ਬੰਗਾ ਤੇ ਪਟਿਆਲਾ ਨੇੜੇ ਸੜਕ ਹਾਦਸਿਆਂ ’ਚ ਸੱਤ ਹਲਾਕ

ਡਕਾਲਾ (ਸਮਾਜ ਵੀਕਲੀ):  ਬੰਗਾ ਤੇ ਪਟਿਆਲਾ ਵਿੱਚ ਅੱਜ ਵਾਪਰੇ ਦੋ ਸੜਕ ਹਾਦਸਿਆਂ ’ਚ ਸੱਤ ਜਣਿਆਂ ਦੀ ਮੌਤ ਹੋ ਗਈ। ਬੰਗਾ ਦੇ ਪਿੰਡ ਕਟਾਰੀਆਂ ਲਾਗੇ ਇੱਕ ਕਾਰ ਸੜਕ ਕਿਨਾਰੇ ਖੱਡ ’ਚ ਡਿੱਗਣ ਕਾਰਨ ਕਾਰ ਸਵਾਰ ਮਾਂ-ਪੁੱਤ ਤੇ ਦੋ ਭਰਾ ਹਲਾਕ ਹੋ ਗਏ ਜਦਕਿ ਪਟਿਆਲਾ-ਚੀਕਾ ਹਾਈਵੇ ’ਤੇ ਪਿੰਡ ਮੰਜਾਲ ਨੇੜੇ ਕਾਰ ਦਰੱਖਤ ’ਚ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਬੰਗਾ ਨੇੜਲੇ ਪਿੰਡ ਧਮਾਈ ਵਾਸੀ ਰੋਹਿਤ ਕੁਮਾਰ (21) ਮਲੇਸ਼ੀਆ ਤੋਂ ਪਰਤੇ ਆਪਣੇ ਭਰਾ ਗੁਰਵਿੰਦਰ ਸਿੰਘ (30) ਨੂੰ ਲੈ ਕੇ ਘਰ ਜਾ ਰਿਹਾ ਸੀ। ਉਸ ਨਾਲ ਕਾਰ (ਪੀਬੀ 08 ਬੀਐੱਨ 0813) ਵਿੱਚ ਰੋਹਿਤ ਕੁਮਾਰ ਦੀ ਭੈਣ ਨੇਹਾ (25) ਭਾਣਜਾ ਨਵਜੋਤ (6) ਰੋਹਿਤ ਦਾ ਦੋਸਤ ਜਗਜੀਵਨ (22) ਵੀ ਸਨ। ਉਹ ਪਿੰਡ ਕਟਾਰੀਆਂ ਨੇੜੇ ਪੁੱਜੇ ਤਾਂ ਕਾਰ ਦਾ ਸਤੁੰਲਨ ਵਿਗੜ ਗਿਆ ਤੇ ਕਾਰ ਪਲਟੀ ਖਾ ਕੇ ਸੜਕ ਕਿਨਾਰੇ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ’ਚ ਰੋਹਿਤ, ਉਸ ਤੇ ਭਰਾ ਗੁਰਵਿੰਦਰ ਸਿੰਘ, ਰੋਹਿਤ ਦੀ ਭੈਣ ਨੇਹਾ ਤੇ ਉਸ ਦੇ ਪੁੱਤਰ ਨਵਜੋਤ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਜਗਜੀਵਨ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਐਮਾਂ ਜੱਟਾਂ ਨੂੰ ਜ਼ਖ਼ਮੀ ਹਾਲਤ ’ਚ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਕਟਾਰੀਆਂ ਚੌਕੀ ਦੇ ਇੰਚਾਰਜ ਸੰਦੀਪ ਕੁਮਾਰ ਮੌਕੇ ’ਤੇ ਪੁੱਜੇ ਹੋਏ ਸਨ। ਇਸੇ ਤਰ੍ਹਾਂ ਥਾਣਾ ਸਦਰ ਪਟਿਆਲਾ ਦੇ ਅਧੀਨ ਪੈਂਦੇ ਪਿੰਡ ਮੰਜਾਲ ਕੋਲ ਵਾਪਰੇ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਚੀਕਾ ਰੋਡ ਸਥਿਤ ਪਿੰਡ ਦੁਲਭਾ ਦੇ ਵਸਨੀਕ ਸਨ। ਇਹ ਹਾਦਸਾ ਅੱਜ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਵਾਪਰਿਆ। ਇਹ ਨੌਜਵਾਨ ਕਾਰ ਰਾਹੀਂ ਆਪਣੇ ਪਿੰਡ ਦੁਲਭਾ ਤੋਂ ਪਟਿਆਲਾ ਵੱਲ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਸੜਕ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦਰਖ਼ਤ ’ਚ ਜਾ ਵੱਜੀ।

ਇਸ ਹਾਦਸੇ ’ਚ ਚਾਰੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਤਿੰਨ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 20 ਸਾਲਾ ਸੁਲੱਖਣ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੰਪਰਕ ਕਰਨ ’ਤੇ ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਕੇਸ ਦੀ ਪੈਰਵੀ ਪੁਲੀਸ ਚੌਕੀ ਬਲਬੇੜਾ ਦੇ ਏਐੱਸਆਈ ਕੁਲਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ (24), ਲਖਵਿੰਦਰ ਸਿੰਘ (24), ਸੰਦੀਪ ਸਿੰਘ (18) ਵਜੋਂ ਹੋਈ ਹੈ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਸੰਦੀਪ ਸਿੰਘ ਫੌਜੀ ਸੀ ਤੇ ਛੁੱਟੀ ਆਇਆ ਹੋਇਆ ਸੀ। ਉਸ ਦੀ ਉਮਰ 23 ਸਾਲ ਸੀ।

ਕਾਰ ਕੱਚੇ ਰਾਹ ’ਤੇ ਸੁੱਤੇ ਦੋ ਬੱਚਿਆਂ ’ਤੇ ਚੜੀ

ਪਾਇਲ (ਸਮਾਜ ਵੀਕਲੀ):  ਰਾੜਾ ਸਾਹਿਬ ਤੋਂ ਲਾਪਰਾਂ ਨੂੰ ਜਾਂਦੀ ਸੜਕ ’ਤੇ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਦੇ ਕੱਚੇ ਰਾਹ ’ਤੇ ਸੁੱਤੇ ਪਏ ਦੋ ਬੱਚਿਆਂ ਨੂੰ ਦੇਰ ਸ਼ਾਮ ਇੱਕ ਕਾਰ ਨੇ ਦਰੜ ਦਿੱਤਾ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਾਇਲ ਪੁਲੀਸ ਨੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਗੌਰਵ (ਡੇਢ ਸਾਲ) ਪੁੱਤਰ ਅਰਜਨ ਕੁਮਾਰ ਅਤੇ ਦਿਸ਼ਾਂਤ ਕੁਮਾਰ (ਇੱਕ ਸਾਲ) ਪੁੱਤਰ ਮਨੋਜ ਕੁਮਾਰ ਦੋਵੇਂ ਵਾਸੀ ਗਿਰਾਮ ਮਾਲਮਪੁਰ (ਯੂਪੀ) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਕਟਾਹਰੀ ਤੋਂ ਲਾਪਰਾਂ ਨੂੰ ਜਾਣ ਵਾਲੀ ਨਵੀਂ ਬਣੀ ਸੜਕ ਦੇ ਬਰਮਾਂ ’ਤੇ ਮਿੱਟੀ ਪਾ ਰਹੇ ਸਨ। ਦੋਵੇਂ ਬੱਚੇ ਲਾਪਰਾਂ-ਕਟਾਹਰੀ ਸੜਕ ਤੋਂ ਪਿੰਡ ਘਣਗਸ ਨੂੰ ਜਾਂਦੇ ਕੱਚੇ ਰਸਤੇ ਦੇ ਇੱਕ ਪਾਸੇ ਸੁੱਤੇ ਪਏ ਸਨ। ਇਸ ਦੌਰਾਨ ਕਾਰ (ਪੀਬੀ 10ਏ ਜ਼ੈੱਡ 1400) ਨੇ ਉਨ੍ਹਾਂ ਨੂੰ ਦਰੜ ਦਿੱਤਾ। ਕਾਰ ਚਾਲਕ ਘਟਨਾ ਮਗਰੋਂ ਫ਼ਰਾਰ ਹੋ ਗਿਆ ਹੈ। ਤਫ਼ਤੀਸ਼ੀ ਥਾਣੇਦਾਰ ਸਿਕੰਦਰ ਰਾਜ ਨੇ ਦੱਸਿਆ ਕਿ ਕਾਰ ਚਾਲਕ ਖਿਲਾਫ਼ 279, 304ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਲਈ ਯੂਪੀਐੱਸਸੀ ਦੀ ਮੀਟਿੰਗ ਰੱਦ
Next articleਮਜੀਠੀਆ ਖ਼ਿਲਾਫ਼ ਝੂਠਾ ਕੇਸ ਤਿਆਰ ਕੀਤਾ ਗਿਆ: ਸੁਖਬੀਰ