ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਮਹਾਨ ਕਾਰਜ ਹਨ– ਬਾਵਾ
7 ਤੋਂ 9 ਜੂਨ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ‘ਤੇ ਸਮਾਗਮ ਹੋਣਗੇ- ਗਿੱਲ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 419ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ਵਿੱਚ ਪੂਰਨ ਸ਼ਰਧਾ ਸਤਿਕਾਰ ਨਾਲ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪ੍ਰਸਤ ਰਿਟਾਇਰਡ ਆਈ.ਜੀ ਇਕਬਾਲ ਸਿੰਘ ਗਿੱਲ, ਡਾ: ਹਰਵਿੰਦਰ ਸਿੰਘ ਧਾਲੀਵਾਲ, ਬੀਬੀ ਕਰਮਜੀਤ ਕੌਰ ਛੰਦੜਾਂ ਪ੍ਰਧਾਨ ਮਹਿਲਾ ਵਿੰਗ, ਦੀਪ ਲੁਧਿਆਣਵੀ ਵਾਈਸ ਪ੍ਰਧਾਨ, ਸਮਾਜਸੇਵੀ ਰਤਨੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਬੋਲਦੇ ਸ਼੍ਰੀ ਬਾਵਾ, ਗਿੱਲ ਅਤੇ ਧਾਲੀਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਾ-ਮਿਸਾਲ ਹੈ। ਉਹਨਾਂ ਕਿਹਾ ਕਿ ਧਰਮ ਦੀ ਖਾਤਰ ਤੱਤੀ ਤਵੀ ‘ਤੇ ਬੈਠ ਕੇ ਸਿਰ ਵਿੱਚ ਗਰਮ ਰੇਤਾ ਪਵਾ ਕੇ ਵਡਮੁੱਲੀ ਸ਼ਹਾਦਤ ਦੇਣ ਵਾਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਉਣ ਵਾਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵਿਸ਼ਵ ਵਿੱਚ ਯਾਦ ਕੀਤਾ ਜਾ ਰਿਹਾ ਹੈ। ਅਸੀਂ ਵੀ ਅੱਜ ਸ਼ਬਦ ਪ੍ਰਕਾਸ਼ ਅਜਾਇਬ ਘਰ ਰਕਬਾ ਵਿਖੇ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੇ ਚਿੱਤਰ ਅਤੇ ਗੁਰਬਾਣੀ ਦੇ ਸ਼ਬਦ ਸੁਸ਼ੋਭਿਤ ਹਨ, ਉੱਥੇ ਸ਼ਰਧਾ ਸਤਿਕਾਰ ਭੇਂਟ ਕੀਤਾ ਹੈ। ਇਸ ਸਮੇਂ ਸ੍ਰ: ਗਿੱਲ ਨੇ ਦੱਸਿਆ ਕਿ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ 7 ਜੂਨ ਰਕਬਾ ਭਵਨ, 8 ਜੂਨ ਦਿੱਲੀ ਮਹਿਰੋਲੀ, 9 ਜੂਨ ਨੂੰ ਕੁਰੂਕਸ਼ੇਤਰ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਡੌਰਾ ਵਿਖੇ ਹੋਣਗੇ।



