HOME ਖਾਲੜਾ ਫਿਰ ਬੋਲ ਉੱਠਿਆ – ਸਤਲੁਜ ਇੱਕ ਫਿਲਮ ਨਹੀਂ…ਇਤਿਹਾਸ ਦਾ ਇੱਕ ਪੰਨਾ...

ਖਾਲੜਾ ਫਿਰ ਬੋਲ ਉੱਠਿਆ – ਸਤਲੁਜ ਇੱਕ ਫਿਲਮ ਨਹੀਂ…ਇਤਿਹਾਸ ਦਾ ਇੱਕ ਪੰਨਾ ਹੈ

2

ਸਮਾਜ ਵੀਕਲੀ ਯੂ ਕੇ

ਸੱਚ ਨੂੰ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ। ਇਹ ਗੱਲ ਅੱਜ ਦੀ ਸਭ ਤੋਂ ਚਰਚਿਤ ਫ਼ਿਲਮ ‘ਸਤਲੁਜ’ ਤੇ ਢੁਕਦੀ ਹੈ। ਸਤਲੁਜ, ਜਿਸ ਦਾ ਪਹਿਲਾਂ ਸਿਰਲੇਖ ਪੰਜਾਬ ’95 ਸੀ। ਇਹ ਇੱਕ ਜੀਵਨੀ-ਆਧਾਰਿਤ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ। ਇਸ ਵਿੱਚ ਦਲਜੀਤ ਦੁਸਾਂਝ ਨੇ ਸ: ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਉਨ੍ਹਾਂ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਕਥਿਤ ਪੱਚੀ ਹਜ਼ਾਰ ਗੈਰ-ਕਾਨੂੰਨੀ ਹੱਤਿਆਵਾਂ ਅਤੇ ਗੁਪਤ ਸਸਕਾਰਾਂ ਦੀ ਜਾਂਚ ‘ਤੇ ਆਧਾਰਿਤ ਹੈ ਜੋ ਉਸ ਸਮੇਂ ਦੇ ਸਭ ਤੋਂ ਤਾਕਤਵਰ ਤੰਤਰ ਉੱਤੇ ਸਵਾਲੀਆ ਨਿਸ਼ਾਨ ਹੈ।

‘ਪੰਜਾਬ 95’ ਫਿਲਮ ਤੇ ਸੈਂਸਰ ਬੋਰਡ ਵੱਲੋਂ ਰੋਕ ਲਗਾ ਦਿੱਤੀ ਗਈ ਸੀ।ਸੈਂਸਰ ਬੋਰਡ ਵੱਲੋਂ ਇਸ ਦਾ ਨਾਂ, ਕਿਰਦਾਰਾਂ ਦਾ ਨਾਂ ਅਤੇ ਸੌ ਤੋਂ ਵੀ ਵੱਧ ਕੱਟ ਲਗਾਉਣ ਵਰਗੀਆਂ ਅਤੇ ਹੋਰ ਬਹੁਤ ਸ਼ਰਤਾਂ ਰੱਖੀਆਂ ਗਈਆਂ। ਚਾਰ ਸਾਲਾਂ ਤੋਂ ਬੰਦ ਡੱਬੇ ਵਿੱਚ ਪਈ ਇਹ ਫ਼ਿਲਮ ਜਦੋਂ ਅਚਨਚੇਤ ‘ਸਤਲੁਜ’ ਨਾਂ ਦੇ ਸਿਰਲੇਖ ਹੇਠ ਓਟੀਟੀ ਪਲੇਟਫ਼ਾਰਮ ‘ਤੇ ਰਿਲੀਜ਼ ਹੋਈ ਤਾਂ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਕੇਵਲ ਇੱਕ ਫ਼ਿਲਮ ਨਹੀਂ, ਸਗੋਂ ਇੱਕ ਵਿਚਾਰ, ਇੱਕ ਇਤਿਹਾਸ ਅਤੇ ਇੱਕ ਸ਼ਖ਼ਸੀਅਤ ਨੂੰ ਮੁੜ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਦੇਵੇਗੀ। ਰਿਲੀਜ਼ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਸ ਨੂੰ ਭਾਰਤ ਵਿੱਚ ਹਟਾ ਦਿੱਤਾ ਗਿਆ। ਜਿਸ ਕਾਰਨ ਇਹ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਈ।

ਇਤਿਹਾਸ ਗਵਾਹ ਹੈ ਕਿ ਜਦੋਂ ਕਿਸੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਲੋਕਾਂ ਦੀ ਦਿਲਚਸਪੀ ਉਸ ਵੱਲ ਹੋਰ ਵਧ ਜਾਂਦੀ ਹੈ। ‘ਸਤਲੁਜ’ ਨਾਲ ਵੀ ਕੁਝ ਅਜਿਹਾ ਹੀ ਹੋਇਆ। ਕਈ ਲੋਕਾਂ ਨੇ ਫ਼ਿਲਮ ਨੂੰ ਪਹਿਲਾਂ ਹੀ ਦੇਖ ਲਿਆ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਕੁਝ ਘੰਟਿਆਂ ਵਿੱਚ ਹੀ ਇਹ ਫ਼ਿਲਮ ਘਰ ਘਰ ਪਹੁੰਚ ਗਈ ਤੇ ਇਸ ਬਾਰੇ ਵਿਆਪਕ ਚਰਚਾ ਸ਼ੁਰੂ ਹੋ ਗਈ। ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਕਿਹਾ, “ਫ਼ਿਲਮ ਲੋਕਾਂ ਤੱਕ ਪਹੁੰਚ ਗਈ ਹੈ ਮੇਰਾ ਮਕਸਦ ਪੂਰਾ ਹੋ ਗਿਆ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਜਸਵੰਤ ਸਿੰਘ ਖਾਲੜਾ ਬਾਰੇ ਗੱਲ ਕਰ ਰਹੀ ਹੈ।”

ਅੱਜ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ‘ਤੇ ਸਭ ਤੋਂ ਵੱਧ ਚਰਚਾ ਖਾਲੜਾ ਦੇ ਜੀਵਨ, ਉਨ੍ਹਾਂ ਦੀ ਨਿਡਰਤਾ ਅਤੇ ਸੱਚ ਲਈ ਦਿੱਤੀ ਕੁਰਬਾਨੀ ਦੀ ਹੋ ਰਹੀ ਹੈ। ਜਿਹੜਾ ਨਾਮ ਕਦੇ ਇਤਿਹਾਸ ਦੀਆਂ ਕਿਤਾਬਾਂ ਜਾਂ ਕੁਝ ਲੇਖਾਂ ਤੱਕ ਸੀਮਿਤ ਸੀ, ਉਹ ਅੱਜ ਘਰ-ਘਰ ਅਤੇ ਨੌਜਵਾਨਾਂ ਦੀ ਜ਼ਬਾਨ ‘ਤੇ ਹੈ। ਇਸ ਫ਼ਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਇੱਕ ਮਕਸਦ ਅਤੇ ਜਜ਼ਬੇ ਨਾਲ਼ ਚੱਲਿਆ ਇਮਾਨਦਾਰ ਮਨੁੱਖ ਭਾਵੇਂ ਸਰੀਰਕ ਤੌਰ ‘ਤੇ ਸਾਡੇ ਵਿੱਚ ਨਾ ਹੋਵੇ, ਪਰ ਉਸ ਦੇ ਵਿਚਾਰ ਕਦੇ ਨਹੀਂ ਮਰਦੇ। ਖਾਲੜਾ ਦੀ ਆਵਾਜ਼ ਅੱਜ ਫਿਰ ਤੋਂ ਇਨਸਾਫ਼, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਸੁਣਾਈ ਦਿੰਦੀ ਹੈ। ਇਸ ਲਈ ਕਹਿਣਾ ਗਲਤ ਨਹੀਂ ਹੋਵੇਗਾ ਕਿ “ਖਾਲੜਾ ਫਿਰ ਬੋਲ ਉੱਠਿਆ ਹੈ।”

ਅੱਜ ਦੀ ਪੀੜ੍ਹੀ ਲਈ ਇਹ ਫ਼ਿਲਮ ਸਿਰਫ਼ ਮਨੋਰੰਜਨ ਨਹੀਂ, ਸਗੋਂ ਇਤਿਹਾਸ ਨੂੰ ਜਾਣਨ ਅਤੇ ਇਹ ਸਮਝਣ ਦਾ ਮੌਕਾ ਹੈ ਕਿ ਇੱਕ ਇਕੱਲਾ ਇਨਸਾਨ ਵੀ ਸੱਚ ਲਈ ਖੜ੍ਹਾ ਹੋ ਕੇ ਸਮੇਂ ਦੇ ਸਭ ਤੋਂ ਤਾਕਤਵਰ ਢਾਂਚਿਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਸਕਦਾ ਹੈ। ਇਸ ਲਈ ਇਹ ਕਹਿਣਾ ਉਚਿਤ ਹੋਵੇਗਾ ਕਿ ਖਾਲੜਾ ਅੱਜ ਕੇਵਲ ਇੱਕ ਨਾਮ ਨਹੀਂ ਰਹੇ , ਉਹ ਅਜੋਕੀ ਪੀੜ੍ਹੀ ਦੀ ਚੇਤਨਾ ਦਾ ਹਿੱਸਾ ਬਣ ਗਏ ਹਨ। ਫ਼ਿਲਮ ਨੂੰ ਹਟਾਇਆ ਜਾ ਸਕਦਾ ਹੈ, ਪਰ ਉਸ ਵਿਚਾਰ ਨੂੰ ਨਹੀਂ ਜੋ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਵੇ। ਇਹੀ ‘ਸਤਲੁਜ’ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਅਤੇ ਇਹੀ ਸ: ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਵੀ।

ਬਰਜਿੰਦਰ ਕੌਰ ਬਿਸਰਾਓ…
9988901324

Previous articleਅਮਰੀਕਾ ਨੇ H-1B ਵੀਜ਼ਾ ‘ਤੇ ਵੱਡੀ ਕਾਰਵਾਈ ਕੀਤੀ, Cognizant ਸਮੇਤ ਕਈ ਵੱਡੀਆਂ ਕੰਪਨੀਆਂ ਜਾਂਚ ਦੇ ਘੇਰੇ ਵਿੱਚ; IT ਖੇਤਰ ਵਿੱਚ ਉਥਲ-ਪੁਥਲ