਈ ਉਹ ਉਸ ਬੰਦੇ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਆਪਣੇ ਕਈ ਖੂਬਸੂਰਤ ਰਿਸ਼ਤੇ ਗੁਆ ਲੈਂਦਾ ਹੈ। ਹੁਣ ਤਾਂ ਬੱਚਿਆਂ ਵਿੱਚ ਵੀ ਚਿੰਤਾ ਰੋਗ ਬਹੁਤ ਪਾਇਆ ਜਾਂਦਾ ਹੈ। ਉਹਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ। ਉਹਨਾਂ ਦੇ ਦੋਸਤ ਮਿੱਤਰ ਕੀ ਪ੍ਰਾਪਤੀ ਕਰ ਲੈਂਦੇ ਹਨ ਤੇ ਕੀ ਪ੍ਰਾਪਤੀ ਉਹਨਾਂ ਤੋਂ ਨਹੀਂ ਹੁੰਦੀ ਇਹ ਵੀ ਚਿੰਤਾ ਦਾ ਕਾਰਣ ਬਣਦਾ ਹੈ।
ਇਸ ਤਰ੍ਹਾਂ ਚਿੰਤਾ ਹਰ ਮਨੁੱਖ ਨੂੰ ਘੇਰੀ ਬੈਠੀ ਹੈ। ਬਹੁਤ ਹੀ ਵਾਰ ਮਨੁੱਖ ਜਾਣਦਾ ਵੀ ਹੁੰਦਾ ਕਿ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਪਰ ਫਿਰ ਵੀ ਉਸ ਦਾ ਮਨ ਬਾਰ-ਬਾਰ ਨਿਰਾਸ਼ਾ ਵੱਲ ਜਾਂਦਾ ਹੈ। ਇਹ ਅੱਜ ਦੇ ਮਨੁੱਖ ਦੀ ਇੱਕ ਅਜਿਹੀ ਬਿਮਾਰੀ ਹੈ ਜੋ ਉਸਦੇ ਹੀ ਅੰਦਰ ਹੈ। ਇਸ ਤੋਂ ਨਿਜਾਤ ਉਸਨੇ ਖੁਦ ਹੀ ਪਾਉਣੀ ਹੈ। ਦੂਸਰੇ ਉਸ ਦੀ ਮਦਦ ਜਰੂਰ ਕਰ ਸਕਦੇ ਹਨ ਪਰ ਹੱਲ ਉਸਨੇ ਆਪ ਲੱਭਣਾ ਹੈ।
ਦੂਜੀ ਵੱਡੀ ਸਮੱਸਿਆ ਹੈ ਕਾਹਲ। ਅੱਜ ਦੇ ਮਨੁੱਖ ਨੂੰ ਹਰ ਕੰਮ ਦੀ ਕਾਹਲੀ ਹੁੰਦੀ ਹੈ। ਸਬਰ ਦਾ ਤਾਂ ਕਿਤੇ ਨਾ ਨਿਸ਼ਾਨ ਨਹੀਂ। ਹਰ ਬੰਦਾ ਚਾਹੁੰਦਾ ਹੈ ਕਿ ਜੋ ਉਹ ਸੋਚੇ ਉਹ ਤੁਰੰਤ ਹੋ ਜਾਵੇ। ਅਜਿਹਾ ਸੰਭਵ ਹੀ ਨਹੀਂ ਹੋ ਸਕਦਾ। ਇਹ ਕਾਹਲੀ ਉਸਦੇ ਸੁਭਾਅ ਦਾ ਇੱਕ ਹਿੱਸਾ ਬਣ ਚੁੱਕੀ ਹੈ। ਤੁਸੀਂ ਸੜਕਾਂ ਵੱਲ ਨਜ਼ਰ ਮਾਰੋ ਹਰ ਕੋਈ ਇੰਨੀ ਤੇਜ਼ ਜਾ ਰਿਹਾ ਹੈ ਜਿਵੇਂ ਉਸਨੇ ਅਮਰ ਚਿਠਾ ਲਿਖਵਾਇਆ ਹੋਵੇ। ਮੌਤ ਦਾ ਕੋਈ ਖੌਫ ਹੀ ਨਹੀਂ। ਸੜਕ ਤੇ ਬੇਮੁਹਾਰੇ ਤੇਜ਼ ਰਫਤਾਰ ਨਾਲ ਚਲਦੀਆਂ ਕਾਰਾਂ, ਗੱਡੀਆਂ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲੈਂਦੀਆਂ ਹਨ। ਪਤਾ ਨਹੀਂ ਇਹ ਕਿੰਨੇ ਕੁ ਨੌਜਵਾਨ ਕਿੰਨੇ ਕੁ ਬਜ਼ੁਰਗ ਬੱਚੇ ਬੀਬੀਆਂ ਇਹਨਾਂ ਵਾਹਨਾਂ ਦੀ ਭੇਂਟ ਚੜ ਚੁੱਕੇ ਹਨ। ਇੱਕ ਸਮੱਸਿਆ ਹੋਰ ਵੀ ਹੈ ਕਿ ਅਸੀਂ ਘਰੋਂ ਤਾਂ ਸਮੇਂ ਨਾਲ ਨਿਕਲਣਾ ਨਹੀਂ ਤੇ ਰਾਹ ਵਿੱਚ ਫਿਰ ਸਪੀਡ ਫੜਨੀ ਹੈ। ਬਜ਼ੁਰਗ ਕਹਿੰਦੇ ਹਨ ਕਿ ਜਿਸ ਚੀਜ਼ ਨੂੰ ਤੜਕਾ ਲੱਗ ਜਾਵੇ ਉਹ ਵਧੀਆ ਬਣ ਜਾਂਦੀ ਹੈ ਜਿਵੇਂ ਦਾਲ। ਤੜਕੇ ਤੋਂ ਬਿਨਾਂ ਦਾਲ ਦਾ ਕੋਈ ਸਵਾਦ ਨਹੀਂ। ਠੀਕ ਇਸੇ ਤਰ੍ਹਾਂ ਜੇਕਰ ਮਨੁੱਖ ਸਵੇਰੇ ਵੇਲੇ ਸਿਰ ਉੱਠੇ ਤਾਂ ਉਸਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਅੱਜ ਕੱਲ ਦੇ ਨੌਜਵਾਨ ਜਿਸ ਸਮੇਂ ਸੁੱਤੇ ਉੱਠਦੇ ਹਨ ਉਸ ਸਮੇਂ ਤੱਕ ਤਾਂ ਅੱਧਾ ਦਿਨ ਬੀਤ ਜਾਂਦਾ ਹੈ। ਸਮੇਂ ਦੀ ਪਾਬੰਦੀ ਦਾ ਨਾ ਹੋਣਾ ਕਾਹਲੀ ਦਾ ਇੱਕ ਵੱਡਾ ਕਾਰਨ ਹੈ। ਜੇਕਰ ਮਨੁੱਖ ਸਮੇਂ ਦਾ ਪਬੰਧ ਹੋਵੇ ਤਾਂ ਉਸਨੂੰ ਕਾਹਲੀ ਕਰਨ ਦੀ ਕਿਤੇ ਲੋੜ ਹੀ ਨਹੀਂ। ਪਰ ਲੇਟ ਹੋਣਾ ਜਿਵੇਂ ਸਾਡੀ ਕੌਮੀ ਆਦਤ ਬਣ ਗਈ ਹੈ। ਹਰ ਕੋਈ ਇੰਝ ਭੱਜਿਆ ਫਿਰਦਾ ਹੈ ਜਿਵੇਂ ਮੌਤ ਮੋਢਿਆਂ ਤੇ ਚੁੱਕੀ ਹੋਵੇ। ਸਬਰ ਸਿੱਖਣਾ ਹੋਵੇ ਤਾਂ ਕਿਸਾਨ ਤੋਂ ਸਿੱਖਣਾ ਚਾਹੀਦਾ ਹੈ। ਉਹ ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੀਜ ਕੇ ਮਹੀਨਿਆਂ ਬੱਧੀ ਆਪਣੀ ਫਸਲ ਦਾ ਇੰਤਜ਼ਾਰ ਕਰਦਾ ਹੈ। ਸਹਿਜ ਹੋਣ ਲਈ ਮਨ ਵਿੱਚੋਂ ਕਾਹਲ ਦਾ ਨਿਕਲ ਜਾਣਾ ਬਹੁਤ ਜਰੂਰੀ ਹੈ। ਕੋਈ ਵੀ ਚੀਜ਼ ਤੁਰੰਤ ਨਹੀਂ ਮਿਲ ਸਕਦੀ। ਇੱਕ ਸਮਾਂ ਸੀ ਜਦੋਂ ਮਾਤਾ ਪਿਤਾ ਚੰਗੇ ਨੰਬਰ ਪ੍ਰਾਪਤ ਕਰਨ ਤੇ ਘੜੀ ਲੈ ਕੇ ਦਿੰਦੇ ਸਨ ਜਾਂ ਸਾਈਕਲ। ਉਦੋਂ ਸਬਰ ਦਾ ਪਤਾ ਸੀ ਮਿਹਨਤ ਦਾ ਪਤਾ ਸੀ। ਪਰ ਹੁਣ ਬੱਚੇ ਦੇ ਮੂੰਹੋਂ ਗੱਲ ਨਿਕਲਣ ਤੋਂ ਪਹਿਲਾਂ ਹੀ ਉਹ ਚੀਜ਼ ਹਾਜ਼ਰ ਹੋ ਜਾਂਦੀ ਹੈ। ਅਜਿਹੇ ਵਿੱਚ ਉਮੀਦ ਵੀ ਕਿਵੇਂ ਕਰ ਸਕਦੇ ਹਾਂ ਕਿ ਬੱਚਾ ਸਬਰ ਤੇ ਸਹਿਜ ਸਿੱਖ ਲਵੇਗਾ।
ਮਨੁੱਖ ਦੀ ਤੀਜੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਉਸਦਾ ਮਸਾਲੇਦਾਰ ਭੋਜਨ। ਤਰ੍ਹਾਂ ਤਰ੍ਹਾਂ ਦਾ ਫਾਸਟ ਫੂਡ ਖਾ ਕੇ ਮਨੁੱਖ ਨੇ ਆਪਣੀ ਪਾਚਣ ਪ੍ਰਣਾਲੀ ਨੂੰ ਖਰਾਬ ਕੀਤਾ ਹੈ। ਅਸੀਂ ਸਭ ਜਾਣਦੇ ਹਾਂ ਕਿ ਬਾਹਰੋਂ ਕੁਝ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਪਰ ਫਿਰ ਵੀ ਨਹੀਂ ਟਲਦੇ। ਯਾਦ ਕਰਕੇ ਦੇਖੋ ਬਚਪਨ ਵਿੱਚ ਕਦੀ ਤੁਹਾਡੀ ਮਾਂ ਨੇ ਕਿਹਾ ਹੋਵੇ ਤੁਹਾਡੇ ਪਿਓ ਨੂੰ ਕਿ ਅੱਜ ਮੇਰੇ ਤੋਂ ਰੋਟੀਆਂ ਨਹੀਂ ਪੱਕਦੀਆਂ ਕਿਤੋਂ ਬਾਹਰੋਂ ਲੈ ਆਓ। ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡੀਆਂ ਮਾਵਾਂ ਡਿੱਗਦੀਆਂ ਪੈਂਦੀਆਂ ਬਿਮਾਰ ਵੀ ਉੱਠ ਕੇ ਸਿਰ ਤੇ ਕੱਪੜਾ ਬੰਨ ਫਟਾਫਟ ਰੋਟੀ ਪਕਾ ਦਿੰਦੀਆਂ ਸਨ। ਅੱਜ ਮਾਵਾਂ ਨੇ ਆਪ ਹੀ ਬੱਚੇ ਫਾਸਟ ਫੂਡ ਵੱਲ ਤੋਰ ਦਿੱਤੇ ਹਨ।
ਲੋਕਾਂ ਕੋਲ ਪੈਸਾ ਹੀ ਬਹੁਤ ਹੈ। ਅਜਿਹੇ ਪੈਸੇ ਦੀ ਦੁਰਵਰਤੋਂ ਹੀ ਹੋ ਰਹੀ ਹੈ। ਬੱਚੇ ਮਾਂ ਬਾਪ ਨਾਲ ਗੱਲ ਨਹੀਂ ਕਰਦੇ ਉਹਨਾਂ ਕੋਲ ਮਾਂ ਬਾਪ ਲਈ ਸਮਾਂ ਨਹੀਂ ਹੈ। ਉਹਨਾਂ ਨੇ ਜੋ ਖਾਣਾ ਹੁੰਦਾ ਹੈ ਉਹ ਸਿੱਧਾ ਜਮੈਟੋ ਜਾਂ ਸਵਿਗੀ ਤੇ ਆਰਡਰ ਕਰਦੇ ਹਨ। ਸੁਆਣੀ ਨੂੰ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਦਰਵਾਜ਼ੇ ਤੇ ਦਾਲ ਫਰਾਈ ਲੈ ਕੇ ਇੱਕ ਬੰਦਾ ਖੜਾ ਹੁੰਦਾ ਹੈ। ਮਾਂ ਬਾਪ ਦਾ ਕਿਰਸਾ ਕਰਕੇ ਜੋੜਿਆ ਹੋਇਆ ਧਨ ਬੱਚੇ ਦਿਨਾਂ ਵਿੱਚ ਉਡਾ ਦਿੰਦੇ ਹਨ। ਬਾਹਰੋਂ ਖਾਣ ਦਾ ਜੋ ਰਿਵਾਜ ਚੱਲ ਪਿਆ ਹੈ ਉਹ ਸਰੀਰ ਲਈ ਬਹੁਤ ਘਾਤਕ ਹੈ। ਹਾਰ ਹੋਟਲਾਂ ਢਾਬਿਆਂ ਵਿੱਚ ਬਣਨ ਵਾਲੇ ਖਾਣੇ ਵਿੱਚ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹਨ ਜੋ ਕਿ ਮਿਹਦੇ ਲਈ ਨੁਕਸਾਨ ਦੇਹ ਸਾਬਿਤ ਹੁੰਦੇ ਹਨ। ਇਹ ਚਟਪਟਾ ਖਾਣ ਦੀ ਬਿਮਾਰੀ ਜਿੱਥੇ ਸਰੀਰ ਦਾ ਨੁਕਸਾਨ ਕਰਦੀ ਹੈ ਨਾਲ ਹੀ ਪੈਸੇ ਦੀ ਬਰਬਾਦੀ ਦਾ ਕਾਰਨ ਵੀ ਬਣਦੀ ਹੈ।
ਮਨੁੱਖੀ ਸਿਹਤ ਇੱਕ ਅਨਮੋਲ ਖਜ਼ਾਨਾ ਹੈ। ਜੇਕਰ ਸਿਹਤ ਗੁਆਚ ਜਾਵੇ ਤਾਂ ਦੁਬਾਰਾ ਬਣਾਉਣੀ ਬਹੁਤ ਮੁਸ਼ਕਿਲ ਹੈ। ਪਰ ਮਸਲਾ ਇਹ ਹੈ ਕਿ ਸਾਨੂੰ ਇਸ ਦੀ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਅਸੀਂ ਸਿਹਤ ਗੁਆ ਬੈਠਦੇ ਹਾਂ। ਸਿਹਤਮੰਦ ਰਹਿਣ ਲਈ ਬਹੁਤ ਜਰੂਰੀ ਹੈ ਵਧੀਆ ਭੋਜਨ ਕਰਨਾ। ਜਿਹੜੇ ਦੋ ਮਿੰਟਾਂ ਵਿੱਚ ਬਣਨ ਵਾਲੇ ਖਾਣੇ ਹਨ ਉਹ ਸਰੀਰ ਲਈ ਬਹੁਤ ਨੁਕਸਾਨਦੇਹ ਹਨ। ਬੰਦੇ ਦਾ ਜੇਕਰ ਤਨ ਸਹੀ ਹੋਵੇ ਤਾਂ ਉਸ ਵਿੱਚ ਮਨ ਵੀ ਸਹੀ ਹੁੰਦਾ ਹੈ। ਬਾਹਰੋਂ ਖਾਣ ਨਾਲ ਸਿਹਤ ਦਾ ਨੁਕਸਾਨ ਹੁੰਦਾ ਹੈ ਤੇ ਪੈਸੇ ਦਾ ਵੀ। ਅੱਜ ਕੱਲ ਦੇਖਿਆ ਜਾਵੇ ਤਾਂ ਲੋਕ ਵਿਦੇਸ਼ੀ ਥਾਣਿਆਂ ਦੇ ਸ਼ੌਕੀਨ ਹੋ ਗਏ ਹਨ। ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਵਿਦੇਸ਼ੀ ਖਾਣੇ ਉਹਨਾਂ ਦੇ ਮੌਸਮ ਦੇ ਅਨੁਕੂਲ ਹਨ ਸਾਡੇ ਨਹੀਂ। ਇੰਸਟੈਂਟ ਫੂਡ ਸਭ ਤੋਂ ਵੱਧ ਖਤਰਨਾਕ ਹੈ। ਬੱਚੇ ਟਿਫਨ ਵਿੱਚ ਵੀ ਇਹੀ ਚੀਜ਼ਾਂ ਲੈ ਜਾਂਦੇ ਹਨ ਜੋ ਉਹਨਾਂ ਦੀ ਸਿਹਤ ਲਈ ਠੀਕ ਨਹੀਂ। ਮਾਤਾ ਪਿਤਾ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹ ਠੀਕ ਹੈ ਕਿ ਹੁਣ ਔਰਤਾਂ ਵੀ ਨੌਕਰੀ ਕਰ ਰਹੀਆਂ ਹਨ ਇਸ ਕਰਕੇ ਉਹਨਾਂ ਨੂੰ ਘਰ ਦਾ ਕੰਮ ਕਰਨ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਅਕਸਰ ਘਰਾਂ ਵਿੱਚ ਵੀ ਬਾਹਰ ਤੋਂ ਖਾਣਾ ਮੰਗਾ ਕੇ ਖਾਇਆ ਜਾਂਦਾ ਹੈ। ਇਹ ਮਸਾਲੇਦਾਰ ਭੋਜਨ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਅੱਜ ਇੱਕ ਵੱਡੀ ਬਿਮਾਰੀ ਦਾ ਰੂਪ ਧਾਰ ਚੁੱਕੇ ਹਨ। ਹਰ ਦੂਜਾ ਬੰਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ।
ਹਸਪਤਾਲਾਂ ਵਿੱਚ ਲੁੱਟ ਮਚੀ ਹੈ। ਇਹ ਹਸਪਤਾਲ ਹੁਣ ਇਲਾਜ ਕਰਨ ਲਈ ਨਹੀਂ ਮਰੀਜ਼ ਨੂੰ ਆਸਾਨੀ ਸਮਝ ਲੁੱਟਣ ਲਈ ਬਣੇ ਹਨ। ਡਾਕਟਰ ਹਜ਼ਾਰਾਂ ਰੁਪਏ ਦੇ ਟੈਸਟ ਲਿਖ ਦਿੰਦੇ ਹਨ ਤੇ ਉਸ ਤੋਂ ਬਾਅਦ ਹੀ ਦਵਾਈ ਦਿੰਦੇ ਹਨ। ਇਹਨਾਂ ਦਾ ਸ਼ਿਕਾਰ ਬਣਨ ਤੋਂ ਬਚਣ ਲਈ ਸਾਨੂੰ ਆਪਣੇ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਖਾਣ ਪੀਣ ਚੰਗਾ ਹੋਵੇਗਾ ਤਾਂ ਸਿਹਤ ਆਪੇ ਹੀ ਨਰੋਈ ਹੋਵੇਗੀ। ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਸਾਨੂੰ ਸੈਰ, ਯੋਗਾ ਅਜਿਹੀਆਂ ਕਸਰਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਮ ਜਾਣਾ ਹੁਣ ਇੱਕ ਫੈਸ਼ਨ ਬਣ ਚੁੱਕਾ ਹੈ। ਜਿਸ ਨੂੰ ਇਸ ਦੀ ਜ਼ਰੂਰਤ ਨਹੀਂ ਉਹ ਵੀ ਜਿੰਮ ਜਾ ਰਿਹਾ ਹੈ। ਘਰ ਵਿੱਚ ਕੋਈ ਪਾਣੀ ਦਾ ਗਿਲਾਸ ਚੱਕ ਕੇ ਪੀਣ ਨੂੰ ਤਿਆਰ ਨਹੀਂ ਤੇ ਜਿਮ ਵਿੱਚ ਜਾ ਕੇ ਹਰ ਕਿਸੇ ਨੇ ਕਸਰਤ ਕਰਨੀ ਹੈ। ਜੇਕਰ ਮਨੁੱਖ ਆਪਣਾ ਕੰਮ ਆਪ ਕਰੇ ਤਾਂ ਉਸਨੂੰ ਜਿੰਮ ਜਾਣ ਦੀ ਕੋਈ ਜਰੂਰਤ ਨਹੀਂ ਰਹਿੰਦੀ।
ਇਕੋ ਚੀਜ਼ਾਂ ਹਨ ਜੋ ਮਨੁੱਖ ਨੂੰ ਖਰਾਬ ਕਰ ਰਹੀਆਂ ਹਨ। ਕਾਹਲੀ, ਚਿੰਤਾ ਅਤੇ ਬਿਮਾਰੀਆਂ ਦਾ ਆਪਸ ਵਿੱਚ ਸਿੱਧਾ ਸਬੰਧ ਹੈ। ਇਹਨਾਂ ਦੇ ਜਾਲ ਵਿੱਚ ਫਸਣ ਨਾਲੋਂ ਕਿਤੇ ਚੰਗਾ ਹੈ ਆਪਣੇ ਆਪ ਨੂੰ ਸਹਿਜ ਰੱਖ ਕੇ ਆਪਣੇ ਕੰਮ ਆਪ ਕੀਤੇ ਜਾਣ। ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਿਆ ਜਾਵੇ। ਜ਼ਿੰਦਗੀ ਦੀ ਸਫਲਤਾ ਦਾ ਇਹੋ ਭੇਦ ਹੈ।
ਹਰਪ੍ਰੀਤ ਕੌਰ ਸੰਧੂ



