ਏਹੁ ਹਮਾਰਾ ਜੀਵਣਾ ਹੈ -333         

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-ਕੁਲਵੰਤ ਸਿੰਘ ਦੀ ਛੋਟੀ ਜਿਹੀ ਕੱਪੜੇ ਦੀ ਦੁਕਾਨ ਸੀ ਉਹ ਆਪਣੇ ਪਿਓ ਨਾਲ ਰਲ਼ ਕੇ ਇਹ ਦੁਕਾਨ ਚਲਾ ਰਿਹਾ ਸੀ।ਘਰ ਦਾ ਗੁਜ਼ਾਰਾ ਵੀ ਵਧੀਆ ਹੁੰਦਾ ਸੀ।ਘਰ ਵਿੱਚ ਵੱਡਾ ਹੋਣ ਕਰਕੇ ਪਿਓ ਦੀ ਸਾਰੀ ਕਬੀਲਦਾਰੀ ਦਾ ਜ਼ਿੰਮਾ ਉਸ ਉੱਪਰ ਹੀ ਸੀ। ਆਪਣੀ ਭੈਣ ਨੂੰ ਵੀ ਜੇ ਬੀ ਟੀ ਕਰਵਾਕੇ ਸਰਕਾਰੀ ਟੀਚਰ ਬਣਾ ਦਿੱਤਾ ਸੀ। ਫੇਰ ਲਾਗਲੇ ਪਿੰਡ ਦਾ ਹੀ ਸਰਕਾਰੀ ਅਧਿਆਪਕ ਮੁੰਡਾ ਲੱਭ ਕੇ ਵਿਆਹ ਕਰ ਦਿੱਤਾ ਸੀ। ਛੋਟੇ ਭਰਾ ਨੂੰ ਵੀ ਪੜ੍ਹਾ ਲਿਖਾ ਦਿੱਤਾ ਸੀ ਉਹ ਵੀ ਕਿਸੇ ਪਹਾੜੀ ਇਲਾਕੇ ਵਿੱਚ ਇੱਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗ ਗਿਆ ਸੀ। ਕੁਲਵੰਤ ਸਿੰਘ ਦਾ ਵਿਆਹ ਹੋਏ ਨੂੰ ਪੰਦਰਾਂ ਵਰ੍ਹੇ ਹੋ ਗਏ ਸਨ ਪਰ ਹੁਣ ਤੱਕ ਉਸ ਨੂੰ ਔਲਾਦ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਸੀ। ਕੁਲਵੰਤ ਸਿੰਘ ਦੀ ਪਤਨੀ ਹਰਦੇਵ ਬਿਲਕੁਲ ਅਨਪੜ੍ਹ ਸੀ। ਉਹ ਸੁਭਾਅ ਪੱਖੋਂ ਵੀ ਬਹੁਤ ਭੋਲ਼ੀ ਭਾਲੀ ਸੀ ਤੇ ਆਪਣੇ ਪਰਿਵਾਰ ਦੀ ਖਾਤਰ ਸਾਰਾ ਦਿਨ ਰੁਲੀ- ਖੁਲੀ ਰਹਿੰਦੀ। ਆਪਣੀ ਨਨਾਣ ਤੇ ਦਿਓਰ ਦੀ ਵੀ ਆਪਣੇ ਬੱਚਿਆਂ ਵਾਂਗ ਹੀ ਜ਼ਿੰਮੇਵਾਰੀ ਸਮਝਦੀ ਸੀ।

             ਪ੍ਰੋਫ਼ੈਸਰ ਭਰਾ ਰਜਿੰਦਰ ਨੇ‌ ਆਪਣੇ ਨਾਲ ਪੜ੍ਹਦੀ ਓਧਰਲੇ ਇਲਾਕੇ ਦੀ ਕੁੜੀ ਨਾਲ਼ ਹੀ ਕੋਰਟ ਮੈਰਿਜ ਕਰਵਾ ਕੇ ਘਰ ਵਸਾ ਲਿਆ ਸੀ।ਉਸ ਦੇ ਦੋ ਮੁੰਡੇ ਤੇ ਇੱਕ ਕੁੜੀ ਹੋ ਗਏ ਸਨ।ਉਹ ਪਹਾੜੀ ਇਲਾਕੇ ਵਿੱਚ ਯੂਨੀਵਰਸਿਟੀ ਵਿੱਚ ਹੀ ਸਰਕਾਰੀ ਰਿਹਾਇਸ਼ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸ ਦਾ ਪਰਿਵਾਰ ਦੇਖਣ ਨੂੰ ਅਤੇ ਬੋਲ – ਬਾਣੀ ਦੇ ਕਿਸੇ ਪੱਖੋਂ ਪੰਜਾਬੀ ਪਰਿਵਾਰ ਨਹੀਂ ਲੱਗਦਾ ਸੀ। ਛੁੱਟੀਆਂ ਵਿੱਚ ਉਹ ਆਪਣੇ ਪਰਿਵਾਰ ਨੂੰ ਲੈਕੇ ਸਾਲ ਦੋ ਸਾਲ ਬਾਅਦ ਪਿੰਡ ਮਹੀਨੇ ਭਰ ਲਈ ਛੁੱਟੀਆਂ ਕੱਟਣ ਆਉਂਦਾ।ਉਸ ਦੇ ਬੱਚੇ ਅਤੇ ਪਤਨੀ ਹਿੰਦੀ ਬੋਲਦੇ ਸਨ। ਉਹਨਾਂ ਲਈ ਪੰਜਾਬੀ ਬੋਲਣਾ ਅਤੇ ਸਮਝਣਾ ਬਹੁਤ ਔਖਾ ਹੁੰਦਾ ਸੀ।ਉਸ ਦੀ ਪਤਨੀ ਸੁਭਾਅ ਪੱਖੋਂ ਵੀ ਬਹੁਤ ਤੇਜ਼ ਸੀ। ਇੱਕ ਦਿਨ ਗਿਆਰਾਂ ਕੁ ਵਜੇ ਉਸ ਨੇ ਆਪਣੀ ਜਠਾਣੀ ਨੂੰ ਪੁੱਛਿਆ,”ਦੀਦੀ ਭੂਖ ਲਗੀ ਹੈ, ਕੋਈ ਚਪਾਤੀ ਪੜੀ ਹੂਈ ਹੈ?” ਉਸ ਦੀ ਜਠਾਣੀ ਨੇ ਸਹਿਜ ਸੁਭਾਅ ਹੀ ਆਖਿਆ,” ਹਾਂ,ਨੀਰੂ ਛਾਬੇ ਵਿੱਚ ਦੋ ਰੋਟੀਆਂ ਜਮਾਂਦਾਰਨੀ ਵਾਲੀਆਂ ਪਈਆਂ ਨੇ…ਉਹ ਵੀ ਨੀ ਲੈਣ ਆਈ ਅੱਜ…. ਚੱਲ ਤੂੰ ਖਾ ਲੈ।” ਬੱਸ ਫੇਰ ਕੀ ਸੀ ਬਾਤ ਦਾ ਬਤੰਗੜ ਬਣਨ ਨੂੰ ਕਿਹੜਾ ਟਾਈਮ ਲੱਗਦਾ? ਨੀਰੂ ਨੇ ਆਪਣੀ ਜਠਾਣੀ ਨੂੰ ਜਿਉਂ ਖਰੀ ਖੋਟੀ ਸਣਾਉਣੀ ਸ਼ੁਰੂ ਕੀਤੀ,” ਤੁਮ ਮੁਝੇ ਨੀਚਾ ਦਿਖਾ ਰਹੀ ਹੋ, ਤੁਮ ਮੁਝੇ ਜਮਾਂਦਾਰਨੀ ਕੀ ਰੋਟੀ ਖਾਨੇ ਕੋ ਕਹਿ ਰਹੀ ਹੋ….ਇਸ ਕਾ ਮਤਲਬ ਤੁਮ ਮੁਝੇ ਹੀ ਜਮਾਂਦਾਰਨੀ ਕਹਿ ਰਹੀ ਹੋ।” ਹਰਦੇਵ ਨੇ ਬਥੇਰਾ ਥਸਮਝਾਇਆ,” ਨੀਰੂ ਰੋਟੀ ਤਾਂ ਰੋਟੀ  ਹੀ ਹੁੰਦੀ ਆ, ਤੂੰ ਕਿਉਂ ਘਰ ਵਿੱਚ ਕਲੇਸ਼ ਪਾਇਆ, ਮੈਂ ਉਹਦੇ ਲਈ ਰੋਟੀ ਰੱਖੀ ਸੀ ਤਾਂ ਮੈਂ ਕਹਿ ਦਿੱਤਾ। ਮੈਂ ਤੈਨੂੰ ਤਾਂ ਕੁਛ ਨੀ ਕਿਹਾ।” ਪਰ ਕਿੱਥੇ…. ਨੀਰੂ ਨੂੰ ਤਾਂ ਗੁੱਸਾ ਸੱਤਵੇਂ ਅਸਮਾਨ ਚੜ੍ਹਿਆ ਹੋਇਆ ਸੀ।ਸਾਰਾ ਦਿਨ ਉਸ ਨੇ ਇਸ ਗੱਲ ਪਿੱਛੇ ਪਿੱਟ ਸਿਆਪਾ ਪਾ ਰੱਖਿਆ। ਨੀਰੂ ਤਾਂ ਬੋਲਦੀ ਕਦੇ ਅੰਦਰ ਜਾਵੇ ਕਦੇ ਬਾਹਰ ਆਵੇ।ਕੰਧ ਛੋਟੀ ਹੋਣ ਕਰਕੇ ਗੁਆਂਢੀਆਂ ਦੇ ਘਰ ਵੀ ਸਭ ਕੁਝ ਸੁਣ ਰਿਹਾ ਸੀ।
ਉਹਨਾਂ ਦੀ ਸਿਆਣੀ ਗੁਆਂਢਣ ਨੇ ਆ ਕੇ ਉਸ ਨੂੰ ਸਮਝਾਇਆ ਕਿ ਪੰਜਾਬੀ ਵਿੱਚ ਤਾਂ ਜਿਸ ਦੇ ਲਈ ਖਾਣਾ ਰੱਖਿਆ ਹੋਵੇ ਉਸੇ ਦਾ ਨਾਂ ਲੈ ਕੇ ਕਹਿ ਦਿੰਦੇ ਹਨ।ਜੇ ਤੇਰੇ ਪਤੀ ਲਈ ਰੱਖੀਆਂ ਹੁੰਦੀਆਂ ਰੋਟੀਆਂ ਤਾਂ ਉਸ ਨੇ ਕਹਿ ਦੇਣਾ ਸੀ ਕਿ ਰਜਿੰਦਰ ਲਈ ਦੋ ਰੋਟੀਆਂ ਰੱਖੀਆਂ,ਕੀ ਫੇਰ ਤੂੰ ਰਜਿੰਦਰ ਬਣ ਜਾਣਾ ਸੀ?ਇਸ ਤਰ੍ਹਾਂ ਉਹ ਆ ਕੇ ਉਸ ਨੂੰ ਸਮਝਾ ਕੇ ਗਈ ਤਾਂ ਚੁੱਪ ਕੀਤੀ।ਪਰ ਮਨ ਅੰਦਰ ਦਾ ਗੁੱਸਾ ਨਾ ਗਿਆ।ਓਧਰ ਹਰਦੇਵ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਗੁਆਂਢਣ ਨੇ ਕਿਹਾ,”ਹਰਦੇਵ , ਚੱਲ ਚੁੱਪ ਕਰ ਹੁਣ…. ਉੱਠ ਮੂੰਹ ਧੋ……ਬੰਦਿਆਂ ਦੇ ਆਉਣ ਤੋਂ ਪਹਿਲਾਂ ਘਰ ਦਾ ਮਾਹੌਲ ਠੀਕ ਕਰ … ਤੂੰ ਤਾਂ ਸਿਆਣੀ ਐਂ। ਇਹ ਬਹੁਤੀਆਂ ਪੜਾਕੂ… ਨਾਲ਼ੇ ਵਿਹਲੀਆਂ ਬੈਠ ਕੇ ਖਾਂਦੀਆਂ ਨਾਲ਼ੇ ਢਾਹ ਢਾਹ ਮਾਰਦੀਆਂ ਨੇ। ਅਗਲੇ ਹਫਤੇ ਇਹਨਾਂ ਨੇ ਚਲੇ ਜਾਣਾ …ਸਬਰ ਤੋਂ ਕੰਮ ਲੈ। … ਨਾਲ਼ੇ ਇਹਨਾਂ ਦਾ ਕਰੋ ਨਾਲ਼ੇ ਛਿੱਤਰ ਖਾਵੋ।” ਹਰਦੇਵ ਤਾਈ ਦੀ ਗੱਲ ਮੰਨ ਕੇ ਫੇਰ ਡੁਸਕਦੀ ਹੋਈ ਘਰ ਦੇ ਕੰਮ ਕਰਨ ਲੱਗ ਪਈ। ਅਨਪੜ੍ਹ ਹੋਣਾ ਉਸ ਦਾ ਗੁਨਾਹ ਸੀ ਜਾਂ ਸਭ ਦੀ ਆਗਿਆਕਾਰ ਹੋਣਾ ਉਸ ਦੀ ਕਮਜ਼ੋਰੀ ਸੀ ਜਾਂ ਫਿਰ ਮਾਂ ਨਾ ਬਣ ਪਾਉਣਾ ਉਸ ਦੀ‌ ਮਜ਼ਬੂਰੀ ਸੀ। ਅੱਜ ਤੱਕ ਕਿਸੇ ਨੇ ਉਸ ਦੇ ਚਾਵਾਂ ਬਾਰੇ ਜਾਂ ਉਸ ਦੇ ਸ਼ੌਂਕਾਂ ਬਾਰੇ ਤਾਂ ਪੁੱਛਿਆ ਹੀ ਨਹੀਂ ਸੀ। ਬੱਸ “ਤੂੰ ਤਾਂ ਸਿਆਣੀ ਐਂ” ਸੁਣਦੀ ਸੁਣਦੀ ਨੇ ਆਪਣੇ ਨਾਲ ਸਮਝੌਤਾ ਕਰਦੀ ਨੇ ਹਰਦੇਵ ਨੇ ਸਾਰੀ ਜ਼ਿੰਦਗੀ ਕੱਢ ਲਈ ਸੀ।ਉਸ ਦੇ ਮਨ ਦੇ ਵਲਵਲੇ ਮਨ ਵਿੱਚ ਹੀ ਉੱਠਦੇ ਤੇ ਮਨ ਵਿੱਚ ਹੀ ਦਫ਼ਨ ਹੋ ਜਾਂਦੇ ਸਨ। ਜਿਹੜੀ ਨੂੰਹ ਧੀ ਬਾਹਲ਼ੀ ਸ਼ਰੀਫ਼ ਹੋਵੇ ਉਸ ਦੇ ਮਨ ਦੇ ਵਲਵਲਿਆਂ ਦਾ ਪਰਿਵਾਰ ਵਾਲੇ ਘੱਟ ਈ ਧਿਆਨ ਰੱਖਦੇ ਹਨ । ਇਹ ਸਾਡਾ ਮੁੱਢ ਤੋਂ ਹੀ ਸੁਭਾਅ ਬਣਿਆ ਹੋਇਆ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪਿਛਲੇ ਦਿਨਾਂ ’ਚ ਮੀਂਹ ਤੋਂ ਬਚਾਅ ਰਹਿਣ ਕਾਰਨ ਰਾਹਤ ਕਾਰਜਾਂ ਜੰਗੀ ਪੱਧਰ ਤੇ ਜਾਰੀ
Next article( ਹੁਣ ਨਾ ਮੀਂਹ ਵਰਸਾਈ )