ਆਵਾਸ ਸਕੀਮ ਨੂੰ ਲਾਗੂ ਕਰਨ ’ਚ ਐੱਸਪੀ ਸਰਕਾਰ ਨੇ ਅੜਿੱਕੇ ਪਾਏ: ਮੋਦੀ

ਲਖਨਊ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਸੱਤਾ ਵਿੱਚ ਰਹੀ ਸਮਾਜਵਾਦੀ ਪਾਰਟੀ (ਐੱਸਪੀ) ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਉਸ ਨੇ ਗ਼ਰੀਬਾਂ ਲਈ ਘਰ ਬਣਾਉਣ ਵਿੱਚ ਕੋਈ ਰੁਚੀ ਨਹੀਂ ਸੀ ਅਤੇ ਕੇਂਦਰ ਦੀ ਆਵਾਸ ਯੋਜਨਾ ਨੂੰ ਲਾਗੂ ਕਰਨ ਵਿੱਚ ਅੜਿੱਕੇ ਖੜ੍ਹੇ ਕੀਤੇ।

ਪ੍ਰਧਾਨ ਮੰਤਰੀ ਨੇ ਕਿਹਾ,‘ਸੰਨ 2017 ਤੋਂ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਉੱਤਰ ਪ੍ਰਦੇਸ਼ ਵਿੱਚ ਵਿੱਚ 18 ਹਜ਼ਾਰ ਮਕਾਨਾਂ ਦੀ ਉਸਾਰੀ ਲਈ ਪ੍ਰਵਾਨਗੀ ਦਿੱਤੀ ਗਈ ਸੀ ਪਰ ਪਹਿਲਾਂ ਵਾਲੀ ਸਰਕਾਰ ਦੇ ਸ਼ਾਸਨ ਹੇਠ ਸਿਰਫ਼ 18 ਮਕਾਨ ਹੀ ਬਣਾੲੇ ਗਏ।’ ਮੋਦੀ ਨੇ ਅੱਗੇ ਕਿਹਾ,‘ਪੈਸਾ ਵੀ ਸੀ ਤੇ ਮਨਜ਼ੂਰੀ ਵੀ ਸੀ ਪਰ ਸਰਕਾਰ ਚਲਾਉਣ ਵਾਲੇ ਰੁਕਾਵਟ ਪਾ ਰਹੇ ਸਨ ਕਿਉਂਕਿ ਉਹ ਮਕਾਨਾਂ ਦੀ ਉਸਾਰੀ ਨਹੀਂ ਕਰਵਾਉਣਾ ਚਾਹੁੰਦੇ ਸਨ। ਦੂਜੇ ਪਾਸੇ ਯੋਗੀ ਸਰਕਾਰ ਨੇ ਇਸ ਸਕੀਮ ਅਧੀਨ ਨੌਂ ਲੱਖ ਘਰਾਂ ਦੀ ਉਸਾਰੀ ਕਰਵਾਈ ਅਤੇ 14 ਲੱਖ ਉਸਾਰੀ ਅਧੀਨ ਹਨ।’

‘ਨਿਊ ਅਰਬਨ ਇੰਡੀਆ ਕਨਕਲੇਵ’ ਨੂੰ ਸੰਬੋਧਨ ਕਰਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਸਕੀਮ ਅਧੀਨ ਤਿੰਨ ਕਰੋੜ ਗ਼ਰੀਬ ਲੋਕਾਂ ਨੂੰ ਘਰ ਮੁਹੱਈਆ ਕਰਵਾ ਕੇ ‘ਲੱਖਪਤੀ’ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਹੇਠ ਪ੍ਰਧਾਨ ਮੰਤਰੀ ਆਵਾਜ ਯੋਜਨਾ ਤਹਿਤ ਵੱਡੇ ਪੱਧਰ ’ਤੇ ਮਕਾਨਾਂ ਦੀ ਉਸਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹਿਰੀ ਮੱਧ ਵਰਗ ਦੀਆਂ ਚੁਣੌਤੀਆਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਯਤਨ ਕੀਤੇ ਹਨ।

ਉਨ੍ਹਾਂ ਕਿਹਾ ਕਿ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਨੇ ਆਵਾਸ ਖੇਤਰ ਨੂੰ ਹੁਲਾਰਾ ਦੇਣ ਲਈ ਕਾਫ਼ੀ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰੀ ਇਕਾਈਆਂ ਐਲਈਡੀ ਸਟਰੀਟ ਲਾਈਟਾਂ ਲਗਾ ਕੇ ਸਾਲਾਨਾ ਇਕ ਹਜ਼ਾਰ ਕਰੋੜ ਦੀ ਬੱਚਤ ਕਰ ਰਹੀਆਂ ਹਨ। ਹੁਣ ਇਸ ਰਾਸ਼ੀ ਦੀ ਹੋਰ ਵਿਕਾਸ ਦੇ ਕੰਮਾਂ ਵਿੱਚ ਵਰਤੋਂ ਕੀਤੀ ਜਾ ਰਹੀ ਹੈ।  ਮੋਦੀ ਨੇ ਅੱਗੇ ਦੱਸਿਆ ਕਿ ਪੀਐਮ ਸਵੈਨਿਧੀ ਯੋਜਨਾ ਅਧੀਨ ਰੇਹੜੀ-ਫੜ੍ਹੀ ਲਾ ਕੇ ਗੁਜ਼ਾਰਾ ਕਰਨ ਵਾਲੇ ਲੋਕ ਵੀ ਬੈਂਕਾਂ ਨਾਲ ਜੁੜ ਗਏ ਹਨ ਅਤੇ 25 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ 2500 ਕਰੋੜ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਡੇ ਨਗਰਾਂ ਵਿੱਚ ਮੈਟਰੋ ਸੇਵਾਵਾਂ ਦਾ ਤੇਜ਼ੀ ਨਾਲ ਪਸਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ‘ਆਜ਼ਾਦੀ@75 ਨਿਊ ਅਰਬਨ ਇੰਡੀਆ: ਟਰਾਂਸਫਾਰਮਿੰਗ ਅਰਬਨ ਲੈਂਡਸਕੇਪ’ ਕਾਨਫਰੰਸ ਤੇ ਐਕਸਪੋ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ ਹੋਰ ਸ਼ਹਿਰੀ ਪ੍ਰਾਜੈਕਟਾਂ ਦੇ ਵੀ ਨੀਂਹ ਪੱਥਰ ਰੱਖੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰ ਪ੍ਰਦੇਸ਼ ਪੁਲੀਸ ਨੇ ‘ਆਪ’ ਦੇ ਵਫ਼ਦ ਨੂੰ ਹਿਰਾਸਤ ’ਚ ਲਿਆ
Next articleਸੰਧਵਾਂ ਨੂੰ ਯੂਪੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ