ਪੰਜਵੀ ਜਮਾਤ ‘ਚੋਂ 100% ਅੰਕ ਹਾਸਿਲ ਕਰਨ ਵਾਲਾ  ਤਰੰਨਮਪ੍ਰੀਤ ਸਿੰਘ ਮਾਹਲਾ ਚਾਹੁੰਦਾ ਪਾਇਲਟ ਬਣਨਾ 

ਮੋਗਾ/ਭਲੂਰ  (ਬੇਅੰਤ ਗਿੱਲ)-ਸਾਧਾਰਨ ਪਰਿਵਾਰ ਵਿੱਚ ਜਨਮੇ ਤਰੰਨਮਪ੍ਰੀਤ ਸਿੰਘ ਦੀ ਉਮਰ ਭਾਵੇਂ ਅਜੇ ਛੋਟੀ ਹੈ ਪਰ ਉਸਦੇ ਸੁਪਨੇ ਬਹੁਤ ਵੱਡੇ ਹਨ । ਜਦੋਂ ਕੋਈ ਇਨਸਾਨ ਆਪਣੇ ਮਿਥੇ ਨਿਸ਼ਾਨੇ ‘ਤੇ ਅਪੜਨ ਲਈ ਸੁਫ਼ਨਿਆਂ ਦਾ ਮਹਿਲ ਉਸਾਰਦਾ ਹੈ ਅਤੇ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਦੇ ਵਰਕੇ ਖੁਦ ਲਿਖਣ ਦੀ ਠਾਣ ਲੈਂਦਾ ਹੈ ਤਾਂ ਉਹ ਰਾਹਾਂ ਦੀਆਂ ਔਕੜਾਂ ਮੁਸੀਬਤਾਂ ਦੀ ਪ੍ਰਵਾਹ ਕੀਤੇ ਬਿਨਾ ਨਿਰੰਤਰ ਅੱਗੇ ਵੱਧਦਾ ਹੈ। ਇਹ ਔਕੜਾਂ ਭਾਵੇਂ ਆਰਥਿਕਤਾ ਦੀਆਂ ਹੋਣ ਭਾਵੇਂ ਉਦੇਸ਼ ਪ੍ਰਾਪਤੀ ਲਈ ਅਨੁਕੂਲ ਸੋਮਿਆਂ ਦੀਆਂ ਪਰ ਇੱਕ ਉੱਦਮੀ ਲਈ ਇਹ ਸਭ ਕੁਝ ਹੱਲਾਸ਼ੇਰੀ ਦੇਣ ਵਾਲਾ ਹੀ ਹੁੰਦਾ ਹੈ। ਅਜਿਹਾ ਹੀ ਕੁਝ ਮਨ ਵਿੱਚ ਧਾਰ ਕੇ ਲਗਾਤਾਰ ਮਿਹਨਤ ਕਰ ਰਿਹਾ ਹੈ, ਸਰੀਰਕ ਤੌਰ ‘ਤੇ ਅਪਾਹਿਜ ਮਾਪਿਆਂ ਦਾ ਇਕਲੌਤਾ ਪੁੱਤਰ ਤਰੰਨਮਪ੍ਰੀਤ ਸਿੰਘ, ਜਿਸਨੇ ਨੇ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜਿਆਂ ‘ਚ 500 ‘ਚੋਂ 500 ਅੰਕ ਲੈ ਕੇ ਪੰਜਾਬ ਮੈਰਿਟ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ ਅਤੇ ਇਲਾਕੇ ‘ਚ ਆਪਣੇ ਮਾਪਿਆਂ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜਿਕਰਯੋਗ ਹੈ ਕਿ ਇਸ ਵੱਡੀ ਪ੍ਰਾਪਤੀ ‘ਤੇ ਤਰੰਨਮਪ੍ਰੀਤ ਸਿੰਘ ਨੂੰ ਹਲਕਾ ਬਾਘਾਪੁਰਾਣਾ ਦੇ ਐਮ.ਐਲ.ਏ. ਅੰਮ੍ਰਿਤਪਾਲ ਸਿੰਘ ਸੁਖਾਨੰਦ, ਪਿੰਡ ਦੇ ਸਰਪੰਚ ਸਹਿਬਾਨ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸਮੂਹ ਪ੍ਰਬੰਧਕੀ ਕਮੇਟੀ ਅਤੇ ਪਿੰਡ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇਦਿਆਂ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਮਾਹਲਾ ਕਲਾਂ ਦੇ ਇਕ ਬਿਲਕੁਲ ਸਾਧਾਰਨ ਪਰਿਵਾਰ ਵਿੱਚ ਪਿਤਾ ਪਰਉਪਕਾਰ ਸਿੰਘ ਦੇ ਘਰ ਮਾਤਾ ਰਮਨਦੀਪ ਕੌਰ ਦੀ ਕੁੱਖੋਂ ਜਨਮਿਆ ਤਰੰਨਮਪ੍ਰੀਤ ਸਿੰਘ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ (ਫਰੀਦਕੋਟ) ਦਾ ਵਿਦਿਆਰਥੀ ਹੈ। ਜਿੱਥੇ ਉਹ ਪੜ੍ਹਾਈ ਵਿੱਚ ਮੋਹਰੀ ਹੈ, ਉਥੇ ਉਹ ਖੇਡਾਂ ਦੇ ਖੇਤਰ ਵਿੱਚ ਵੀ 200 ਤੇ 400 ਮੀਟਰ ਦੌੜ ਅਤੇ ਫੁੱਟਬਾਲ ਦਾ ਬਲਾਕ ਪੱਧਰ ਦਾ ਗੋਲਡ ਮੈਡਲਿਸਟ ਹੈ। ਇੱਥੇ ਗੱਲਬਾਤ ਦੌਰਾਨ ਤਰੰਨਮਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਪਾਇਲਟ ਬਣਨਾ ਚਾਹੁੰਦਾ ਹੈ। ਇਸ ਮੰਜ਼ਿਲ ਪ੍ਰਾਪਤੀ ਲਈ ਉਸਨੇ ਪੜ੍ਹਾਈ ਅਤੇ ਖੇਡਾਂ ‘ਚ ਸਖਤ ਮਿਹਨਤ ਕਰਨ ਦਾ ਫੈਸਲਾ ਕੀਤਾ ਹੈ। ਛੋਟੀ ਉਮਰੇ ਇਸ ਵੱਡੇ ਨਿਸ਼ਾਨੇ ਬਾਰੇ ਪੁੱਛਣ ਤੇ ਉਸਨੇ ਕਿਹਾ ਕਿ ਇਹ ਨਿਸ਼ਾਨਾ ਮੈਂ ਦੂਜੀ ਜਮਾਤ ਵਿਚ ਹੁੰਦਿਆ ਹੀ ਮਿਥਿਆ ਹੋਇਆ ਹੈ। ਇਸ ਬੱਚੇ ਦੇ ਮਾਪਿਆਂ ਨੇ ਦੱਸਿਆ ਕੇ ਸਾਡਾ ਬੱਚਾ ਸਮੇਂ ਦਾ ਬਹੁਤ ਪਾਬੰਦ ਹੈ। ਸਿਆਣੇ ਆਖਦੇ ਹਨ ਕਿ ਸਮੇਂ ਦੀ ਕਦਰ ਕਰਨ ਵਾਲਾ ਇਨਸਾਨ ਹਮੇਸ਼ਾ ਉੱਚੀਆਂ ਬੁਲੰਦੀਆਂ ਨੂੰ ਛੂੰਹਦਾ ਹੈ। ਉਹਨਾਂ ਦੱਸਿਆ ਕਿ ਭਾਵੇਂ ਘਰ ਵਿੱਚ ਜਾਂ ਕਿਸੇ ਰਿਸ਼ਤੇਦਾਰੀ ‘ਚ ਕੋਈ ਕਿੱਡਾ ਵੀ ਵੱਡਾ ਜਾਂ ਜ਼ਰੂਰੀ ਪ੍ਰੋਗਰਾਮ ਵੀ ਹੋਵੇ, ਉਹ ਆਪਣੀ ਪੜ੍ਹਾਈ ਦੀ ਸਮਾਂ ਸਾਰਨੀ ਵਿਚ ਕਦੇ ਵਿਘਨ ਨਹੀ ਪੈਣ ਦਿੰਦਾ । ਉਹਨਾਂ ਕਿਹਾ ਕਿ ਸਾਡੀਆਂ ਦੁਆਵਾਂ ਸਦਾ ਸਾਡੇ ਬੱਚੇ ਦੇ ਨਾਲ ਹਨ, ਜਿੱਥੇ ਵੀ ਇਸਨੂੰ ਸਾਡੀ ਲੋੜ ਹੋਵੇਗੀ, ਅਸੀਂ ਹਮੇਸ਼ਾ ਨਾਲ ਖੜ੍ਹੇ ਮਿਲਾਂਗੇ। ਬੱਚੇ ਦੀ ਮਾਤਾ ਰਮਨਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਬੱਚੇ ਨੇ ਛੋਟੀ ਉਮਰੇ ਇਕ ਵੱਡਾ ਨਿਸ਼ਾਨਾ ਮਿਥਿਆ ਹੈ ਅਤੇ ਉਸ ਨਿਸ਼ਾਨੇ ਲਈ ਉਸ ਨੇ ਆਪਣੀ ਮਿਹਨਤ ਆਰੰਭੀ ਹੈ।ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਪਣੀ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਆਪਣੇ ਮਿਥੇ ਟੀਚੇ ਨੂੰ ਪੂਰਾ ਕਰੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article           ਸੱਤ ਵਾਲੀਆਂ ਖ਼ਬਰਾਂ
Next articleDr. B. R. Ambedkar : As a Journalist