HOME ਗੁਰੂ ਘਰਾਂ ਦੀ ਬੇਅਦਬੀ ਦੇ ਮਾਮਲੇ ‘ਚ ਬਸਪਾ 9 ਨੂੰ ਫਿਲੌਰ ‘ਚ...

ਗੁਰੂ ਘਰਾਂ ਦੀ ਬੇਅਦਬੀ ਦੇ ਮਾਮਲੇ ‘ਚ ਬਸਪਾ 9 ਨੂੰ ਫਿਲੌਰ ‘ਚ ਕਰੇਗੀ ਵਿਸ਼ਾਲ ਸੂਬਾ ਪੱਧਰੀ ਰੈਲੀ : ਡਾ. ਅਵਤਾਰ ਸਿੰਘ ਕਰੀਮਪੁਰੀ

2

-ਜਲੰਧਰ ਵਿੱਚ ਦੇਹਾਤੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਜਬਰ

-ਬਸਪਾ ਲੋਕਾਂ ਦੇ ਇਨਸਾਫ਼ ਲਈ ਲੜੇਗੀ : ਡਾ. ਨਛੱਤਰ ਪਾਲ

-ਧੁਲੇਤਾ ਗੁਰੂ ਘਰ ਦੇ ਮਸਲੇ ‘ਚ ਫਿਲੌਰ ਐਸਡੀਐਮ ਦਫਤਰ ਅੱਗੇ ਬਸਪਾ ਦਾ ਵਿਸ਼ਾਲ ਰੋਸ ਪ੍ਰਦਰਸ਼ਨ

ਫਿਲੌਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਸੂਬੇ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੌਰਾਨ ਗੁਰੂ ਘਰਾਂ ਦੀ ਕੀਤੀ ਜਾ ਰਹੀ ਬੇਅਦਬੀ ਦੇ ਵਿਰੋਧ ‘ਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਫਿਲੌਰ ‘ਚ 9 ਅਕਤੂਬਰ ਨੂੰ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਫਿਲੌਰ ਦੇ ਧੁਲੇਤਾ ਪਿੰਡ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਨੂੰ ਢਾਹੁਣ ਦੇ ਵਿਰੋਧ ‘ਚ ਰੱਖੇ ਗਏ ਵਿਸ਼ਾਲ ਧਰਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 9 ਅਕਤੂਬਰ ਨੂੰ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਪਰਿਨਿਰਵਾਣ ਦਿਵਸ ਹੈ ਤੇ ਇਸ ਦਿਨ ਵਿਸ਼ਾਲ ਇਕੱਠ ਕੀਤਾ ਜਾਵੇਗਾ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪਿੰਡ ਧੁਲੇਤਾ ‘ਚ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਗੁਰੂ ਘਰ ਦੀਆਂ ਕੰਧਾਂ ਨੂੰ ਧੱਕੇ ਨਾਲ ਢਾਹ ਕੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨਾਲ ਧੱਕੇਸਾਹੀ ਕੀਤੀ ਹੈ। ਜਦੋਂ ਤੱਕ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਬਣ ਜਾਂਦਾ, ਉਦੋਂ ਤੱਕ ਬਸਪਾ ਰੁਕਣ ਵਾਲੀ ਨਹੀਂ ਹੈ ਤੇ ਇਸ ਮਾਮਲੇ ਨੂੰ ਵੱਡੇ ਪੱਧਰ ‘ਤੇ ਲੋਕਾਂ ‘ਚ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੌਰਾਨ ਸਿਰਫ ਧੁਲੇਤਾ ਗੁਰੂ ਘਰ ਦਾ ਹੀ ਮਸਲਾ ਨਹੀਂ ਹੋਇਆ, ਸਗੋਂ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਵੀ ਨਸ਼ੇ ਦਾ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਵੀ ਸ਼ਰਾਬ ਦੇ ਤਿੰਨ ਠੇਕੇ ਤੇ 30 ਤੋਂ ਵੱਧ ਸ਼ਰਾਬ ਦੀਆਂ ਨਜਾਇਜ਼ ਬ੍ਰਾਂਚਾਂ ਖੋਲੀਆਂ ਗਈਆਂ ਹਨ। ਇਸ ਨੂੰ ਲੈ ਕੇ ਵੀ ਸੰਗਤਾਂ ‘ਚ ਭਾਰੀ ਰੋਸ ਹੈ।ਇਸ ਤੋਂ ਇਲਾਵਾ ਬਟਾਲੇ ‘ਚ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਮੰਦਿਰ ਢਾਹਿਆ ਗਿਆ ਹੈ। ਸੂਬੇ ‘ਚ ਭਗਵਾਨ ਵਾਲਮੀਕਿ ਮਹਾਰਾਜ ਜੀ ਪ੍ਰਤੀ ਗਲਤ ਸ਼ਬਦ ਵਰਤਣ ਦੀਆਂ ਘਟਨਾਵਾਂ ਵੀ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ, ਜੋ ਕਿ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਜਲੰਧਰ ਦੇਹਾਤੀ ਪੁਲਿਸ ਦੇ ਖੇਤਰ ‘ਚ ਲਗਾਤਾਰ ਆਮ ਲੋਕਾਂ ਤੇ ਖਾਸ ਕਰ ਦਲਿਤਾਂ ਖਿਲਾਫ ਝੂਠੇ ਪਰਚੇ ਕੀਤੇ ਜਾ ਰਹੇ ਹਨ। ਐਸਐਸਪੀ ਜਲੰਧਰ ਦੇਹਾਤੀ ਵੱਲੋਂ ਰੱਦ ਕੀਤੇ ਗਏ ਝੂਠੇ ਪਰਚਿਆਂ ਦੇ ਚਲਾਨ ਪੇਸ਼ ਕੀਤੇ ਜਾ ਰਹੇ ਹਨ। ਦੂਜੇ ਪਾਸੇ ਆਮ ਲੋਕਾਂ ਤੇ ਖ਼ਾਸ ਕਰਕੇ ਦਲਿਤਾਂ ਖਿਲਾਫ ਹੋਣ ਵਾਲੇ ਅੱਤਿਆਚਾਰਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਲੰਧਰ ਜ਼ਿਲ੍ਹੇ ਵਿੱਚ ਦਲਿਤਾਂ ਦੇ ਕਤਲ ਦੇ ਮਾਮਲੇ ਵਿੱਚ ਵੀ ਐਸਐਸਪੀ ਜਲੰਧਰ ਦੇਹਾਤੀ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਬਸਪਾ ਜ਼ਿਲ੍ਹੇ ‘ਚ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਹੋਣ ਦੇਵੇਗੀ ਤੇ ਝੂਠੇ ਪਰਚੇ ਰੱਦ ਕਰਵਾਏਗੀ। ਇਸ ਮੌਕੇ ਬਸਪਾ ਸੂਬਾ ਇੰਚਾਰਜ ਤੇ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਨੇ ਵੀ ਗੁਰੂ ਘਰਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਬਸਪਾ ਅਜਿਹੀ ਧੱਕੇਸਾਹੀ ਨਹੀਂ ਹੋਣ ਦੇਵੇਗੀ। ਇਸ ਧਰਨੇ ਪ੍ਰਦਰਸ਼ਨ ਨੂੰ ਬਸਪਾ ਸੂਬਾ ਇੰਚਾਰਜ ਚੌਧਰੀ ਗੁਰਨਾਮ ਸਿੰਘ, ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਪਰਵੀਨ ਬੰਗਾ, ਰਾਕੇਸ਼ ਦਤਾਰਪੁਰੀ, ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ, ਖ਼ੁਸ਼ੀ ਰਾਮ ਸਰਪੰਚ, ਸੁਖਵਿੰਦਰ ਬਿੱਟੂ, ਸੁਸ਼ੀਲ ਵਿਰਦੀ, ਜਤਿੰਦਰ ਹੈਪੀ, ਦਲਜੀਤ ਰਾਏ, ਸਰਬਜੀਤ ਜਫਰਪੁਰ, ਮਨਿੰਦਰ ਸ਼ੇਰਪੁਰੀ, ਸੁਖਦੇਵ ਬਿੱਟਾ, ਦਿਲਬਾਗ ਮਹਿੰਦੀਪੁਰ, ਬਲਵਿੰਦਰ ਬੱਸੀ, ਡਾ. ਜਸਵੰਤ ਸਿੰਘ, ਜਸਵਿੰਦਰ ਬਿੱਟਾ, ਜਗਤਾਰ ਬਿੱਟੂ, ਬਹਾਦਰ ਧੁਲੇਤਾ , ਚਰਨਜੀਤ ਮੰਢਾਲੀ, ਪਰਮਜੀਤ ਮਹਿਰਮਪੁਰੀ, ਮਨੋਹਰ ਕਮਾਮ,ਸੋਮ ਨਾਥ ਰਟੈਂਡਾ,ਰੌਸ਼ਨ ਧੁਲੇਤਾ, ਅਮਨਦੀਪ ਨਵਾਂ ਪਿੰਡ ਨੇਚਾ, ਜਸਵਿੰਦਰ ਜੱਸੀ ਗੰਨਾ ਪਿੰਡ, ਰਵੀ ਅਪਰਾ, ਦਇਆ ਸ਼ੰਕਰ ਗੁਰਾਇਆ ਆਦਿ ਨੇ ਵੀ ਸੰਬੋਧਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲ ਸੁਸਾਇਟੀ ਪੰਜਾਬ ਹੜ੍ਹ ਪੀੜਤ ਲੋਕਾਂ ਦੀ ਸੰਭਵ ਸਹਾਇਤਾ ਲਈ ਤੱਤਪਰ – ਮਾ. ਜਗਦੀਸ਼
Next articleਸੁਰੱਖਿਆ ਨੂੰ ਪਹਿਲ: ਜ਼ਿਲ੍ਹੇ ਦੇ 13 ਸਰਕਾਰੀ ਸਕੂਲ ਰਹਿਣਗੇ ਬੰਦ – ਡਿਪਟੀ ਕਮਿਸ਼ਨਰ