ਕਸ਼ਮੀਰ ਮੰਡਿਆਲਾ, ਵਿਜੇ ਬਾਠ ਨੇ ਕੀਤਾ ਸੰਬੋਧਨ
ਮਹਿਤਪੁਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ ) -ਪੰਚਾਇਤੀ ਐਕਟ ਤਹਿਤ ਪਿੰਡ ਦੇ ਹਰ ਵੋਟਰ ਨੂੰ ਗ੍ਰਾਮ ਸਭਾ ਵਿੱਚ ਆਪਣੀ ਗੱਲ ਕਹਿਣ ਦਾ ਕਾਨੂੰਨੀ ਅਧਿਕਾਰ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਇਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ। ਪ੍ਰੈਸ ਨੋਟ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਐਫ ਆਈ ਆਰ ਦੀ ਕਾਪੀ ਦਿਖਾਉਂਦੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਮਹਿਤਪੁਰ ਬਲਾਕ ਦੇ ਪਿੰਡ ਦੇ ਮਨਰੇਗਾ ਵਰਕਰਾਂ ਨੂੰ ਗ੍ਰਾਮ ਸਭਾ ਵਿਚ ਮਨਰੇਗਾ ਕਾਨੂੰਨ ਹੇਠ ਕੰਮ ਮੰਗਣ ਅਤੇ ਗ੍ਰਾਮ ਸਭਾ ਵਿਚ ਆ ਕੇ ਮਜ਼ਦੂਰ ਔਰਤਾਂ ਦੇ ਬੋਲਣ ਨੂੰ ਪੰਚਾਇਤ ਨੇ ਹਤਕ ਸਮਝਿਆਂ। ਅਤੇ ਮਨਰੇਗਾ ਵਰਕਰਾਂ ਦੀ ਆਗੂ ਮੇਟ ਜਸਵਿੰਦਰ ਕੌਰ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਨਾਲ ਸੰਬੰਧਿਤ ਦੋ ਔਰਤਾਂ ਅਤੇ ਦੋ ਦਲਿਤ ਮਜ਼ਦੂਰਾਂ ਤੇ ਮਹਿਤਪੁਰ ਥਾਣੇ ਵਿਚ ਪਰਚਾ ਦਰਜ ਕਰਵਾ ਦਿੱਤਾ। ਯੂਨੀਅਨ ਨੇ ਪ੍ਰੈਸ ਨੋਟ ਵਿੱਚ ਆਖਿਆ ਕਿ ਮਹਿਤਪੁਰ ਥਾਣੇ ਦੀ ਪੁਲਿਸ ਨੇ ਬਿਨਾਂ ਜਾਂਚ ਪੜਤਾਲ ਕੀਤਿਆਂ ਮਨਰੇਗਾ ਵਰਕਰਾਂ ਦੀ ਮੇਟ ਜਸਵਿੰਦਰ ਕੌਰ ਨੂੰ ਉਸ ਦੇ 2 ਮਜ਼ਦੂਰਾਂ ਸਾਥੀ ਰੇਸ਼ਮ ਲਾਲ ਅਤੇ ਕੁਲਵਿੰਦਰ ਸਿੰਘ ਨੂੰ ਥਾਣੇ ਲਿਆ ਕੇ ਬੰਦ ਕਰ ਦਿੱਤਾ। ਯੂਨੀਅਨ ਨੇ ਦੋਸ਼ ਲਗਾਇਆ ਕਿ ਇਹ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿਚ ਗਏ ਸਰਪੰਚ ਨੂੰ ਖੁਸ਼ ਕਰਨ ਲਈ ਕੀਤਾ ਗਿਆ ਹੈ। ਇਸ ਮੌਕੇ ਮਹਿਤਪੁਰ ਥਾਣੇ ਅੱਗੇ ਇਕੱਠੇ ਹੋਏ ਮਜ਼ਦੂਰਾਂ ਨੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 2 ਜੂਨ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ਤੇ ਜਲੰਧਰ ਵਿੱਚ ਹੋਣ ਵਾਲੇ ਰੋਸ ਪ੍ਰਦਰਸ਼ਨ ਵਿਚ ਇਸ ਝੂਠੇ ਪਰਚੇ ਦਾ ਮਾਮਲਾ ਵੀ ਉਠਾਇਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਤਹਿਸੀਲ ਪ੍ਰਧਾਨ ਕਸ਼ਮੀਰ ਮੰਡਿਆਲਾ ਅਤੇ ਸਕੱਤਰ ਵਿਜੇ ਬਾਠ ਨੇ ਕਿਹਾ ਕਿ ਮਹਿਤਪੁਰ ਬਲਾਕ ਦੇ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਪੁਲਿਸ ਤੇ ਹਾਕਮ ਪਾਰਟੀ ਦੇ ਗਠਜੋੜ ਨੂੰ ਜਨਤਕ ਕੀਤਾ ਜਾਵੇਗਾ। ਉਹਨਾਂ ਨੇ ਹਾਕਮ ਪਾਰਟੀ ਦੇ ਫੇਲ ਹੋਣ ਅਤੇ ਸੂਬੇ ਨੂੰ ਪੁਲਿਸ ਰਾਜ ਵਿਚ ਤਬਦੀਲ ਕਰਨ ਦੀ ਗੱਲ ਵੀ ਆਖੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਕਸ਼ਮੀਰ ਮੰਡਿਆਲਾ, ਸਕੱਤਰ ਵਿਜੇ ਬਾਠ, ਸਾਬਕਾ ਸਰਪੰਚ ਪ੍ਰਕਾਸ਼ ਚੰਦ ਅਤੇ ਮਨਰੇਗਾ ਵਰਕਰਾਂ ਦੀ ਆਗੂ ਬਖਸ਼ੋ ਰਾਣੀ ਨੇ ਵੀ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



