31 ਜੁਲਾਈ ਸ਼ਹੀਦ ਊਧਮ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼
ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਅੱਜ ਪੂਰਾ ਦੇਸ਼ ਸ਼ਹੀਦ ਊਧਮ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰ ਰਿਹਾ ਹੈ ਅਤੇ ਹਰ ਸਾਲ ਸਰਕਾਰਾਂ ਵੱਲੋਂ ਇਸ ਦਿਨ ਵੱਡੇ ਪੱਧਰ ਤੇ ਸਮਾਗਮ ਵੀ ਕਰਵਾਏ ਜਾਂਦੇ ਹਨ ਨੇਤਾਵਾਂ ਵੱਲੋਂ ਬੁੱਤਾਂ ਤੇ ਹਾਰ ਪਾਕੇ ਫੋਟੋਆਂ ਖਿਚਵਾਈਆਂ ਜਾਂਦੀਆਂ ਹਨ ਅਤੇ ਵੱਡੇ ਵੱਡੇ ਭਾਸ਼ਨ ਦਿੱਤੇ ਜਾਂਦੇ ਹਨ। ਪਰ ਕੀ ਸੱਚਮੁੱਚ ਸ਼ਹਿਦਾਂ ਦਾ ਸੁਪਨਾ ਪੂਰਾ ਹੋ ਗਿਆ ਹੈ ? ਆਖਿਰ ਅਜ਼ਾਦੀ ਦੇ 75 ਸਾਲਾ ਤੋਂ ਬਾਅਦ ਵੀ ਦੇਸ਼ ਦੇ ਨੌਜਵਾਨ ਉਨ੍ਹਾਂ ਦੇਸ਼ਾਂ ਵੱਲ ਜਾਣ ਨੂੰ ਤਰਸ ਰਹੇ ਹਨ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਤੋਂ ਭਗਤ ਸਿੰਘ ਅਤੇ ਊਧਮ ਸਿੰਘ ਵਰਗੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਕਿਤੇ ਨਾ ਕਿਤੇ ਦੇਸ਼ ਦੇ ਹਲਾਤ ਸਾਡੇ ਲੋਕਤੰਤਰ, ਸਿਸਟਮ, ਅਤੇ ਰਾਜਨੀਤੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ ? ਦੇਸ਼ ਦੀ ਆਜ਼ਾਦੀ ਅਤੇ ਖੁਸ਼ਹਾਲੀ ਲਈ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਨਾਂ ਲਾਉਣ ਵਾਲੇ ਊਧਮ ਦਾ ਅਸਲ ਨਾਂ ਸ਼ੇਰ ਸਿੰਘ ਸੀ ਜਿਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ। ਸੁਨਾਮ ਉਸ ਸਮੇਂ ਪਟਿਆਲਾ ਰਿਆਸਤ ਦਾ ਇਕ ਹਿੱਸਾ ਸੀ ਉਨ੍ਹਾਂ ਦੇ ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਖੇ ਰੇਲਵੇ ਫਾਟਕ ਤੇ ਚੌਂਕੀਦਾਰ ਵਜੋਂ ਨੌਕਰੀ ਕਰਦੇ ਸਨ। ਸ਼ੇਰ ਸਿੰਘ ਅਜੇ ਮਹਿਜ਼ ਸੱਤ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਸਦੇ ਸਿਰ ਉੱਤੋਂ ਮਾਂ-ਬਾਪ ਦੋਵਾਂ ਦਾ ਹੀ ਸਾਇਆ ਉੱਠ ਗਿਆ। ਮਾਪਿਆਂ ਦਾ ਸਾਇਆ ਖੁਸ ਜਾਣ ਉਪਰੰਤ ਊਧਮ ਸਿੰਘ ਨੂੰ ਖਾਲਸਾ ਯਤੀਮਖਾਨੇ ਅੰਮ੍ਰਿਤਸਰ ਵਿਖੇ ਦਾਖਲ ਕਰਵਾ ਦਿੱਤਾ ਗਿਆ ।
ਸੰਨ 1919 ਵਿਚ ਜਲ੍ਹਿਆਂਵਾਲਾ ਬਾਗ ਦੇ ਹੱਤਿਆ ਕਾਂਡ ਜਿਸ ਵਿੱਚ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਯਤੀਮਖਾਨੇ ਵਲੋਂ ਊਧਮ ਦੀ ਡਿਊਟੀ ਇਸ ਕਾਂਡ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਸੇਵਾ ਉਤੇ ਲੱਗੇ ਹੋਣ ਕਾਰਨ ਸਾਰੀ ਦੁਰਘਟਨਾ ਦੀ ਦਰਦਨਾਕ ਝਾਕੀ ਉਸ ਦੀਆਂ ਅੱਖਾਂ ਅੱਗੋਂ ਦੀ ਲੰਘੀ, ਜਿਸ ਦਾ ਉਨ੍ਹਾਂ ਉਤੇ ਇਸ ਕਦਰ ਡੂੰਘਾ ਅਸਰ ਪਿਆ ਕਿ ਉਸ ਨੇ ਇਸ ਜ਼ੁਲਮ ਦਾ ਬਦਲਾ ਲੈਣ ਦੀ ਪੱਕੀ ਠਾਣ ਲਈ। ਇਹ ਵੀ ਕਿਹਾ ਜਾਂਦਾ ਹੈ ਕਿ ਲਾਸ਼ਾਂ ਦੇ ਢੇਰ ਵਿਚ ਖੜੋਕੇ ਉਸ ਨੇ ਪ੍ਰਣ ਕੀਤਾ ਕਿ ਮੈਂ ਪੰਜਾਬ ਦੇ ਗਵਰਨਰ ਓਡਵਾਇਰ ਨੂੰ ਮਾਰ ਕੇ ਇਸ ਜ਼ੁਲਮ ਦਾ ਬਦਲਾ ਜ਼ਰੂਰ ਲਵਾਂਗਾ। ਉਨ੍ਹਾਂ ਨੂੰ ਇਸ ਕੰਮ ਲਈ ਕਾਫੀ ਦੇਰ ਰਾਮ ਮਹੁੰਮਦ ਸਿੰਘ ਅਜਾਦ ਦੇ ਨਾਂ ਤੇ ਲੰਡਨ ਵਿੱਚ ਰਹਿਣਾਂ ਪਿਆ ਆਖਿਰ ਲੰਮੀ ਉਡੀਕ ਤੋਂ ਬਾਅਦ 13 ਮਾਰਚ 1940 ਨੂੰ ਉਹ ਘੜੀ ਵੀ ਆ ਗਈ, ਜਿਸ ਦਾ ਉਸਨੂੰ ਸਾਲਾਂ ਤੋਂ ਇੰਤਜ਼ਾਰ ਸੀ, ਉਸ ਦਿਨ 4.30 ਵਜੇ ਕੈਕਸਟਨ ਹਾਲ, ਲੰਦਨ ਵਿਚ ਜਿਥੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ ਮਾਈਕਲ ਓਡਵਾਇਰ ਉੱਤੇ ਜੋ ਅੰਮ੍ਰਿਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ ਪੰਜ-ਛੇ ਗੋਲੀਆਂ ਚਲਾਈਆ ਅਤੇ ਮਾਇਕਲ ਨੂੰ ਮਾਰਕੇ ਉਨ੍ਹਾਂ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈ ਲਿਆ ਸੀ। 4 ਜੂਨ 1940 ਨੂੰ ਊਧਮ ਸਿੰਘ ਨੂੰ ਜਨਰਲ ਡਾਇਰ ਦੀ ਮੌਤ ਦਾ ਦੋਸ਼ੀ ਕਰਾਰ ਦਿੱਤਾ ਗਿਆ। ਜਦੋ ਊਧਮ ਸਿੰਘ ਤੋਂ ਓਡਵਾਇਰ ਦੀ ਹੱਤਿਆ ਪਿਛੇ ਉਸ ਦੀ ਪ੍ਰੇਰਣਾ ਬਾਰੇ ਪੁੱਛਗਿੱਛ ਕੀਤੀ ਗਈ ਸੀ, ਜਿਸ ਦਾ ਉਸ ਨੇ ਜਵਾਬ ਦਿੱਤਾ, ‘ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਨੂੰ ਉਸ ਨਾਲ ਨਫ਼ਰਤ ਸੀ। ਉਹ ਇਸ ਦਾ ਹੱਕਦਾਰ ਸੀ। ਉਹ ਅਸਲ ਦੋਸ਼ੀ ਸੀ। ਉਹ ਮੇਰੇ ਲੋਕਾਂ ਦੀ ਆਤਮਾ ਨੂੰ ਕੁਚਲਣਾ ਚਾਹੁੰਦਾ ਸੀ, ਇਸ ਲਈ ਮੈਂ ਉਸਨੂੰ ਕੁਚਲ ਦਿੱਤਾ ਹੈ। ਪੂਰੇ 21 ਸਾਲਾਂ ਤੋਂ ਮੈਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਖੁਸ਼ ਹਾਂ ਕਿ ਮੈਂ ਇਹ ਕੰਮ ਕੀਤਾ ਹੈ। ਮੈਂ ਮੌਤ ਤੋਂ ਨਹੀਂ ਡਰਦਾ, ਮੈਂ ਆਪਣੇ ਦੇਸ਼ ਲਈ ਮਰ ਰਿਹਾ ਹਾਂ। ਮੈਂ ਆਪਣੇ ਲੋਕਾਂ ਨੂੰ ਬਰਤਾਨਵੀ ਰਾਜ ਅਧੀਨ ਭਾਰਤ ਵਿੱਚ ਭੁੱਖੇ ਮਰਦੇ ਦੇਖਿਆ ਹੈ। ਮੈਂ ਇਸ ਦਾ ਵਿਰੋਧ ਕੀਤਾ ਹੈ, ਇਹ ਮੇਰਾ ਫਰਜ਼ ਸੀ।ਆਪਣੀ ਮਾਤ-ਭੂਮੀ ਦੀ ਖ਼ਾਤਰ ਮੌਤ ਤੋਂ ਵੱਧ ਮੇਰੇ ਲਈ ਹੋਰ ਕੀ ਸਨਮਾਨ ਹੋ ਸਕਦਾ ਹੈ? 31 ਜੁਲਾਈ, 1940 ਨੂੰ ਪੈਂਟਨਵਿਲੇ ਜੇਲ੍ਹ ਵਿੱਚ ਉਸਨੂੰ ਫਾਂਸੀ ਦੇ ਦਿੱਤੀ ਗਈ। 31 ਜੁਲਾਈ 1974 ਨੂੰ ਊਧਮ ਸਿੰਘ ਜੀ ਦੀ ਬਰਸੀ ਵਾਲੇ ਦਿਨ ਉਨ੍ਹਾਂ ਦੀਆ ਅਸਥੀਆਂ ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ ਜਿਥੇ ਅਸਥੀਆਂ ਨੂੰ ਉਨ੍ਹਾਂ ਦੇ ਪਿੰਡ ਲਿਆ ਕੇ ਯਾਦਗਾਰ ਬਣਾਈ ਗਈ ਸੀ। ਪਰ ਅਫਸੋਸ ਕਿ ਊਧਮ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਨੇ ਆਜ਼ਾਦ ਦੇਸ਼ ਲਈ ਜੋ ਸੁਪਨੇ ਸੰਜੋਏ ਸਨ ਅਤੇ ਜਿਸ ਧਰਮ ਨਿਰਪੱਖ ਦੇਸ਼ ਦੀ ਉਨ੍ਹਾਂ ਕਲਪਨਾ ਕੀਤੀ, ਅੱਜ ਉਨ੍ਹਾਂ ਦੇ ਸੁਪਨਿਆਂ ਨੂੰ ਦੇਸ਼ ਦੇ ਅਖੌਤੀ ਲੀਡਰਸ਼ਿਪ ਦੁਆਰਾ ਮਨਮਰਜ਼ੀ ਮੁਤਾਬਕ ਤਾਰ ਤਾਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਦੇਸ਼ ਅੰਦਰ ਲਗਾਤਾਰ ਅਸਿਹਣਸਿਲਤਾ ਵਾਲੇ ਮਾਹੌਲ ਨੂੰ ਸਿਰਜਿਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਸ਼ ਵਿਚਲੇ ਜਮਹੂਰੀ ਨਿਜ਼ਾਮ ਨੂੰ ਖੋਖਲਾ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ। ਹੱਕ ਸੱਚ ਲਈ ਉੱਠਣ ਵਾਲੀਆਂ ਅਵਾਜ਼ਾਂ ਨੂੰ ਆਨੀ ਬਹਾਨੀ ਦਬਾ ਦਿੱਤਾ ਜਾਂਦਾ ਹੈ । ਯਕੀਨਨ ਇਹ ਸੱਭ ਵੇਖ ਕੇ ਊਧਮ ਸਿੰਘ ਜਿਹਿਆਂ ਦੀਆਂ ਆਤਮਾਵਾਂ ਝੰਜੋੜੀ ਜਾ ਰਹੀਆਂ ਹੋਣਗੀਆਂ ਅਤੇ ਉਹ ਸੋਚ ਰਹੀਆਂ ਹੋਣਗੀਆਂ ਕਿ ਹਾਲਾਤ ਅਜ਼ਾਦੀ ਤੋਂ ਪਹਿਲਾਂ ਬੇਹਤਰ ਸਨ । ਅੱਜ ਭਾਰਤ ਦੀ ਗੰਦੀ ਰਾਜਨੀਤੀ ਦੇ ਚਲਦੇ ਦੇਸ਼ ਜ਼ਾਤ ਪਾਤ ਅਤੇ ਧਰਮ ਦੇ ਨਾਂ ਤੇ ਉਲਝ ਕੇ ਰਹਿ ਗਿਆ ਹੈ ਅਜ਼ਾਦੀ ਤੋਂ ਬਾਅਦ ਗਰੀਬੀ,ਬੇਰੁਜ਼ਗਾਰੀ, ਮਹਿਗਾਈ, ਨਸ਼ਾ, ਭ੍ਰਿਸ਼ਟਾਚਾਰ ਆਦਿ ਬਿਮਾਰੀਆਂ ਘਟਣ ਦੀ ਬਜਾਏ ਹੋਰ ਵਧਦੀਆਂ ਜਾ ਰਹੀਆਂ ਹਨ। ਕਹਿਣ ਨੂੰ ਭਾਵੇਂ ਲੋਕਤੰਤਰ ਹੈ ਪਰ ਚੋਣਾਂ ਸਰਮਾਏਦਾਰਾ ਵਲੋਂ ਲੜਾਈਆਂ ਜਾਂਦੀਆਂ ਹਨ ਅਤੇ ਦੇਸ਼ ਦਾ ਸਿਸਟਮ ਉਨ੍ਹਾਂ ਦੇ ਰਹਿਮੋ ਕਰਮ ਤੇ ਨਿਰਭਰ ਕਰਦਾ ਹੈ ਗਰੀਬੀ, ਬੇਰੁਜ਼ਗਾਰੀ, ਮਹਿਗਾਈ, ਅਤੇ ਜਨਸੰਖਿਆ ਵਿੱਚ ਅਸੀਂ ਬਹੁਤ ਸਾਰੇ ਦੇਸ਼ਾਂ ਨੂੰ ਪਛਾੜ ਕੇ ਪਹਿਲੇ ਨੰਬਰ ਤੇ ਆ ਚੁੱਕੇ ਹਾਂ। ਅਗਰ ਸਾਡੇ ਦੇਸ਼ ਦਾ ਸਿਸਟਮ ਸਹੀ ਹੁੰਦਾ ਤਾਂ ਸ਼ਾਇਦ ਅੱਜ ਸਾਡੀ ਪੀੜ੍ਹੀ ਨੂੰ ਰੁਜ਼ਗਾਰ ਲਈ ਉਨ੍ਹਾਂ ਦੇਸ਼ਾਂ ਚ ਨਾ ਜਾਣਾ ਪੈਂਦਾ ਜਿਨ੍ਹਾਂ ਤੋਂ ਭਗਤ ਸਿੰਘ ਅਤੇ ਊਧਮ ਸਿੰਘ ਵਰਗੇ ਸ਼ਹੀਦਾਂ ਨੇ ਅਜ਼ਾਦ ਕਰਵਾਇਆ ਸੀ। ਅੱਜ ਦੇਸ਼ ਨੂੰ ਸਾਫ਼ ਸੁਥਰੇ ਅਕਸ ਵਾਲੇ, ਇਮਾਨਦਾਰ, ਬੁਧੀਜੀਵੀ ਨੇਤਾਵਾਂ ਦੀ ਲੋੜ ਹੈ। ਭਾਰਤ ਦੇਸ਼ ਦੇ ਲੋਕਾ ਦੀ ਖੁਸ਼ਹਾਲੀ ਲਈ ਇਮਾਨਦਾਰ ਰਾਜਨੀਤੀ ਦੇ ਨਾਲ ਨਾਲ ਚੰਗੀਆ ਨੀਤੀਆਂ ਬਣਨ, ਇਹੀ ਸ਼ਹਿਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly