ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ, ਤਿੰਨੋਂ ਪਿੰਡ ਗਿੱਲ ਵਾਲੀ ਅੰਮ੍ਰਿਤਸਰ, ਹਰਨਾਮ ਸਿੰਘ ਸਿਆਲਕੋਟੀ ਭੱਟੀ ਗੁਰਾਇਆਂ ਜ਼ਿਲ੍ਹਾ ਸਿਆਲਕੋਟ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੀ ਘਾਲਣਾ ਨੂੰ ਸਿਜਦਾ ਕਰਦਿਆਂ, ਗ਼ਦਰ ਪਾਰਟੀ ਦੇ ਉਦੇਸ਼ਾਂ ਦੀ ਪੂਰਤੀ ਲਈ ਆਪਣਾ ਯੋਗਦਾਨ ਪਾਉਣ ਦਾ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਏ ਸਮਾਗਮ ਵਿੱਚ ਅਹਿਦ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਉਪਰੋਕਤ ਜ਼ਿਕਰ ਅਧੀਨ ਗ਼ਦਰੀ ਸੰਗਰਾਮੀਆਂ ਦੇ ਨਾਲ-ਨਾਲ ਨਵੰਬਰ ਮਹੀਨੇ ਦੇ ਸਮੂਹ ਦੇਸ਼ ਭਗਤਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਉਹਨਾਂ ਸਫ਼ਲ ਮੇਲੇ ‘ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਮੇਲਾ ਬੁਲੰਦੀਆਂ ਛੋਹ ਗਿਆ। ਜਨਰਲ ਸਕੱਤਰ ਨੇ ਉਚੇਚੇ ਤੌਰ ‘ਤੇ ਚਾਹ ਦੇ ਲੰਗਰ ਦੀਆਂ ਸੇਵਾਵਾਂ ਲਈ ਸਾਰਾ ਪ੍ਰਬੰਧ ਆਪਣੇ ਜ਼ਿੰਮੇ ਲੈਣ ਅਤੇ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਲੰਗਰ ‘ਚ ਰਸਦ ਅਤੇ ਆਰਥਕ ਯੋਗਦਾਨ ਲਈ ਗ਼ਦਰੀ ਦੇਸ਼ ਭਗਤਾਂ ਦੇ ਪਿੰਡਾਂ ਦਾ ਉਚੇਚਾ ਧੰਨਵਾਦ ਕੀਤਾ।
ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਉਪਰ ਪੜਚੋਲਵੀਂ ਨਜ਼ਰ ਮਾਰਨ ਲਈ ਅੱਜ ਦੀ ਮੀਟਿੰਗ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ‘ਤੇ ਕੁਇਜ਼, ਭਾਸ਼ਣ, ਗਾਇਨ, ਪੇਂਟਿੰਗ, ਕਵੀ-ਦਰਬਾਰ, ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ, ਲੰਗਰ, ਵਲੰਟੀਅਰ, ਫ਼ਿਲਮ ਸ਼ੋਅ ਆਦਿ ਕਾਰਜ਼ ਨੇਪਰੇ ਚਾੜਨ ਲਈ ਬਣਾਈਆਂ ਸਮੂਹ ਕਮੇਟੀਆਂ ਨੂੰ ਅੱਜ ਦੀ ਮੀਟਿੰਗ ‘ਚ ਸ਼ਾਮਲ ਹੋ ਕੇ ਨਿੱਗਰ ਸੁਝਾਅ ਦਿੱਤੇ ਅਤੇ ਖੁੱਲ੍ਹਕੇ ਵਿਚਾਰ-ਵਟਾਂਦਰਾ ਕੀਤਾ।
ਇਸ ਮੀਟਿੰਗ ‘ਚ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ 33ਵੇਂ ਮੇਲੇ ਦੀਆਂ ਪ੍ਰਾਪਤੀਆਂ ਨੂੰ ਲੜ ਬੰਨ੍ਹਣ ਅਤੇ ਰਹੀਆਂ ਊਣਤਾਈਆਂ ਦੀ ਪੂਰਤੀ ਲਈ ਅੱਗੇ ਤੋਂ ਠੋਸ ਵਿਉਂਤਬੰਦੀ ਕਰਨ ਅਤੇ ਨਵੀਆਂ ਪੁਲਾਂਘਾਂ ਭਰਨ ਲਈ ਪੂਰੀ ਸੂਝ-ਬੂਝ ਅਤੇ ਤਨਦੇਹੀ ਨਾਲ ਸਾਂਝੇ ਉੱਦਮ ਜੁਟਾਉਣ ਦੀ ਅਪੀਲ ਕੀਤੀ।
ਮੀਟਿੰਗ ‘ਚ ਡਾ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਡਾ. ਹਰਜਿੰਦਰ ਸਿੰਘ ਅਟਵਾਲ, ਕੇਸਰ ਸਿੰਘ, ਪ੍ਰੋ. ਗੋਪਾਲ ਬੁੱਟਰ, ਸੁਰਿੰਦਰ ਕੁਮਾਰੀ ਕੋਛੜ, ਪੱਤਰਕਾਰ ਸੀਤਲ, ਡਾ. ਪਰਮਿੰਦਰ, ਸਾਹਿਲ ਨੂਰ ਮਹਿਲ, ਵਿਜੈ ਬੰਬੇਲੀ, ਵਿਜੈ ਜਲੰਧਰ, ਗੁਰਮੀਤ, ਸੁਰਿੰਦਰਪਾਲ, ਵਰੁਨ ਟੰਡਨ, ਪਰਮਜੀਤ ਆਦਮਪੁਰ, ਨਸੀਬ ਚੰਦ ਬੱਬੀ, ਜਸਬੀਰ ਜੱਸੀ, ਹਰਮੇਸ਼ ਮਾਲੜੀ, ਸੀਤਲ ਸਿੰਘ ਸੰਘਾ, ਇੰਦਰਜੀਤ ਆਰਟਿਸਟ ਜਲੰਧਰ, ਜੋਗਾ ਸਿੰਘ, ਸੁਮੀਤ ਅੰਮ੍ਰਿਤਸਰ ਆਦਿ ਨੇ ਮੇਲੇ ਦੇ ਮੁਕਾਬਲਿਆਂ, ਪੇਸ਼ਕਾਰੀਆਂ, ਪ੍ਰਬੰਧਾਂ, ਇਕੱਠ, ਮੇਲੇ ਦੇ ਸੁਨੇਹੇ ਅਤੇ ਅੱਗੇ ਤੋਂ ਮੇਲੇ ਨੂੰ ਹਰ ਪੱਖੋਂ ਹੋਰ ਵੀ ਹਰਮਨ ਪਿਆਰਾ ਬਣਾਉਣ ਲਈ ਠੋਸ ਸੁਝਾਅ ਦਿੱਤੇ।
ਵਿਚਾਰ-ਚਰਚਾ ਦੇ ਸਿਖ਼ਰ ‘ਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਗਗਨਦੀਪ ਵਿਰਕ ਦੀ ਅਗਵਾਈ ‘ਚ ਮੇਲੇ ਆਈਆਂ ਵਿਦਿਆਰਥਣਾਂ ਵੱਲੋਂ ਮੇਲੇ ਦੇ ਮੁੱਖ ਬੁਲਾਰਿਆਂ, ਕਮੇਟੀ ਅਤੇ ਝੰਡੇ ਦੇ ਗੀਤ ਦੇ ਕਲਾਕਾਰਾਂ ਲਈ ਕਾਲਜ ਅੰਦਰ ਹੀ ਘਰ ਦਾ ਤਿਆਰ ਕੀਤਾ ਮੇਲੇ ‘ਚ ਭੇਂਟ ਕੀਤੇ ਗੁੜ ਨਾਲ ਸਭਨਾਂ ਨੇ ਮੂੰਹ ਮਿੱਠਾ ਕੀਤਾ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮੇਲੇ ਸਬੰਧੀ ਉਸਾਰੂ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਸਮੀਖਿਆ ਕਰਦਿਆਂ ਸਭਨਾਂ ਦੇ ਆਏ ਸੁਝਾਵਾਂ ਉਪਰ ਕਮੇਟੀ ਗੰਭੀਰਤਾ ਨਾਲ ਗੌਰ ਕਰੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly