ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੋਹਾਲੀ ਸਥਿਤ ਸੈਮੀਕੰਡਕਟਰ ਲੈਬੋਰਟਰੀ (ਐਸਸੀਐਲ) ਦੇ ਤੁਰੰਤ ਅਪਗ੍ਰੇਡ ਅਤੇ ਵੱਡੇ ਪੱਧਰ ‘ਤੇ ਵਿਸਤਾਰ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਹੈ। ਉਨ੍ਹਾਂ ਕਿਹਾ ਕਿ ਐਸਸੀਐਲ ਦੇਸ਼ ਦੀ ਅੰਤਰਿਕਸ਼, ਰੱਖਿਆ ਅਤੇ ਉੱਚ ਤਕਨਾਲੋਜੀਕਲ ਖੁਦਮੁਖਤਿਆਰੀ ਲਈ ਇੱਕ ਅਹਿਮ ਕੌਮੀ ਸੰਪੱਤੀ ਹੈ, ਜਿਸਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਐਮਪੀ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਨੇ ਕੇਂਦਰੀ ਸੰਚਾਰ, ਇਲੈਕਟ੍ਰਾਨਿਕਸ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਐਸਸੀਐਲ ਮੋਹਾਲੀ ਦੇ ਤੁਰੰਤ ਵਿਸਤਾਰ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਪੂਰੀ ਦੁਨੀਆ ਸੈਮੀਕੰਡਕਟਰ ਤਕਨਾਲੋਜੀ ‘ਤੇ ਨਿਰਭਰ ਹੋ ਰਹੀ ਹੈ, ਤਦ ਭਾਰਤ ਲਈ ਇਹ ਲਾਜ਼ਮੀ ਹੈ ਕਿ ਉਹ ਇਸ ਖੇਤਰ ਵਿੱਚ ਆਪਣੀ ਸਮਰਥਾ ਨੂੰ ਹੋਰ ਮਜ਼ਬੂਤ ਕਰੇ। ਐਮਪੀ ਕੰਗ ਨੇ ਕਿਹਾ ਕਿ ਐਸਸੀਐਲ ਮੋਹਾਲੀ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਦੇਸ਼ ਦੀ ਰਣਨੀਤਿਕ ਤਾਕਤ ਦਾ ਕੇਂਦਰ ਹੈ, ਜੋ ਅੰਤਰਿਕਸ਼ ਅਤੇ ਰੱਖਿਆ ਵਰਗੇ ਸੰਵੇਦਨਸ਼ੀਲ ਖੇਤਰਾਂ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਆਖਿਆ ਕਿ ਐਸਸੀਐਲ ਦਾ ਅਪਗ੍ਰੇਡ ਕੇਵਲ ਸੰਸਥਾਗਤ ਵਿਸਤਾਰ ਨਹੀਂ, ਸਗੋਂ ਦੇਸ਼ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਵਿੱਚ ਆਤਮਨਿਰਭਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਐਸਸੀਐਲ ਮੋਹਾਲੀ ਦਾ ਦੌਰਾ ਕਰਕੇ ਉੱਥੇ ਹੋ ਰਹੇ ਵਿਗਿਆਨਕ ਅਤੇ ਤਕਨਾਲੋਜੀਕਲ ਕੰਮਾਂ ਨੂੰ ਨੇੜਿਓਂ ਦੇਖਿਆ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਚੱਲ ਰਹੀ ਉੱਚ ਪੱਧਰੀ ਰਿਸਰਚ ਅਤੇ ਉਤਪਾਦਨ ਸਮਰਥਾ ਇਹ ਸਾਬਤ ਕਰਦੀ ਹੈ ਕਿ ਜੇਕਰ ਇਸਨੂੰ ਪੂਰਾ ਸਰਕਾਰੀ ਸਹਿਯੋਗ ਮਿਲੇ, ਤਾਂ ਐਸਸੀਐਲ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾ ਸਕਦਾ ਹੈ। ਐਮਪੀ ਕੰਗ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਇਸ ਮਾਮਲੇ ‘ਚ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਜ਼ਮੀਨ ਅਲਾਟਮੈਂਟ, ਪ੍ਰਸ਼ਾਸਕੀ ਮਨਜ਼ੂਰੀਆਂ ਅਤੇ ਹੋਰ ਸਹੂਲਤਾਂ ਸਮੇਂ-ਸਿਰ ਮੁਹੱਈਆ ਕਰਵਾਉਣ ਲਈ ਕੇਂਦਰ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਦੇਸ਼ ਦੀ ਤਕਨਾਲੋਜੀਕਲ ਸੁਰੱਖਿਆ ਮਜ਼ਬੂਤ ਹੋਵੇਗੀ, ਸਗੋਂ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਮਾਲਵਿੰਦਰ ਸਿੰਘ ਕੰਗ ਨੇ ਆਖਿਰ ‘ਚ ਕਿਹਾ ਕਿ ਉਹ ਇਸ ਮਿਸ਼ਨ ਨੂੰ ਪੂਰੀ ਗੰਭੀਰਤਾ ਅਤੇ ਲਗਨ ਨਾਲ ਅੱਗੇ ਵਧਾਉਣਗੇ ਅਤੇ ਕੇਂਦਰ ਸਰਕਾਰ ਤੋਂ ਪੂਰੇ ਅਤੇ ਸਮੇਂ-ਬੱਧ ਸਹਿਯੋਗ ਨੂੰ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਐਸਸੀਐਲ ਮੋਹਾਲੀ ਨੂੰ ਵਿਸ਼ਵ-ਪੱਧਰੀ ਸੈਮੀਕੰਡਕਟਰ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


