ਸੰਧਵਾਂ ਨੂੰ ਯੂਪੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ

ਕੋਟਕਪੂਰਾ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਕ ਘਟਨਾ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਗਏ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਯੂਪੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਸ੍ਰੀ ਸੰਧਵਾਂ ਤਿੰਨ ਮੈਂਬਰੀ ਟੀਮ ਨਾਲ ਪੰਜਾਬ ਤੋਂ ਲਖੀਮਪੁਰ ਪੁੱਜੇ ਸਨ। ਟੀਮ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਸ਼ਾਮਲ ਸਨ। ਵਿਧਾਇਕ ਸੰਧਵਾਂ ਨੇ ਫ਼ੋਨ ’ਤੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਨੂੰ ਅਟਰੀਆ ਪੁਲੀਸ ਨੇ ਰੋਕ ਲਿਆ ਤੇ ਉਨ੍ਹਾਂ ਨੂੰ ਇਕ ਖੇਤ ਵਿਚ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ।

ਹਾਲਾਂਕਿ ਵਿਧਾਇਕ ਸਾਥੀ ਹਰਪਾਲ ਚੀਮਾ ਅਤੇ ਬਲਜਿੰਦਰ ਕੌਰ ਦੀ ਗੱਡੀ ਪੁਲੀਸ ਨਾਕੇ ਤੋਂ ਲੰਘਣ ਵਿੱਚ ਸਫ਼ਲ ਰਹੀ। ਵਿਧਾਇਕ ਨੇ ਕਿਹਾ ਕਿ ਉਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹਨ। ਕੀ ਉਹ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਵੀ ਨਹੀਂ ਪ੍ਰਗਟਾ ਸਕਦੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸਾਬਕਾ ਜੱਜ ਵੱੱਲੋਂ ਕੀਤੀ ਜਾਣੀ ਹੈ, ਪਰ ਇਸ ਜਾਂਚ ਨੂੰ ਉਦੋਂ ਤੱਕ ਨਿਰਪੱਖ ਤੇ ਸਹੀ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਕੇਂਦਰ ਵਿਚ ਮੰਤਰੀ ਅਜੈ ਮਿਸ਼ਰਾ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ। ਉਨ੍ਹਾਂ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਬਣੇ ਰਹਿਣ ਨਾਲ ਇਹ ਜਾਂਚ ਸਿਰਫ ਕਾਗਜ਼ੀ ਕਾਰਵਾਈ ਤੋਂ ਇਲਾਵਾ ਕੁਝ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਮੁਕੱਦਮਾ ਦਰਜ ਕਰਨ ਮਗਰੋਂ ਉੱਤਰ ਪ੍ਰਦੇਸ਼ ਪੁਲੀਸ ਨੂੰ ਇਸ ਮਾਮਲੇ ਵਿਚ ਕਥਿਤ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਕੋਟਕਪੂਰਾ ’ਚ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਸ਼ਹਿਰ ਵਿਚ ਸ਼ਾਂਤਮਈ ਰੋਸ ਮਾਰਚ ਕੱਢਿਆ। ਸਥਾਨਕ ਬੱਤੀਆਂ ਵਾਲੇ ਚੌਂਕ ਵਿੱਚ ਕੇਂਦਰ ਤੇ ਯੂ.ਪੀ. ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਕੇਂਦਰੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਵਾਸ ਸਕੀਮ ਨੂੰ ਲਾਗੂ ਕਰਨ ’ਚ ਐੱਸਪੀ ਸਰਕਾਰ ਨੇ ਅੜਿੱਕੇ ਪਾਏ: ਮੋਦੀ
Next articleਕਾਬੁਲ ’ਚ ਹਥਿਆਰਬੰਦ ਵਿਅਕਤੀਆਂ ਵੱਲੋਂ ਗੁਰਦੁਆਰਾ ਕਰਤੇ ਪ੍ਰਵਾਨ ਦੀ ਭੰਨ-ਤੋੜ