ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਵਿਖੇ ਸ਼ਹਦ-ਏ- ਆਜ਼ਮ ਸ. ਭਗਤ ਸਿੰਘ ਦੇ ਭਾਣਜੇ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ.ਜਗਮੋਹਨ ਸਿੰਘ ਵਲੋਂ ਭਾਰਤ ਵਿਚ ਔਰਤਾਂ ਲਈ ਸਿੱਖਿਆ ਕ੍ਰਾਂਤੀ ਦੀ ਜਨਮਦਾਤੀ ਸਵਿਤਰੀ ਬਾਈ ਫੂਲੇ ਦੇ ਬੁੱਤ ਦਾ ਉਦਘਾਟਨ ਕੀਤਾ।ਇੱਥੇ ਵਰਨਣਯੋਗ ਹੈ ਕਿ ਇਹ ਬੁੱਤ ਸਕੂਲ ਦੇ ਸਟਾਫ਼ ਵਲੋਂ ਲਾਇਆ ਗਿਆ। ਉਦਘਾਟਨ ਉਪਰੰਤ ਸਕੂਲ ਦੇ ਹਾਲ ਵਿਚ ਸਵਿਤਰੀ ਬਾਈ ਫੂਲੇ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਜਿਸਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਰਣਜੀਤ ਕੌਰ, ਪਿੰਡ ਕਰੀਹਾ ਦੇ ਸਰਪੰਚ ਪਿੰਕੀ ਜੱਸਲ,ਜਿਲਾ ਸਿੱਖਿਆ ਅਫਸਰ(ਸੇਵਾ ਮੁਕਤ) ਸ਼੍ਰੀ ਦਿਨੇਸ਼ ਕੁਮਾਰ ਕਰੀਹਾ, ਸਰਬਜੀਤ ਸਿੰਘ ਦੁਸਾਂਝ, ਨੰਬਰਦਾਰ ਬਲਰਾਜ ਸਿੰਘ, ਮਹਿੰਦਰ ਸਿੰਘ ਅਤੇ ਜਸਬੀਰ ਦੀਪ ਨੇ ਕੀਤੀ।ਸ਼ੁਰੂਆਤ ਵਿਚ ਪਹਿਲਗਾਮ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਸਵਾਗਤੀ ਸ਼ਬਦ ਮੈਡਮ ਰਜਨੀ ਸ਼ਰਮਾ ਨੇ ਆਖੇ। ਇਸ ਮੌਕੇ ਜੁੜੇ ਸਟਾਫ,ਪਿੰਡ ਵਾਸੀ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ.ਜਗਮੋਹਨ ਸਿੰਘ ਨੇ ਕਿਹਾ ਕਿ ਕਿ ਸਵਿਤਰੀ ਬਾਈ ਫੂਲੇ ਨੇ ਭਾਰਤੀ ਔਰਤਾਂ ਨੂੰ ਅਸਮਾਨ ਛੋਹਣ ਲਈ ਖੰਭ ਦਿੱਤੇ ਉਹ ਵੀ ਉਸ ਸਮੇਂ ਜਦੋਂ ਲੜਕੀ ਜੰਮਣ ਉੱਤੇ ਘਰ ਵਿਚ ਮਾਤਮ ਵਰਗੀ ਚੁੱਪ ਛਾ ਜਾਂਦੀ ਸੀ। ਉਹ ਅਜਿਹਾ ਸਮਾਂ ਸੀ ਜਦੋਂ ਆਮ ਆਦਮੀ ਨੂੰ ਵੀ ਸਿੱਖਿਆ ਤੋਂ ਦੂਰ ਰੱਖਿਆ ਜਾਂਦਾ ਸੀ।ਲੜਕੀਆਂ ਨੂੰ ਸਿੱਖਿਆ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ।ਜੋਤੀ ਬਾ ਫੂਲੇ ਅਤੇ ਸਵਿਤਰੀ ਬਾਈ ਫੂਲੇ ਮਾਲੀ ਜਾਤੀ ਵਿਚੋਂ ਸਨ ਜੋ ਫੁੱਲਾਂ ਦਾ ਕੰਮ ਕਰਦੇ ਸਨ। ਜੋਤੀ ਬਾ ਫੂਲੇ ਦੀ ਪਹਿਲੀ ਵਿਦਿਆਰਥਣ ਉਸਦੀ ਪਤਨੀ ਸਵਿਤਰੀ ਬਾਈ ਫੂਲੇ ਸੀ ਜਿਸਨੇ ਵਿਦਿਆ ਦਾ ਚਾਨਣ ਹਾਸਲ ਕਰਕੇ ਇਸਨੂੰ ਹੋਰਨਿ ਔਰਤਾਂ ਵਿਚ ਵੰਡਿਆ। ਇਸ ਜੋੜੀ ਨੇ ਮਹਾਰਾਸ਼ਟਰ ਵਿਚ ਇਕ ਨਹੀਂ ਸਗੋਂ ਕਈ ਸਕੂਲ ਚਲਾਏ। ਔਰਤ ਵਿਰੋਧੀ ਮਾਨਸਿਕਤਾ ਵਾਲੇ ਸਵਿਤਰੀ ਬਾਈ ਫੂਲੇ ਦੇ ਸਕੂਲ ਜਾਣ ਸਮੇਂ ਰਸਤੇ ਵਿਚ ਉਸਦੀ ਸਾੜ੍ਹੀ ਉੱਤੇ ਚਿੱਕੜ ਸੁੱਟ ਦਿੰਦੇ ਸਨ ਪਰ ਉਹ ਇਕ ਸਾੜ੍ਹੀ ਝੋਲ੍ਹੇ ਵਿਚ ਪਾਕੇ ਨਾਲ ਲੈ ਜਾਂਦੇ ਸਨ ਅਤੇ ਸਕੂਲ ਪਹੁੰਚ ਚਿੱਕੜ ਵਾਲੀ ਸਾੜ੍ਹੀ ਬਦਲ ਦਿੰਦੇ ਸਨ। ਉਹਨਾਂ ਕਿਹਾ ਕਿ ਸਰਕਾਰਾਂ ਨੇ ਸਵਿਤਰੀ ਬਾਈ ਫੂਲੇ ਨਾਲ ਇਨਸਾਫ਼ ਨਹੀਂ ਕੀਤਾ। ਅੱਜ ਵੀ ਸਰਕਾਰਾਂ ਵਿਦਿਆ ਦੇ ਪ੍ਰਵਾਹ ਉੱਤੇ ਪਾਬੰਦੀ ਲਾਉਂਦੀਆਂ ਹਨ ਤਾਂ ਕਿ ਵਿਦਿਆ ਆਮ ਲੋਕਾਂ ਤੱਕ ਨਾ ਪਹੁੰਚ ਸਕੇ।ਅੱਜ ਕੁਝ ਪਿਛਾਖੜੀ ਮਾਨਸਿਕਤਾ ਵਾਲੇ ਲੋਕ ਫੂਲੇ ਫਿਲਮ ਦਾ ਵਿਰੋਧ ਕਰ ਰਹੇ ਹਨ ਪਰ ਇਤਿਹਾਸ ਤਾਂ ਇਤਿਹਾਸ ਹੀ ਰਹਿੰਦਾ ਹੈ।ਉਹਨਾਂ ਕਿਹਾ ਕਿ ਇਹ ਬੁੱਤ ਸੁਨੇਹਾ ਦਿੰਦਾ ਹੈ ਵਿਦਿਆ ਦੀ ਭੂਮਿਕਾ ਦਾ ਅਤੇ ਆਪਣੇ ਆਪ ਨੂੰ ਮਜਬੂਤ ਕਰਨ ਦਾ। ਸੇਵਾ ਮੁਕਤ ਜਿਲਾ ਸਿੱਖਿਆ ਅਧਿਕਾਰੀ ਸ਼੍ਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਭਾਰਤ ਵਿਚ ਪੁਰਾਣੇ ਸਮੇਂ ਤੋਂ ਦੋ ਤਰ੍ਹਾਂ ਦੀ ਵਿਚਾਰਧਾਰਾ ਚੱਲ ਰਹੀ ਹੈ-ਮਾਨਵਤਾਵਾਦੀ ਅਤੇ ਨਿੱਜਵਾਦੀ। ਫੂਲੇ ਜੋੜੀ ਨੇ ਮਾਨਵਵਾਦੀ ਵਿਚਾਰਧਾਰਾ ਨੂੰ ਅਪਣਾਇਆ ਅਤੇ ਫੈਲਾਇਆ। ਇਸ ਮੌਕੇ ਪ੍ਰ.ਜਗਮੋਹਨ ਸਿੰਘ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।ਸਕੂਲ ਦੇ ਸਟਾਫ਼ ਵਲੋਂ ਪ੍ਰੋ.ਜਗਮੋਹਨ ਸਿੰਘ ਨੂੰ ਸਵਿਤਰੀ ਬਾਈ ਫੂਲੇ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਬਾਖੂਬੀ ਕੀਤਾ। ਅੰਤ ਵਿਚ ਪ੍ਰਿੰਸੀਪਲ ਰਣਜੀਤ ਕੌਰ ਨੇ ਧੰਨਵਾਦੀ ਸ਼ਬਦ ਕਹੇ।


