ਸਮਾਜਵਾਦੀ ਪਾਰਟੀ ਪਰਿਵਾਰਵਾਦੀ ਤੇ ਅਤਿਵਾਦੀਆਂ ਦੀ ਹਮਦਰਦ: ਮੋਦੀ

ਹਰਦੋਈ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ (ਸਪਾ) ਨੂੰ ਪਰਿਵਾਰਵਾਦੀ ਤੇ ਅਤਿਵਾਦੀਆਂ ਦੀ ਸਮਰਥਕ ਕਰਾਰ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਸਿਆਸੀ ਧਿਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਆਪਣੀ ਕੁਰਸੀ ਲਈ ਦੇਸ਼ ਨੂੰ ਦਾਅ ਉਤੇ ਲਾ ਦਿੰਦੇ ਹਨ ਤੇ ਦੇਸ਼ ਦੀ ਸੁਰੱਖਿਆ ਨਾਲ ਖੇਡਦੇ ਹਨ। ਮੋਦੀ ਨੇ ਉਨਾਓ ਤੇ ਹਰਦੋਈ ਵਿਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਕਰਵਾਈਆਂ ਚੋਣ ਰੈਲੀਆਂ ਨੂੰ     ਸੰਬੋਧਨ ਕੀਤਾ।

ਉਨ੍ਹਾਂ ਸਪਾ ਪ੍ਰਧਾਨ ਅਖਿਲੇਸ਼ ਯਾਦਵ ਉਤੇ ਟਿੱਪਣੀ ਕਰਦਿਆਂ ਕਿਹਾ ਕਿ ‘ਉਨ੍ਹਾਂ ਦੀ ਉਮੀਦਵਾਰੀ ਵਾਲੀ ਕਰਹਲ ਸੀਟ ਉਨ੍ਹਾਂ ਦੇ ਹੱਥੋਂ ਨਿਕਲ ਰਹੀ ਹੈ। ਇਹੀ ਕਾਰਨ ਹੈ ਉਨ੍ਹਾਂ ਆਪਣੇ ਜਿਸ ਪਿਤਾ (ਮੁਲਾਇਮ ਸਿੰਘ ਯਾਦਵ) ਨੂੰ ਧੱਕੇ ਮਾਰ ਕੇ ਮੰਚ ਤੋਂ ਉਤਾਰਿਆ ਤੇ ਪਾਰਟੀ ਉਤੇ ਕਬਜ਼ਾ ਕੀਤਾ ਸੀ, ਉਨ੍ਹਾਂ ਨੂੰ ਹੀ ਹੁਣ ਬੇਨਤੀ ਕਰਨੀ ਪਈ ਹੈ ਕਿ ਮੇਰੀ ਸੀਟ ਬਚਾਓ।’ ਪ੍ਰਧਾਨ ਮੰਤਰੀ ਨੇ ਅਤਿਵਾਦ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਸਾਡਾ ਦੇਸ਼ ਦਹਿਸ਼ਤਗਰਦੀ ਦਾ ਕਹਿਰ ਝੱਲ ਰਿਹਾ ਹੈ।

ਉਨ੍ਹਾਂ ਸਾਲ 2008 ਵਿਚ ਹੋਏ ਅਹਿਮਦਾਬਾਦ ਬੰਬ ਧਮਾਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਇਕ ਸਮਾਂ ਸੀ ਜਦ ਦੇਸ਼ ਵਿਚ ਹਰ ਹਫ਼ਤੇ ਬੰਬ ਧਮਾਕੇ ਹੁੰਦੇ ਸਨ ਤੇ ਹਿੰਦੁਸਤਾਨ ਦੇ ਕਈ ਸ਼ਹਿਰਾਂ ਵਿਚ ਬੇਕਸੂਰ ਨਾਗਰਿਕ ਮਾਰੇ ਗਏ। ਮੈਂ ਉਸ ਦਿਨ ਨੂੰ ਨਹੀਂ ਭੁੱਲ ਸਕਦਾ ਜਦ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤੇ ਉਸ ਦੌਰਾਨ ਅਹਿਮਦਾਬਾਦ ਵਿਚ ਲੜੀਵਾਰ ਧਮਾਕੇ ਹੋਏ ਸਨ। ਮੈਂ ਉਸ ਵੇਲੇ ਸੰਕਲਪ ਲਿਆ ਸੀ ਕਿ ਮੇਰੀ ਸਰਕਾਰ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦੇਵੇਗੀ।

ਜ਼ਿਕਰਯੋਗ ਹੈ ਕਿ ਅਹਿਮਦਾਬਾਦ ਧਮਾਕਿਆਂ ਦੇ ਮਾਮਲੇ ਵਿਚ 18 ਫਰਵਰੀ ਨੂੰ ਅਦਾਲਤ ਨੇ 38 ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮੋਦੀ ਨੇ ਕਿਹਾ ਕਿ ਜਦ 2006 ਵਿਚ ਕਾਸ਼ੀ ਵਿਚ ਬੰਬ ਧਮਾਕਾ ਹੋਇਆ, ਸੰਕਟ ਮੋਚਨ ਮੰਦਰ ਵਿਚ ਧਮਾਕਾ ਹੋਇਆ ਤੇ ਕੈਂਟ ਰੇਲਵੇ ਸਟੇਸ਼ਨ ’ਤੇ ਹਮਲਾ ਕੀਤਾ ਗਿਆ ਸੀ ਤਾਂ ਯੂਪੀ ਵਿਚ ਸਪਾ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਉਹ ਅਹਿਮਦਾਬਾਦ ਧਮਾਕਿਆਂ ਦਾ ਵਿਸ਼ੇਸ਼ ਜ਼ਿਕਰ ਇਸ ਲਈ ਕਰ ਰਹੇ ਸਨ ਕਿਉਂਕਿ ਕੁਝ ਸਿਆਸੀ ਧਿਰਾਂ ਅਜਿਹੇ ਹੀ ਅਤਿਵਾਦੀਆਂ ਪ੍ਰਤੀ ਮਿਹਰਬਾਨ ਰਹੀਆਂ ਹਨ ਤੇ ਇਹ ਸਿਆਸੀ ਦਲ ਵੋਟ ਬੈਂਕ ਦੇ ਸੁਆਰਥ ਵਿਚ ਅਤਿਵਾਦ ਪ੍ਰਤੀ ਢਿੱਲ ਵਰਤਦੇ ਰਹੇ ਹਨ।

ਮੋਦੀ ਨੇ ਸਪਾ ਉਤੇ ਗੋਰਖਪੁਰ, ਅਯੁੱਧਿਆ ਤੇ ਲਖਨਊ ਵਿਚ ਬੰਬ ਧਮਾਕਿਆਂ ਦੇ ਦੋਸ਼ੀਆਂ ਉਤੋਂ ਮੁਕੱਦਮਾ ਵਾਪਸ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਕਾਂਗਰਸ ਉਤੇ ਵੀ ਨਿਸ਼ਾਨਾ ਸੇਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗੀ ਸਰਕਾਰ ਨੇ ਯੂਪੀ ਵਿਚੋਂ ਮਾਫੀਆ ਨੂੰ ਖ਼ਤਮ ਕਰ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀਆਂ ਨੂੰ ਯੂਕਰੇਨ ਛੱਡਣ ਦੇ ਨਵੇਂ ਨਿਰਦੇਸ਼ ਜਾਰੀ
Next articleਅਹਿਮਦਾਬਾਦ ਧਮਾਕਿਆਂ ਦੇ ਦੋਸ਼ੀ ਦੇ ਪਿਤਾ ਦਾ ਸਬੰਧ ‘ਸਪਾ’ ਨਾਲ: ਯੋਗੀ