HOME ਸੁਰੱਖਿਆ ਨੂੰ ਪਹਿਲ: ਜ਼ਿਲ੍ਹੇ ਦੇ 13 ਸਰਕਾਰੀ ਸਕੂਲ ਰਹਿਣਗੇ ਬੰਦ – ਡਿਪਟੀ...

ਸੁਰੱਖਿਆ ਨੂੰ ਪਹਿਲ: ਜ਼ਿਲ੍ਹੇ ਦੇ 13 ਸਰਕਾਰੀ ਸਕੂਲ ਰਹਿਣਗੇ ਬੰਦ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

5 ਅੱਪਰ ਪ੍ਰਾਈਮਰੀ ਤੇ 8 ਪ੍ਰਾਈਮਰੀ ਸਕੂਲ ਰੱਖੇ ਗਏ ਹਨ ਬੰਦ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਅਤੇ ਹੜ੍ਹ ਤੋਂ ਪ੍ਰਭਾਵਿਤ ਜ਼ਿਲ੍ਹੇ ਦੇ 13 ਸਰਕਾਰੀ ਸਕੂਲਾਂ ਨੂੰ 9 ਸਤੰਬਰ ਤੋਂ ਅਗਲੇ ਹੁਕਮਾਂ ਤਹਿਤ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਵਿੱਚ 8 ਪ੍ਰਾਈਮਰੀ ਅਤੇ 5 ਅੱਪਰ ਪ੍ਰਾਈਮਰੀ ਸਕੂਲ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਪ੍ਰਭਾਵਿਤ ਸਕੂਲਾਂ ਨੂੰ ਉਸੇ ਵੇਲੇ ਖੋਲ੍ਹਿਆ ਜਾਵੇਗਾ ਜਦੋਂ ਇਮਾਰਤਾਂ, ਸੜਕ ਸੰਪਰਕ ਅਤੇ ਹੋਰ ਬੁਨਿਆਦੀ ਸਹੂਲਤਾਂ ਪੂਰੀ ਤਰ੍ਹਾਂ ਸੁਰੱਖਿਅਤ ਮਿਲਣਗੀਆਂ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਾਲਾਤਾਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਸਿੱਖਿਆ ਵਿਭਾਗ ਨਾਲ ਮਿਲਕੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਤੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਦੇ ਕੁੱਲ 491 ਅੱਪਰ ਪ੍ਰਾਈਮਰੀ ਸਕੂਲਾਂ ਵਿੱਚੋਂ 5 ਸਕੂਲ ਬੰਦ ਰਹਿਣਗੇ ਤੇ ਮੰਗਲਵਾਰ ਤੋਂ 486 ਸਕੂਲ ਖੁੱਲਣਗੇ। ਬੰਦ ਰਹਿਣ ਵਾਲੇ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਂਦਪੁਰ, ਸਰਕਾਰੀ ਮਿਡਲ ਸਕੂਲ ਹਕੂਮਤਪੁਰ, ਸਰਕਾਰੀ ਮਿਡਲ ਸਕੂਲ ਭਟੋਲੀਆਂ, ਸਰਕਾਰੀ ਮਿਡਲ ਸਕੂਲ ਹਲੇੜ ਜਨਾਰਦਨ ਅਤੇ ਸਰਕਾਰੀ ਹਾਈ ਸਕੂਲ ਫੁਗਲਾਣਾ ਸ਼ਾਮਲ ਹਨ। ਇਸੇ ਤਰ੍ਹਾਂ, ਜ਼ਿਲ੍ਹੇ ਦੇ 1220 ਪ੍ਰਾਈਮਰੀ ਸਕੂਲਾਂ ਵਿੱਚੋਂ 8 ਸਕੂਲ ਬੰਦ ਰਹਿਣਗੇ। ਇਨ੍ਹਾਂ ਵਿੱਚ ਸਰਕਾਰੀ ਪ੍ਰਾਈਮਰੀ ਸਕੂਲ ਸਾਹਿਬ ਦਾ ਪਿੰਡ, ਲੁਧਿਆਣੀ, ਦੇਣੋਵਾਲ ਕਲਾਂ, ਮੋਨਾ ਖੁਰਦ, ਰੂਪੋਵਾਲ, ਜਾਹਿਦਪੁਰ ਜੱਟਾਂ, ਹਲੇੜ ਜਨਾਰਦਨ ਅਤੇ ਬੈਂਸ ਅਵਾਨ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪ੍ਰਭਾਵਿਤ ਸਕੂਲਾਂ ਵਿੱਚ ਨਾ ਭੇਜਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ। ਉਹਨਾਂ ਯਕੀਨ ਦਵਾਇਆ ਕਿ ਸਭ ਪ੍ਰਭਾਵਿਤ ਸਕੂਲਾਂ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਤਰਜੀਹ ਅਧਾਰ ’ਤੇ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਘੱਟ ਤੋਂ ਘੱਟ ਅਸਰ ਪਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਘਰਾਂ ਦੀ ਬੇਅਦਬੀ ਦੇ ਮਾਮਲੇ ‘ਚ ਬਸਪਾ 9 ਨੂੰ ਫਿਲੌਰ ‘ਚ ਕਰੇਗੀ ਵਿਸ਼ਾਲ ਸੂਬਾ ਪੱਧਰੀ ਰੈਲੀ : ਡਾ. ਅਵਤਾਰ ਸਿੰਘ ਕਰੀਮਪੁਰੀ
Next articleਨਗਰ ਸੁਧਾਰ ਟਰੱਸਟ ਦੀਆਂ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਾ ਨਹੀਂ ਹੋਵੇਗਾ ਬਰਦਾਸ਼ਤ – ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ