ਰੁਕਸਾਨਾ ਬੇਗ਼ਮ

(ਸਮਾਜ ਵੀਕਲੀ)

ਕੱਚੇ ਘਰ ਦੇ ਪਿਛਲੇ ਕਮਰੇ ਚ ਹਨੇਰੇ ਚ ਮਰਿਆਂ ਵਾਂਗ ਪਈ ਸੀ ਸੁਖਵੰਤ ਕੌਰ… ਤੇ ਦੂਜੇ ਕਮਰੇ ਚ ਰੇਡੀਓ ਤੇ ਖਬਰਾਂ ਚੱਲ ਰਹੀਆਂ ਸਨ| ਇੱਕ ਖ਼ਬਰ ਨੇ ਉਸ ਮਰੀ ਹੋਈ ਚ ਜਾਨ ਪਾ ਦਿੱਤੀ ਉਹ ਸੀ ਕੇ ‘ਪਾਕਿਸਤਾਨ ਚ ਰਹਿ ਗਈਆਂ ਹਿੰਦੂ ਸਿੱਖ ਕੁੜੀਆਂ ਨੂੰ ਭਾਰਤ ਸਰਕਾਰ ਹਿਫਾਜ਼ਤ ਨਾਲ ਭਾਰਤ ਲੈ ਕੇ ਆਵੇਗ਼ੀ ਤੇ ਜਿੰਨ੍ਹਾਂ ਨੇ ਉਹਨਾਂ ਨੂੰ ਜਬਰਦਸਤੀ ਆਪਣੇ ਘਰਾਂ ਚ ਰੱਖਿਆ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗ਼ੀ.’…. ਸੁਖਵੰਤ ਕੌਰ ਲੱਤਾਂ ਘੜੀਸ ਦੀ ਉੱਠੀ ਅੱਜ ਉਹ 6 ਦਿਨ ਬਾਅਦ ਮੰਜੇ ਤੋਂ ਉੱਠੀ ਸੀ, ਓਹਨੇ ਕੋਲ ਪਏ ਤੌੜੇ ਤੋਂ ਚੱਪਣ ਚੱਕਿਆ ਤੇ ਪਾਣੀ ਦੀ ਬਾਟੀ ਭਰ ਕੇ ਪੀਣ ਲੱਗੀ, ਅਚਾਨਕ ਓਹਦੀ ਨਿਗ੍ਹਾ ਉਸਦੀ ਆਪਣੀ ਕਲਾਈ ਤੇ ਗਈ ਜਿਥੇ ਅਨਵਰ ਨੇ ਲੱਕੜ ਦਾ ਕੋਲਾ ਲਾ ਦਿੱਤਾ ਸੀ…. ਉਹ 6 ਦਿਨ ਪਿੱਛੇ ਚਲੀ ਗਈ.

ਓਹਦਾ ਪਤੀ ਸਰਦਾਰ ਗੁਰਮੁੱਖ ਸਿੰਘ ਰਾਵਲਪਿੰਡੀ ਕਪੜੇ ਦੀ ਦੁਕਾਨ ਕਰਦਾ ਸੀ.. ਸ਼ਹਿਰ ਚ ਰੌਲਾ ਪੈ ਗਿਆ ਕੇ ਸਾਰੇ ਹਿੰਦੂ ਸਿੱਖ ਹਿੰਦੋਸਤਾਨ ਚਲੇ ਜਾਣ ਉਹ ਦੁਕਾਨ ਬੰਦ ਕਰਕੇ ਜਲਦੀ ਜਲਦੀ ਘਰ ਆਇਆ ਤੇ ਸੁਖਵੰਤ ਕੌਰ ਨੂੰ ਬੋਲਿਆ ਛੇਤੀ ਕਰ ਸਾਨੂੰ ਅੱਜ ਹੀ ਹਿੰਦੋਸਤਾਨ ਜਾਣਾ ਹੋਊਗਾ….

ਪਰ ਕਿਉਂ…? ਸਖਵੰਤ ਹੈਰਾਨ ਹੁੰਦੀ ਬੋਲੀ

ਇਹ ਹੁਣ ਸਾਡਾ ਮੁਲਕ ਨਹੀਂ ਆ ਬਸ ਹੋਰ ਕੁੱਝ ਦਸਣ ਪੁੱਛਣ ਦਾ ਸਮਾਂ ਨਹੀਂ ਆ ਛੇਤੀ ਕਰ ਬਾਹਰ ਟਾਂਗਾ ਖੜ੍ਹਾ ਗੁਰਮੁੱਖ ਸਿੰਘ ਨੇ ਸਾਰੇ ਜਵਾਬ ਇੱਕੋ ਗੱਲ ਚ ਦੇ ਦਿੱਤੇ…

ਸੁਖਵੰਤ ਨੇ ਆਪਣਾ ਡੇਢ ਸਾਲ ਦਾ ਪੁੱਤਰ ਸੰਤੋਖ ਚੱਕ ਕੇ ਛਾਤੀ ਨਾਲ ਲਾ ਲਿਆ ਤੇ ਟਾਂਗੇ ਚ ਬੈਠ ਗਈ…

ਪਰ ਗੁਰਮੁੱਖ ਸਿੰਘ ਨੇ ਸੰਤੋਖ ਨੂੰ ਉਸ ਕੋਲੋਂ ਆਪ ਫੜ ਲਿਆ ਔਰਤ ਆਖਿਰ ਔਰਤ ਹੀ ਹੁੰਦੀ ਆ…

ਟਾਂਗਾ ਹਲੇ ਮੀਲ ਵੀ ਨੀ ਗਿਆ ਹੋਣਾ… ਅੱਲ੍ਹਾਹ ਹੂ ਅਕਬਰ ਤੇ ਯਾ ਅਲੀ ਪਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਂਦੀ ਭੀੜ ਨੇ ਉਹਨਾਂ ਨੂੰ ਘੇਰ ਲਿਆ….

ਤਲਵਾਰ ਦੇ ਇੱਕੋ ਵਾਰ ਨਾਲ ਗੁਰਮੁੱਖ ਸਿੰਘ ਦੀ ਧੌਣ ਧੜ ਤੋਂ ਅਲੱਗ ਹੋ ਗਈ…. ਇੱਕ ਹੋਰ ਵਾਰ ਨਾਲ ਸੰਤੋਖ ਵਿਚਾਲਿਓਂ ਚੀਰਿਆ ਗਿਆ ਓਹਦਾ ਸਰੀਰ ਦਾ ਅੱਧਾ ਹਿਸਾ ਟਾਂਗੇ ਉਪਰ ਪਿਆ ਸੀ ਤੇ ਅੱਧਾ ਜ਼ਮੀਨ ਤੇ… ਏਦੂ ਪਹਿਲਾਂ ਭੀੜ ਸੁਖਵੰਤ ਦੀ ਇਜ਼ਤ ਤੇ ਹੱਥ ਪਾਉਂਦੀ ਉਹ ਓਥੋਂ ਭੱਜ ਤੁਰੀ.. ਭੀੜ ਉਸਦੇ ਮਗਰ ਸੀ… ਅੱਗੇ ਕੋਈ ਨੌਜਵਾਨ ਘਰ ਦੇ ਬੂਹੇ ਅੱਗੇ ਖੜ੍ਹਾ ਆਪਣੀ ਮਾਸੂਮ ਧੀ ਨੂੰ ਚੁੱਪ ਕਰਾ ਰਿਹਾ ਸੀ ਰੋ ਨਾ ਧੀਏ ਦੇਖੀਂ ਇੱਕ ਨਾ ਇੱਕ ਦਿਨ ਤੇਰੀ ਅੰਮੀ ਜਾਨ ਆਪਾਂ ਨੂੰ ਜ਼ਰੂਰ ਲੱਭ ਜਾਣੀ ਆ… ਜਦ ਸਖਵੰਤ ਕੌਰ ਉਸਦੇ ਕੋਲ ਦੀ ਲੰਘਣ ਲੱਗੀ ਓਹਨੇ ਫੁਰਤੀ ਨਾਲ ਓਹਨੂੰ ਅੰਦਰ ਖਿੱਚ ਕੇ ਬੂਹਾ ਬੰਦ ਕਰ ਲਿਆ ਭੀੜ ਅੱਗੇ ਨਿਕਲ ਗਈ.. ਸੁਖਵੰਤ ਕੌਰ ਨੇ ਇੱਕ ਵਾਰ ਸੁਖ ਦਾ ਸਾਹ ਲਿਆ…

ਪਰ ਉਸਨੇ ਜਦ ਦੇਖਿਆ ਕੇ ਉਸਨੂੰ ਅੰਦਰ ਖਿੱਚਣ ਵਾਲਾ ਵੀ ਇੱਕ ਮੁਸਲਮਾਨ ਨੌਜਵਾਨ ਉਹ ਫ਼ੇਰ ਡਰ ਗਈ….. ਉਹ ਨੌਜਵਾਨ ਬੋਲਿਆ ਡਰ ਨਾ ਬੀਬੀ ਮੇਰੇ ਨਾਂ ਅਨਵਰ ਹੁਸੈਨ ਆ…ਮੈਂ ਤੈਨੂੰ ਕੁੱਝ ਨੀ ਕਵਾਂ ਗਾ

ਪਰ ਇਸ ਭੀੜ ਦਾ ਭਰੋਸਾ ਨਹੀਂ ਆ… ਤੈਨੂੰ ਆਪਣੀ ਪਛਾਣ ਛਪਾਉਣੀ ਪੈਣੀ ਆ…. ਤੇ ਓਹਨੇ ਇੱਕ ਹੱਥ ਸੁਖਵੰਤ ਕੌਰ ਦੇ ਮੂੰਹ ਤੇ

ਰੱਖਿਆ ਦੂਜੇ ਹੱਥ ਨਾਲ ਉਸਦੀ ਕਲਾਈ ਤੇ ਬਲਦੀ ਲੱਕੜ ਦਾ ਕੋਲਾ ਲਗਾ ਦਿੱਤਾ ਕਿਉਂਕੇ ਸੁਖਵੰਤ ਕੌਰ ਦੀ ਬਾਂਹ ਤੇ ਸੁਖਵੰਤ ਕੌਰ ਲਿਖਿਆ ਹੋਇਆ ਸੀ ਜੋ ਓਹਦੇ ਲਈ ਖਤਰਾ ਸੀ ਤੇ ਉਸ ਦਿਨ ਤੋਂ ਅੱਜ ਤੱਕ ਸੁਖਵੰਤ ਕੌਰ ਓਹਦੇ ਹੀ ਘਰ ਸੀ ਅੱਜ 6 ਦਿਨ ਹੋ ਗਏ ਸਨ…. ਓਹਨੇ ਬਾਹਰੋਂ ਆਵਾਜ਼ ਸੁਣੀ ਅਨਵਰ ਦੀ ਮਾਂ ਅਨਵਰ ਨੂੰ ਗੁੱਸੇ ਹੋ ਰਹੀ ਸੀ….

ਵੇ ਤੈਨੂੰ ਅਕਲ ਕਦੋਂ ਆਉਣੀ ਆ ਵੇ ਇੱਕ ਸਿੱਖ ਕੁੜੀ ਨੂੰ ਤੂੰ ਲੁਕਾ ਕੇ ਰੱਖੀਂ ਬੈਠਾਂ ਜੇ ਮੁਸਲਿਮ ਲੀਗੀਆਂ ਨੂੰ ਪਤਾ ਲੱਗ ਗਿਆ ਤੈਨੂੰ ਵੀ ਮਾਰ ਦੇਣਗੇ ਤੇ ਤੇਰੀ ਬੱਚੀ ਨੂੰ ਵੀ …. ਭੁੱਲ ਗਿਆਂ ਤੇਰੀ ਬੇਗਮ ਰੁਕਸਾਨਾਂ ਨਾਲ ਕੀ ਕੀਤਾ ਸੀ ਏਨਾ ਕਾਫਰਾਂ ਅੱਜ ਤੱਕ ਓਹਦਾ ਥਹੁ ਪਤਾ ਨੀ ਲੱਗਿਆ ਕੇ ਜਿਆਉਂਦੀ ਆ ਜਾਂ ਮਾਰਤੀ…. ਜਾਲਮਾਂ..

ਅੰਮੀ ਜਾਨ ਮੈਂ ਉਹਨਾਂ ਵਰਗਾ ਕਿੰਝ ਬਣ ਜਾਵਾਂ ਮੇਰਾ ਇਮਾਨ ਇਜਾਜ਼ਾਤ ਨੀ ਦਿੰਦਾ…. ਬਸ ਅੰਮੀ ਥੋੜਾ ਮਾਹੌਲ ਠੀਕ ਹੋਣ ਦੇ ਇਹਨੂੰ ਇਹਦੇ ਮਾਂ ਪਿਓ ਕੋਲ ਛੱਡ ਆਊਂਗਾ ਹਿੰਦੋਸਤਾਨ…… ਪਰ ਸੁਖਵੰਤ ਦੇ ਮਾਂ ਬਾਪ ਤਾਂ ਕੱਤੇ ਦੀ ਬਿਮਾਰੀ ਨੇ ਬਚਪਨ ਚ ਹੀ ਖੋ ਲਏ ਸਨ…..

ਅਨਵਰ ਦੀ ਮਾਂ ਬੋਲੀ ਪੁਲਿਸ ਪਿੰਡ ਪਿੰਡ ਹਿੰਦੂ ਸਿੱਖ ਕੁੜੀਆਂ ਨੂੰ ਲੱਭਦੀ ਫਿਰਦੀ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਹੱਥਕੜੀਆਂ ਲਾ ਕੇ ਲੈ ਜਾਣਗੇ ਜੇ ਮੇਰੇ ਬਾਰੇ ਨੀ ਸੋਚਣਾ ਘੱਟੋ ਘੱਟ ਆਪਣੀ 2 ਸਾਲ ਦੀ ਮਾਸੂਮ ਧੀ ਜੈਨਮ ਤਾਂ ਖਿਆਲ ਕਰ…. ਜੈਨਮ ਜਿਸਦੀ ਮਾਂ ਨੂੰ ਦੰਗਾਕਾਰੀ ਹਿੰਦੂ ਸਿੱਖ ਚੁੱਕ ਕੇ ਲੈ ਗਈ ਸਨ .. ਮੰਜੇ ਦੀ ਬਾਹੀ ਨਾਲ ਚੁੰਨੀ ਬੰਨ ਕੇ ਬਣਾਏ ਪੀਂਘੇ ਚ ਪਈ ਰੋ ਰਹੀ ਸੀ….
ਉਹ ਹੀ ਗੱਲ ਹੋਈ ਜਿਸਦਾ ਡਰ ਸੀ ਪੁਲਿਸ ਨੇ ਆ ਬੂਹਾ ਖੜਕਾਇਆ…. ਤੇ ਅੰਦਰ ਆ ਗਏ..

ਪਾਕਿਸਤਾਨ ਪੁਲਿਸ ਨਾਲ ਭਾਰਤੀ ਸ਼ਰਾਫ਼ਤਖਾਨੇ ਦੇ ਕੁੱਝ ਅਫ਼ਸਰ ਤੇ ਨਾਲ ਇਕ ਦੋ ਸਿੱਖ ਫੋਜੀ ਸਨ…

ਹਮੇਂ ਇਤਲਾਹ ਮਿਲੀ ਹੈ ਕੇ ਆਪਣੇ ਕਿਸੀ ਸਿੱਖ ਲੜਕੀ ਕੋ ਜ਼ਬਰਦਸਤੀ ਆਪਣੇ ਘਰ ਮੈਂ ਕੈਦ ਕਰ ਰਖਾ ਹੈ….

ਅਨਵਰ ਦੇ ਬੋਲਣ ਤੋਂ ਪਹਿਲਾਂ ਹੀ ਸੁਖਵੰਤ ਕੌਰ ਬਾਹਰ ਆ ਗਈ… ਇਕ ਸਿੱਖ ਫੋਜੀ ਬੋਲਿਆ ਕੀ ਨਾਂ ਬੀਬੀ ਤੇਰਾ..?
…ਜੀ ਰੁਕਸਾਨਾ ਬੇਗਮ

ਤੇ ਇਹ ਬੱਚੀ ਕੌਣ ਆ ?

ਜੀ ਮੇਰੀ ਧੀ ਜੈਨਮ ਤੇ ਸੁਖਵੰਤ ਕੌਰ ਨੇ ਪੀਂਘੇ ਚੋਂ ਜੈਨਮ ਨੂੰ ਚੁੱਕ ਕੇ ਆਪਣੀ ਛਾਤੀ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ……

ਬੇਅੰਤ ਬਰੀਵਾਲਾ

 

Previous articleਪਲਾਸਟਿਕ ਦਾ ਮੱਘ
Next articleਨਿਰੋਗੀ ਜੀਵਨ ਤੇ ਲੰਬੀ ਉਮਰ (ਤੀਜਾ ਅੰਕ)