ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬੰਗਾ ਰੋਡ ਸਥਿਤ ਬਲਾਕ ਖੇਤੀਬਾੜੀ ਦਫ਼ਤਰ ਨਵਾਂਸ਼ਹਿਰ ਵਿਖੇ ਖੇਤੀਬਾੜੀ ਅਫ਼ਸਰ ਬਲਾਕ ਨਵਾਂਸ਼ਹਿਰ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਬਲਾਕ ਨਵਾਂਸ਼ਹਿਰ ਦੇ ਸਮੂਹ ਬੀਜ ਡੀਲਰਾਂ ਨੂੰ ‘ਸਾਥੀ’ ਐਪ ਬਾਰੇ ਸਿਖਲਾਈ ਦਿੱਤੀ ਗਈ। ਇਸ ਮੌਕੇ ਡਾ. ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਹੁਕਮਾਂ ਅਨੁਸਾਰ ਹਰੇਕ ਬੀਜ ਦੀ ਵਿਕਰੀ ਸਾਥੀ ਪੋਰਟਲ ਰਾਹੀਂ ਕੀਤੀ ਜਾਵੇਗੀ l ਉਨ੍ਹਾਂ ਕਿਹਾ ਕਿ ਬੀਜ ਡੀਲਰ ਵਿਕਰੇਤਾ ਇਸ ਸੀਜ਼ਨ ਦੌਰਾਨ ਬੀਜਾਂ ਦੀ ਵਿਕਰੀ ਪੋਰਟਲ ‘ਤੇ ਆਨਲਾਈਨ ਕਰਨ ਅਤੇ ਪੋਰਟਲ ‘ਤੇ ਬੀਜਾਂ ਸਬੰਧੀ ਲੋੜੀਂਦੀ ਜਾਣਕਾਰੀ ਭਰੀ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਹਾਈਬ੍ਰਿਡ ਬੀਜਾਂ ਅਤੇ ਪੂਸਾ 44 ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ, ਇਸ ਕਰਕੇ ਕੋਈ ਵੀ ਡੀਲਰ ਇਨ੍ਹਾਂ ਬੀਜਾਂ ਦੀ ਵਿਕਰੀ ਨਾ ਕਰੇ। ਬਲਾਕ ਨਵਾਂਸ਼ਹਿਰ ਦੇ ਸਾਥੀ ਐਪ ਦੇ ਨੋਡਲ ਅਫ਼ਸਰ ਡਾ. ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਸਾਰੇ ਡੀਲਰਾਂ ਨੂੰ ਸਾਥੀ ਪੋਰਟਲ ਨੂੰ ਚਲਾਉਣ ਬਾਰੇ ਮੁਕੰਮਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਕੋਈ ਵੀ ਡੀਲਰ ਬਿਨਾਂ ਪੋਰਟਲ ਤੋਂ ਕਿਸੇ ਵੀ ਤਰ੍ਹਾਂ ਦੀ ਬੀਜ ਦੀ ਵਿਕਰੀ ਨਹੀਂ ਕਰੇਗਾ। ਇਸ ਸਬੰਧੀ ਜੇਕਰ ਕਿਸੇ ਡੀਲਰ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਦੇ ਟੈਲੀਫੋਨ ਨੰਬਰ ਜਾਂ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ l ਉਨ੍ਹਾਂ ਦੱਸਿਆ ਕਿ ਪੋਰਟਲ ਦਾ ਮੰਤਵ ਕਿਸਾਨਾਂ ਨੂੰ ਸਹੀ ਅਤੇ ਮਿਆਰੀ ਬੀਜ ਮੁਹੱਈਆ ਕਰਵਾਉਣਾ ਅਤੇ ਕਿਸਾਨਾਂ ਦੀ ਜਿਨਸ ਦੀ ਗੁਣਵੱਤਾ ਨੂੰ ਵਧਾਉਣਾ ਹੈ l ਇਸ ਲਈ ਸਾਰੇ ਡੀਲਰ ਪੋਰਟਲ ਰਾਹੀਂ ਬੀਜ ਦੀ ਵਿਕਰੀ ਕਰਕੇ ਖੇਤੀਬਾੜੀ ਵਿਭਾਗ ਦਾ ਮੁਕੰਮਲ ਸਾਥ ਦੇਣ। ਇਸ ਮੌਕੇ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ ਵੱਲੋਂ ਖੇਤੀਬਾੜੀ ਵਿਭਾਗ ਦਾ ਸਾਥ ਦੇਣ ਲਈ ਪੂਰਨ ਭਰੋਸਾ ਦਿਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿਚ 23 ਬੀਜ ਡੀਲਰਾਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj