ਸੱਤ ਵਾਲੀਆਂ ਖ਼ਬਰਾਂ

 (ਸਮਾਜ ਵੀਕਲੀ)  –  ਗੁਆਂਢੀ ਰਾਜ ਦੀ ਸਰਹੱਦ ਤੇ ਹੋ ਰਹੇ ਧੱਕੇ ਨੇ ਬਾਪੂ ਦੀ ਨੀਂਦ ਖਰਾਬ ਕਰ ਰੱਖੀ ਸੀ।ਇਹ ਵੀ ਭਲਾ ਕਿਹੜਾ ਨਿਆਂ ਹੈ ਕਿ ਆਪਣਾ ਦੁਖੜਾ ਵੀ ਨਹੀਂ ਰੋਣ ਦੇਣਾ। ਦੇਸ਼ ਦੇ ਅੰਦਰ ਹੀ ਜੇ ਇਸ ਤਰ੍ਹਾਂ ਬਾਡਰ ਬਣ ਗਏ ,ਕੱਲ੍ਹ ਨੂੰ ਉੱਨੀ ਇੱਕੀ ਹੁੰਦੀ ਹੈ ਤਾਂ ਕੌਣ ਕਿਸੇ ਦਾ ਸਹਾਰਾ ਬਣੇਗਾ।ਰੱਬ ਨਾ ਕਰੇ ਜੇ ਦੂਸਰੇ ਦੇਸ਼ ਨਾਲ ਜੰਗ ਲੱਗ ਜਾਵੇ…।ਰਾਜ ਤਾਂ ਆਉਂਦੇ ਜਾਂਦੇ ਰਹਿਣੇ ਹਨ ,ਅਜਿਹਾ ਕਰਨ ਤੋਂ ਪਹਿਲਾਂ ਕੁੱਝ ਤਾਂ ਸੋਚੋ।
>>    ਸਰਹੱਦ ਤੇ ਰੋਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਵਰਤੇ ਜਾ ਰਹੇ ਹੱਥਕੰਡੇ ਵੇਖ ਬਾਪੂ ਦਾ ਗੁੱਸਾ ਵਧਦਾ ਜਾ ਰਿਹਾ ਸੀ।ਕਿਸਾਨਾਂ ਉੱਤੇ ਹੰਝੂ ਗੈਸ,ਰਬੜ ਦੀਆਂ ਗੋਲੀਆਂ ,ਰਸਤੇ ਵਿੱਚ ਰੱਖੇ ਵੱਡੇ ਵੱਡੇ ਪੱਥਰ ਤੇ ਸੜਕ ਤੇ ਗੱਡੇ ਕਿੱਲ,ਜ਼ੁਲਮ ਨਹੀਂ ਤਾਂ ਹੋਰ ਕੀ ਹੈ।ਕੀ ਕਿਸਾਨ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ,ਉਨ੍ਹਾਂ ਦੇ ਹੱਕਾਂ ਦੇ ਹੱਕਾਂ ਤੇ ਮਾਰੇ ਜਾ ਰਹੇ ਡਾਕੇ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ ?ਆਪਣਾ ਹੱਕ ਮੰਗਣਾ ਵੀ ਹੁਣ ਗੁਨਾਹ ਹੋ ਗਿਆ।ਸਵੇਰੇ ਹੀ ਅਖ਼ਬਾਰ ਵਿੱਚ ਲੱਗੀਆਂ ਖ਼ਬਰਾਂ ਅਤੇ ਤਸਵੀਰਾਂ ਨੇ ਬਾਪੂ ਨੂੰ ਖਾਸ਼ਾ ਪ੍ਰੇਸ਼ਾਨ ਕਰ ਦਿੱਤਾ ਸੀ।ਅਖ਼ਬਾਰ ਪਾਸੇ ਰੱਖ ਉਹ ਬੁੜਬੜਾਉਣ ਲੱਗੇ,”ਜਿੰਨ੍ਹਾਂ ਦੀਆਂ ਵੋਟਾਂ ਨਾਲ ਰਾਜ ਲੈਂਦੇ,ਉਨ੍ਹਾਂ ਵਿਰੁੱਧ ਹੀ ਕਾਨੂੰਨ ਬਣਾਉਣ ਲੱਗ ਪਏ,ਕੀ ਇਹ ਦੇਸ਼ ਸਿਰਫ ਧਨਾਢਾਂ ਦਾ ਹੀ ਰਹਿ ਗਿਆ…।” ਬਾਪੂ ਬੋਲਦਾ ਬੋਲਦਾ ਕੁਰਸੀ ਤੇ ਜਿਵੇਂ ਡਿੱਗ ਪਿਆ ਸੀ।ਇਹੋ ਹੀ ਚੀਜ਼ ਸਾਡੇ ਲਈ ਪ੍ਰੇਸ਼ਾਨੀ ਦਾ ਕਾਰਣ ਸੀ।ਜਿਸ ਦਿਨ ਦਾ ਕਿਸਾਨ ਅੰਦੋਲਨ ਦੁਬਾਰਾ ਆਰੰਭ ਹੋਇਆ ਸੀ ਮਾਂ ਅਤੇ ਮੈਨੂੰ ਤੌਖਲਾ ਸੀ,ਬਾਪੂ ਨੇ ਫਿਰ ਬਿਸਤਰਾ ਬੰਨ੍ਹ ਲੈਣਾ।ਇਹ ਨਹੀਂ ਕਿ ਅਸੀਂ ਕਿਸਾਨ ਅੰਦੋਲਨ ਦੇ ਵਿਰੁੱਧ ਹਾਂ,ਸਗੋਂ ਤਨੋਂ ਮਨੋਂ ਇਸ ਦੀ ਹਮਾਇਤ ਕਰਦੇ ਹਾਂ ਪਰ ਬਾਪੂ ਦੀ ਉਮਰ ਅਤੇ ਵਧਦੇ ਖੂਨ ਦਬਾਅ ਕਾਰਣ ਉਨ੍ਹਾਂ ਦੀ ਸਿਹਤ ਵੱਲੋਂ ਚਿੰਤਾ ਰਹਿੰਦੀ ਸੀ।ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਪੈਂਦੇ ਸਨ ਕਿ ਇਸ ਨੇ ਰਾਹਾਂ ਵਿੱਚ ਰੁਲਕੇ ਮਰਨਾ ਤੇ ਜੱਗ ਦੀਆਂ ਛਿੱਬੀਆਂ ਸਾਨੂੰ ਮਿਲਣੀਆਂ ।ਬਾਪੂ ਦੇ ਜਿੱਦੀ ਸੁਭਾਅ ਅੱਗੇ ਸਾਡੀ ਕੁੱਝ ਕਹਿਣ ਦੀ ਹਿੰਮਤ ਨਹੀਂ ਸੀ।ਬਾਪੂ ਨੂੰ ਦੁਨੀਆਂਦਾਰੀ ਦੀਆਂ ਚਾਲਾਂ ਤੇ ਮੌਕੇ ਅਨੁਸਾਰ ਢਲ਼ ਜਾਣ ਦੀ ਆਦਤ ਬਿੱਲਕੁੱਲ ਪਸੰਦ ਨਹੀਂ ਸੀ।ਸੱਚ ਅਤੇ ਨਿਆਂ ਲਈ ਬੋਲਣ ਲੱਗਿਆਂ ਉਹ ਕਦੇ ਵੀ ਝਕਦੇ ਨਹੀਂ ਸਨ।ਇਸੇ ਕਰਕੇ ਉਹ ਪਰ੍ਹੇ ਪੰਚਾਇਤ ਤੋਂ ਵੀ ਉਹ ਪਾਸੇ ਹੀ ਰਹਿੰਦੇ ਸਨ ਕਿਉਂਕਿ ਉੱਥੇ ਝੁਕਦੇ ਪੱਲੜੇ ਵੱਲ ਝੁਕਣ ਵਾਲਿਆਂ ਦੀ ਬਹੁਤਾਤ ਸੀ।ਕਿਸੇ ਨਾਲ ਧੱਕਾ ਹੁੰਦਾ ਵੇਖ ਭਾਂਵੇ ਸਾਰਾ ਪਿੰਡ ਚੁੱਪ ਕਰ ਜਾਵੇ ਪਰ ਬਾਪੂ ਤੋਂ ਇਹ ਬਰਦਾਸ਼ਤ ਨਹੀਂ ਸੀ ਹੁੰਦਾ ਤੇ ਉਹ ਬੋਲਣ ਲੱਗਿਆਂ ਕਿਸੇ ਦੀ ਲਿਹਾਜ਼ ਨਹੀਂ ਸਨ ਕਰਦੇ।ਪਿਛਲੇ ਕਿਸਾਨ ਅੰਦੋਲਨ ਵਿੱਚ ਵੀ ਉਹ ਪੂਰਾ ਸਮਾਂ ਉੱਥੇ ਹੀ ਰਹੇ।ਮੈਂ ਉਨ੍ਹਾਂ ਨੂੰ ਲਿਆਉਣ ਲਈ ਦਿੱਲੀ ਜਾਣ ਲੱਗਿਆ ਤਾਂ ਮਾਂ ਵੀ ਨਾਲ ਜਾਣ ਲਈ ਤਿਆਰ ਹੋ ਗਈ,”ਪੁੱਤ ਤੇਰੇ ਕਹੇ ਤੋਂ ਉਸਨੇ ਕਾਹਦਾ ਆਉਣਾ,ਮੈਂ ਵੀ ਚਲਦੀ ਹਾਂ,ਸ਼ਾਇਦ ਆਖੇ ਲੱਗ ਜਾਵੇ।” ਤੇ ਮਾਂ ਨਾਲ ਹੀ ਦਿੱਲੀ ਚੱਲ ਪਈ।ਜਾਕੇ ਦੇਖਿਆ ਤਾਂ ਬਾਪੂ ਪੂਰਾ ਰੌਂਅ ਵਿੱਚ ਸੀ।ਜਰਨੈਲਾਂ ਵਾਂਗ ਉਸਦੇ ਹੁਕਮ ਵਿੱਚ ਕਈ ਬੰਦੇ ਏਧਰ ਉਧਰ ਭੱਜੇ ਫਿਰ ਰਹੇ ਸਨ।ਬਾਪੂ ਲੰਗਰ ਤੋਂ ਲੈਕੇ ਸਮਾਨ ਦੀ ਢੋਆ ਢੁਆਈ ਤੱਕ ਸਾਰੇ ਪ੍ਰਬੰਧ ਦੇਖ ਰਿਹਾ ਸੀ।ਉਸ ਦੀ ਬੜਕ ਨੌਜਵਾਨਾਂ ਨੂੰ ਹੌਸਲਾ ਤੇ ਹੱਲਾਸ਼ੇਰੀ ਦੇਣ ਲਈ ਕਾਫੀ ਸੀ।
ਜਿਵੇਂ ਉਮੀਦ ਸੀ ਬਾਪੂ ਨੇ ਨਹੀਂ ਸੀ ਆਉਣਾ,ਉਹੋ ਹੀ ਹੋਇਆ,”ਆਊਂਗਾ ਤਾਂ ਮੈਂ ਮੋਰਚਾ ਜਿੱਤਕੇ ਹੀ,ਫੌਜਾਂ ਮੈਦਾਨ ਵਿੱਚੋਂ ਭੱਜਦੀਆਂ ਨਹੀਂ,ਅਖੀਰਲੇ ਸਾਹ ਤੱਕ ਲੜਦੀਆਂ ਹਨ।” ਮਾਂ ਨੇ ਉਮਰ ਦਾ ਵਾਸਤਾ ਵੀ ਪਾਇਆ ਤੇ ਘਰ ਦੇ ਕੰਮਾਂ ਦਾ ਕਹਿ ਸਮਝਾਉਣ ਦਾ ਯਤਨ ਵੀ ਕੀਤਾ ਪਰ ਬਾਪੂ ਨੇ ਸਿਰ ਮਾਰ ਦਿੱਤਾ।ਮੁੰਡਿਆਂ ਨੇ ਬਾਪੂ ਦਾ ਹਰ ਤਰ੍ਹਾਂ ਦਾ ਖਿਆਲ ਰੱਖਣ ਦਾ ਕਹਿ ਸਾਨੂੰ ਤੋਰ ਦਿੱਤਾ ਸੀ।ਬਾਪੂ ਨੇ ਆਪਣਾ ਹੱਠ ਪੁਗਾਇਆ ਸੀ ਤੇ ਮੋਰਚੇ ਦੇ ਖ਼ਾਤਮੇ ਤੇ ਹੀ ਘਰ ਪਰਤਿਆ ਸੀ।
>>  ਹੁਣ ਬਾਪੂ ਫਿਰ ਅੰਦੋਲਨ ਬਾਰੇ ਹੀ ਸੋਚਦਾ ਰਹਿੰਦਾ ਤੇ ਅੰਦਰੋਂ ਅੰਦਰੀ ਘੁਲਦਾ ਪਿਆ ਸੀ।ਉਸ ਨੂੰ ਵੀ ਆਪਣੀ ਬਿਮਾਰੀ ਦਾ ਅਹਿਸਾਸ ਸੀ ਪਰ ਫਿਰ ਵੀ ਉਸ ਦੀ ਬਿਰਤੀ ਉੱਥੇ ਹੀ ਲੱਗੀ ਹੋਈ ਸੀ।ਉਸ ਦੀ ਇਹ ਹਾਲਤ ਵੇਖ ਸਾਨੂੰ ਹੋਰ ਡਰ ਲੱਗਣ ਲੱਗ ਪਿਆ ।ਮਾਂ ਹਰ ਸਮੇਂ ਉਸ ਨੂੰ ਹੋਰ ਗੱਲਾਂ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦੀ ਤੇ ਲੱਗਦੀ ਵਾਹ ਉਸ ਤੋਂ ਕਦੇ ਪਾਸੇ ਨਾ ਜਾਂਦੀ। ਘਰ ਵਿੱਚ ਡਰ ਬਣਿਆ ਹੋਇਆ ਸੀ ਕਿ ਉਸਦੀ ਸੋਚ ਅਤੇ ਅੰਦਰਲਾ ਗੁੱਸਾ ਕਿਤੇ ਕਿਸੇ ਅਣਹੋਣੀ ਵਿੱਚ ਨਾ ਬਦਲ ਜਾਵੇ।ਲੱਗਦਾ ਸੀ ਸਾਡੇ ਸਾਰੇ ਯਤਨ ਬੇਕਾਰ ਜਾ ਰਹੇ ਹਨ।ਅਜੇ ਇਹ ਕਸ਼ਮਕਸ਼ ਚੱਲਦੀ ਹੀ ਪਈ ਸੀ ਕਿ ਚਾਚੇ ਦਾ ਮੁੰਡਾ ਸੱਤਾ ਆ ਗਿਆ ਤੇ ਅੰਦੋਲਨ ਬਾਰੇ ਗੱਲਾਂ ਕਰਨ ਲੱਗਾ ਤੇ ਅਖ਼ਬਾਰ ਚੁੱਕ ਖ਼ਬਰਾਂ ਤੇ ਨਜ਼ਰ ਮਾਰਨ ਲੱਗਾ।ਅੰਦੋਲਨ ਦੌਰਾਨ ਕਿਸਾਨ ਦੀ ਮੌਤ ਅਤੇ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਪੈਸੇ ਅਤੇ ਨੌਕਰੀ ਦੀ ਮੰਗ ਤੇ ਗੱਲ ਕਰਨ ਲੱਗ ਪਿਆ।ਬਾਪੂ ਉਸ ਦੀ ਗੱਲ ਤੇ ਭੜਕ ਪਿਆ,”ਹਾਂ ਹਾਂ ਜ਼ਰੂਰ ਮੰਗੋ,ਹੁਣ ਇਤਿਹਾਸ ਵੀ ਕਲੰਕਿਤ ਕਰ ਲਵੋ।ਸਾਡੇ ਗੁਰੂਆਂ ਅਤੇ ਹੋਰ ਸਿੱਖਾਂ ਨੇ ਆਪਣਾ ਸਭ ਕੁੱਝ ਵਾਰ ਦਿੱਤਾ,ਉਨ੍ਹਾਂ ਨੇ ਤਾਂ ਸਰਕਾਰਾਂ ਅੱਗੇ ਸਿਰ ਨਹੀਂ ਨਿਵਾਇਆ,ਤੁਸੀਂ ਹੱਥ ਅੱਡ ਲਵੋ।ਨਾਲੇ ਸਰਕਾਰਾਂ ਵਿਰੁੱਧ ਲੜਨਾ ਤੇ ਨਾਲੇ ਰਿਆਇਤਾਂ ਭਾਲਣੀਆਂ।ਸ਼ਾਬਾਸ਼ ਤੁਹਾਡੇ!” ਮਾਂ ਨੇ ਬਾਪੂ ਨੂੰ ਚੁੱਪ ਕਰਾਉਣਾ ਚਾਹਿਆ ਪਰ ਉਹ ਕਦੋਂ ਕਿਸੇ ਭੜੂਏ ਦੀ ਸੁਣਦਾ ਸੀ।ਸੱਤਾ ਕੰਨ ਵਲੇਟ ਕੇ ਤੁਰ ਗਿਆ ਸੀ।ਮਾਂ ਵੱਲੋਂ ਗੁੱਸਾ ਵਿਖਾਉਣ ਤੇ ਬਾਪੂ ਇਹ ਕਹਿੰਦਾ ਅੰਦਰ ਚਲਾ ਗਿਆ ਸੀ ਜੇ ਤੁਹਾਨੂੰ ਭੈੜਾ ਲੱਗਦਾਂ ਤਾਂ ਨਹੀਂ ਬੋਲਦਾ।ਹੁਣ ਉਸ ਨੇ ਚੁੱਪੀ ਧਾਰ ਲਈ ਸੀ।
ਸਕੂਲੋਂ ਆ ਮੈਂ ਘਰਦੇ ਕੰਮ ਧੰਦੇ ਕਰਦਿਆਂ ਵਿੱਚ ਵਿੱਚ ਬਾਪੂ ਵੱਲ ਨਜ਼ਰ ਮਾਰ ਲੈਂਦਾ,ਉਹ ਸਵੇਰ ਦਾ ਚੁੱਪ ਚਾਪ ਪਿਆ ਸੀ।ਉਸਦੀ ਚੁੱਪ ਸਾਡੇ ਲਈ ਮੁਸੀਬਤ ਬਣਦੀ ਜਾਂਦੀ ਸੀ।ਮੈਂ ਬਾਪੂ ਦੇ ਕਮਰੇ ਸਾਹਮਣੇ ਬੈਠ ਗਿਆ ਤੇ ਮਾਂ ਚਾਹ ਰੱਖ ਗਈ।ਮੈਨੂੰ ਸਾਥੀ ਅਧਿਆਪਕ ਗੁਰਦਾਸ ਸਿੰਘ ਦੀ ਗੱਲ ਚੇਤੇ ਆ ਗਈ।ਸਾਡੇ ਸਕੂਲ ਵਿੱਚ ਨਵਾਂ ਪ੍ਰਿੰਸੀਪਲ ਬਦਲ ਕੇ ਆਇਆ ਸੀ।ਜਿਵੇਂ ਕਿ ਆਮ ਹੁੰਦਾ ਹੈ,ਬੱਚੇ ਛੁੱਟੀ ਹੋਣ ਵੇਲੇ ਕਮਰਿਆਂ ‘ਚੋਂ ਭੱਜਦੇ ਬਾਹਰ ਨਿਕਲਦੇ ਤੇ ਹੋ ਹੱਲਾ ਕਰਦੇ।ਪ੍ਰਿੰਸੀਪਲ ਨੇ ਦੋ ਕੁ ਦਿਨਾਂ ਬਾਅਦ ਮੀਟਿੰਗ ਰੱਖ ਲਈ ਤੇ ਸਭ ਨੂੰ ਹਦਾਇਤ ਕੀਤੀ ਕਿ ਬੱਚੇ ਲਾਈਨ ਬਣਾ ਕੇ ਅਤੇ ਬਿਨਾਂ ਕਿਸੇ ਸ਼ੋਰ ਦੇ ਗੇਟ ਤੱਕ ਲੈ ਜਾਣ ਦੀ ਜਿੰਮੇਵਾਰੀ ਅਧਿਆਪਕ ਦੀ ਹੋਵੇਗੀ।ਅਣਗਹਿਲੀ ਦੀ ਹਾਲਤ ਵਿੱਚ ਸ਼ਖਤ ਤਾੜਨਾ ਵੀ ਕਰ ਦਿੱਤੀ।ਗੁਰਦਾਸ ਸਿੰਘ ਨੇ ਦਲੀਲ ਦੇਣੀ ਚਾਹੀ ਕਿ ਸਰ ਇਹ ਕੁਦਰਤੀ ਪ੍ਰਵਿਰਤੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਸ ਵਿੱਚ ਕੋਈ ਖੁਸ਼ੀ ਮਿਲਦੀ ਹੈ ਤਾਂ ਸਾਨੂੰ ਉਹਨਾਂ ਦੀ ਇਹ ਖੁਸ਼ੀ ਖੋਹਣੀ ਨਹੀਂ ਚਾਹੀਦੀ।ਉਨ੍ਹਾਂ ਨੇ ‘ਚੀਕ ਬੁਲਬੁੱਲੀ’  ਕਵਿਤਾ ਦੀ ਉਦਾਹਰਣ ਵੀ ਦਿੱਤੀ ਪਰ ਪ੍ਰਿੰਸੀਪਲ ਆਪਣੇ ਕਹੇ ਤੇ ਕਾਇਮ ਰਿਹਾ ਤੇ ਹਰ ਹਾਲਤ ਵਿੱਚ ਆਪਣਾ ਫੁਰਮਾਨ ਲਾਗੂ ਕਰਵਾਉਣ ਲਈ ਬਜਿੱਦ ਸੀ।ਸਮੱਸਿਆ ਅਧਿਆਪਕਾਂ ਲਈ ਵੀ ਸੀ,ਕਿਸੇ ਨੇ ਆਪਣੀ ਗੱਡੀ ਸਟਾਰਟ ਕਰਨੀ ਹੁੰਦੀ ਤੇ ਕੋਈ ਮੋਟਰਸਾਈਕਲ ,ਸਕੂਟਰ ਨਾਲ ਆਪਣਾ ਬੈਗ ਵਗੈਰਾ ਬੰਨ੍ਹ ਰਿਹਾ ਹੁੰਦਾ ਪਰ ਪ੍ਰਿੰਸੀਪਲ ਦਾ ਹੁਕਮ ਤਾਂ ਮੰਨਣਾ ਪੈਣਾ ਸੀ ।ਸੋ ਅਸੀਂ ਕਤਾਰਾਂ ਵਿੱਚ ਤੋਰ ਬੱਚਿਆਂ ਨੂੰ ਗੇਟ ਟਪਾਉਣ ਲੱਗੇ ਪਰ ਆਖਿਰ ਅਸੀਂ ਕਿੱਥੋਂ ਤੱਕ ਨਾਲ ਜਾ ਸਕਦੇ ਸੀ।ਜਦੋਂ ਹੀ ਪ੍ਰਿੰਸੀਪਲ ਦੀ ਗੱਡੀ ਉਨ੍ਹਾਂਦੇ ਕੋਲ ਦੀ ਲੰਘਦੀ ,ਉਹ ਆਪਣਾ ਗੁੱਭਗਲਾਹਟ ਕੱਢਣ ਲੱਗਦੇ।ਕੁੱਝ ਦਿਨਾਂ ਵਿੱਚ ਹੀ ਪ੍ਰਿੰਸੀਪਲ ਸਾਹਿਬ ਸਕੂਲ ਵਕਤ ਤੋਂ ਦੋ ਚਾਰ ਮਿੰਟ ਪਹਿਲਾਂ ਹੀ ਤੁਰਨ ਲੱਗੇ ਤੇ ਅਸੀਂ ਗੁਰਦਾਸ ਦੀ ਗੱਲ ਤੇ ਖੂਬ ਹੱਸਦੇ।ਇਨਸਾਨੀ ਫ਼ਿਤਰਤ ਹੈ ਕਿ ਉਸਦੇ ਮਨ ਦੇ ਗੁਬਾਰ ਨੂੰ ਨਾ ਨਿਕਲਣ ਦਿੱਤਾ ਜਾਵੇ ਤਾਂ ਉਹ ਰੋਗ ਬਣ ਜਾਂਦਾ ਹੈ ਤੇ ਬਾਪੂ ਵੀ ਤਾਂ ਅੰਦਰੋਂ ਅੰਦਰੀ ਘੁੱਲ ਰਿਹਾ ਸੀ।
“ਪੁੱਤ ਬਜ਼ੁਰਗ ਤੇ ਬੱਚੇ ਥੋੜੀ ਘਣੀ ਜਿੱਦ ਕਰਦੇ ਹੀ ਹੁੰਦੇ ਹਨ,ਤੂੰ ਮਨ ਤੇ ਨਾ ਲਾ,…ਚਾਹ ਵੀ ਪਈ ਪਈ ਠੰਡੀ ਹੋ ਗਈ,ਲਿਆ ਤੱਤੀ ਕਰ ਦੇਵਾਂ।” ਮੈਂ ਸੋਚਾਂ ਵਿੱਚ ਪਿਆ ਚਾਹ ਪੀਣੀ ਵੀ ਭੁੱਲ ਗਿਆ ਸੀ।ਬਾਪੂ ਨੂੰ ਚੁੱਪ ਵਿੱਚੋਂ ਬਾਹਰ ਲਿਆਉਣ ਲਈ ਮੈਂ ਸ਼ਾਮ ਨੂੰ ਫਿਰ ਕੋਸ਼ਿਸ਼ ਕੀਤੀ,”ਬਾਪੂ ਜੇ ਕਹੇਂ ਤਾਂ ਟੀਵੀ ਚਲਾ ਦਿਆਂ,ਖ਼ਬਰਾਂ ਵਗੈਰਾ ਸੁਣ ਲੈ।” ਕਹਿ ਮੈਂ ਬਾਪੂ ਵੱਲ ਵੇਖਣ ਲੱਗਾ।
“ਖ਼ਬਰਾਂ ! ਕਿਹੜੀਆਂ ਖ਼ਬਰਾਂ !! ਇਹ ਟੀਵੀ ਵਾਲੇ ਖ਼ਬਰਾਂ ਦਿੰਦੇ ਹਨ,ਇਹ ਤਾਂ ਭੋਂਪੂ ਹਨ ਭੋਂਪੂ।ਜੋ ਇਨ੍ਹਾਂ ਦਾ ਮਾਲਕ ਕਹੀ ਜਾਂਦਾ,ਉਸ ਦੇ ਝੂਠ ਨੂੰ ਵੀ ਸੌ ਵਾਰ ਬੋਲ ਸੱਚ ਬਣਾਉਂਦੇ ਹਨ।ਅਖੇ ਕਿਸਾਨ ਅੰਦੋਲਨ ਨਾਲ ਲੋਕਾਂ ਨੂੰ ਮੁਸੀਬਤਾਂ ਹੋ ਰਹੀਆਂ,ਆਉਣਾ ਜਾਣਾ ਔਖਾ ਹੋ ਗਿਆ।ਕੀ ਕਿਸਾਨ ਇਨਸਾਨ ਨਹੀਂ ਜੋ ਸੜਕਾਂ ਤੇ ਰੁੱਲੀ ਜਾਂਦੇ ਘਰ ਬਾਰ ਛੱਡਕੇ।ਉਨ੍ਹਾਂ ਦੀਆਂ ਮੁਸੀਬਤਾਂ ਕਿਉਂ ਨਹੀਂ ਦਿਸਦੀਆਂ ।ਪੁੱਠੀਆਂ ਸਿੱਧੀਆਂ ਛੁਰਲੀਆਂ ਛੱਡੀ ਜਾਣਗੇ,ਦਲਾਲ ਕਿਸੇ ਥਾਂ ਦੇ।ਖ਼ਬਰਾਂ ਤਾਂ ਪਹਿਲਾਂ ਹੁੰਦੀਆਂ ਸੀ।ਟੀਵੀ,ਰੇਡੀਓ ਭਾਂਵੇ ਸਰਕਾਰੀ ਸਨ ਪਰ ਉਹ ਹਰ ਖ਼ਬਰ ਬਿਨਾਂ ਲੱਗ ਲਪੇਟ ਦੇ ਦਿੰਦੇ ਸਨ।ਲੋਕਾਂ ਨੂੰ ਖ਼ਬਰਾਂ ਤੇ ਭਰੋਸਾ ਹੁੰਦਾ ਸੀ।ਸਾਰੇ ਇਕੱਠੇ ਹੋ ਉਚੇਚ ਨਾਲ ਖ਼ਬਰਾਂ ਸੁਣਦੇ,ਕਿੱਥੇ ਰਹਿ ਗਈਆਂ ਉਹ ਸੱਤ ਵਾਲੀਆਂ ਖ਼ਬਰਾਂ ।”ਬਾਪੂ ਅੱਜ ਦੇ ਮੀਡੀਆ ਤੋਂ ਬਦਜਨ ਹੋਇਆ ਅੱਖਾਂ ਬੰਦ ਕਰ ਸ਼ਾਇਦ ਅਤੀਤ ਵਿੱਚ ਗੁਆਚ ਗਿਆ ਸੀ।ਸੱਤ ਵਾਲੀਆਂ ਖ਼ਬਰਾਂ ਨਹੀਂ ਸ਼ਾਇਦ ਸਾਥੋਂ ਸੱਚ ਗੁਆਚ ਗਿਆ ਸੀ।

ਗੁਰਮੀਤ ਸਿੰਘ ਮਰਾੜ੍ਹ 

 ਮੋ:9501400397

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकिसान संगठन लोकसभा चुनावों के लिए जारी करेंगे किसान एजेंडा
Next article ਪੰਜਵੀ ਜਮਾਤ ‘ਚੋਂ 100% ਅੰਕ ਹਾਸਿਲ ਕਰਨ ਵਾਲਾ  ਤਰੰਨਮਪ੍ਰੀਤ ਸਿੰਘ ਮਾਹਲਾ ਚਾਹੁੰਦਾ ਪਾਇਲਟ ਬਣਨਾ