ਦਸ਼ਮੇਸ਼ ਪਿਤਾ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਦਸ਼ਮੇਸ਼ ਪਿਤਾ ਜੀ ਕਰਾਂ ਕੀ ਸਿਫ਼ਤ ਤੇਰੀ।
ਤੁਸਾਂ ਸਾਰਾ ਪਰਿਵਾਰ ਕੌਮ ਲੇਖੇ ਲਾ ਦਿੱਤਾ।
ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਜਾ ਕੇ।
ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ।
ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ।
ਆਪੇ ਗੁਰ ਚੇਲਾ ਵਾਲਾ ਰਿਸ਼ਤਾ ਬਣਾ ਦਿੱਤਾ।
ਜਾਤ ਪਾਤ ਊਚ ਨੀਚ ਭੇਦ ਭਾਵ ਮਿਟਾ ਕੇ।
ਸਭਨਾ ਨੂੰ ਇਕੋ ਬਾਟੇ ਅੰਮ੍ਰਿਤ ਛਕਾ ਦਿੱਤਾ।

ਗੱਤਕੇ ਬਾਜ਼ੀ ਸਭ ਥਾਂ ਲੋਹਾ ਮੰਨਵਾ ਦਿੱਤਾ।
ਤੁਸਾਂ ਦੇ ਨਗਾਰੇ ਨੇ ਬ੍ਰਹਿਮੰਡ ਹਿਲਾ ਦਿੱਤਾ।
ਨਰਸਿੰਘੇ ਦੀ ਧੁਨੀ ਆਕਾਸ਼ ਕੰਬਾ ਦਿੱਤਾ।
ਖਾਲਸੇ ਜੈਕਾਰਿਆਂ ਬ੍ਰਹਿਮੰਡ ਗੂੰਜਾ ਦਿੱਤਾ।
ਦੱਬੇ ਕੁਚਲੇ ਲਿਤਾੜੇ ਲੋਕਾਂ ਨੂੰ ਜਗਾ ਦਿੱਤਾ।
ਦਸ਼ਮੇਸ਼ ਜੀ ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ।
ਪ੍ਸ਼ਾਦੀ ਹਾਥੀ ਕਮਾਲ ਜ਼ੌਹਰ ਵਿਖਾ ਦਿੱਤਾ।
ਚਾਰੇ ਦਿਸ਼ਾਵਾਂ ਖ਼ੁਸ਼ੀਆਂ ਮਹੌਲ ਬਣਾ ਦਿੱਤਾ।

ਬਾਲਾ ਪ੍ਰੀਤਮ ਜੀ ਨੇ ਚੋਜ਼ ਪਟਨੇ ਕਰ ਕੇ।
ਤਖ਼ਤ ਸ੍ਰੀ ਹਰਿਮੰਦਰ ਸਾਹਿਬ ਰਚਾ ਦਿੱਤਾ।
ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਭਾਗ ਲਾ ਕੇ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਰਚਾ ਦਿੱਤਾ।
ਸ੍ਰੀ ਗੁਰੂ ਗ੍ਰੰਥ ਜੀ ਸੰਪੂਰਨ ਦਮਦਮੇ ਕੀਤਾ।
ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਰਚਾ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ।
ਨਾਂਦੇੜ ਤਖ਼ਤ ਸ੍ਰੀ ਹਜ਼ੂਰ ਸਾਹਿਬ ਰਚਾ ਦਿੱਤਾ।

ਜਮਨਾ ਨਦੀ ਕਿਨਾਰੇ ਦਸ਼ਮੇਸ਼ ਜੀ ਪੈਰ ਧਰ ਕੇ।
ਸ਼ਹਿਰ ਪਾਂਵਟਾ ,ਪਾਉਂਟਾ ਸਾਹਿਬ ਰਚਾ ਦਿੱਤਾ।
ਤਲਵਾਰ ਇਕੋ ਵਾਰ ਨਾਲ ਸ਼ੇਰ ਦੋ ਫਾੜ ਕਰਕੇ।
ਵੀਰਤਾ ਦਲੇਰੀ ਹਿੰਮਤ ਦਾ ਲੋਹਾ ਮੰਨਵਾ ਦਿੱਤਾ।
ਬਵੰਜਾ ਕਵੀ ਰਚਨਾਵਾਂ ਰਚਦੇ ਤੇ ਸੁਣਾਉਂਦੇ ਰਹੇ।
ਦਸ਼ਮੇਸ਼ ਜੀ ਦੀ ਬਾਣੀ ਰੂਹਾਨੀ ਰਾਹ ਪਾ ਦਿੱਤਾ।
ਭੰਗਾਣੀ ਯੁੱਧ ਜਿੱਤੇ ਸੱਚ ਦਲੇਰੀ ਵੀਰਤਾ ਕਰਕੇ।
ਬਾਈ ਧਾਰ ਦੇ ਰਾਜਿਆਂ ਨੂੰ ਸਬਕ ਸਿਖਾ ਦਿੱਤਾ।

ਪਿਤਾ ਗੁਰੂ ਤੇਗ ਬਹਾਦਰ ਜੀ ਦਿੱਲੀ ਸ਼ਹੀਦ ਹੋਏ।
ਉੱਥੇ ਗੁਰੂਦੁਆਰਾ ਸੀਸਗੰਜ ਸਾਹਿਬ ਰਚਾ ਦਿੱਤਾ।
ਵੱਡੇ ਸਾਹਿਬਜਾਦੇ ਜਿੱਥੇ ਸ਼ਹੀਦੀਆਂ ਪਾ ਗਏ ।
ਉੱਥੇ ਗੁਰੂਦੁਆਰਾ ਚਮਕੌਰ ਸਾਹਿਬ ਰਚਾ ਦਿੱਤਾ।
ਛੋਟੇ ਸਾਹਿਬਜਾਦੇ ਸਰਹਿੰਦ ਸਹੀਦੀਆਂ ਪਾ ਗਏ।
ਟੋਡਰ ਮੱਲ ਜੀ ਮੋਤੀ ਮਹਿਰਾ ਜੀ ਨਾਂ ਕਮਾ ਗਏ।
ਰੱਬੀ ਸ਼ੁਕਰ ਕਰ ਮਾਤਾ ਗੁਜਰੀ ਜੀ ਸ਼ਹੀਦ ਹੋਏ।
ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਰਚਾ ਦਿੱਤਾ।

ਚਮਕੌਰ ਦੀ ਗੜ੍ਹੀ ਵਿੱਚੋਂ ਤਾੜੀ ਮਾਰ ਨਿੱਕਲੇ।
ਤੁਸਾਂ ਸਵਾ ਲੱਖ ਨਾਲ ਇੱਕ ਸਿੰਘ ਲੜਾ ਦਿੱਤਾ।
ਮਾਛੀਵਾੜੇ ਦੇ ਜੰਗਲ ਟਿੰਡ ਸਰਾਹਣਾ ਲਾ ਸੁੱਤੇ।
ਗੁਰਦੁਆਰਾ ਚਰਨ ਕੰਵਲ ਸਾਹਿਬ ਰਚਾ ਦਿੱਤਾ।
ਟੁੱਟੀ ਗੰਢੀ ਚਾਲੀ ਮੁਕਤੇ ਮੁਕਤਸਰ ਰਚਾ ਦਿੱਤਾ।
ਜਫ਼ਰਨਾਮਾ ਲਿਖ ਔਰੰਗਜੇਬ ਜੜ੍ਹੋਂ ਹਿਲਾ ਦਿੱਤਾ।
ਦਸ਼ਮੇਸ਼ ਪਿਤਾ ਜੀ ਜ਼ਰੇ ਜ਼ਰੇ ਹੋ ਰਹੀ ਸਿਫ਼ਤ ਤੇਰੀ
ਖਾਲਸਾ ਏਡ ਦੁਨੀਆਂ ਵਿੱਚ ਲੰਗਰ ਚਲਾ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ।
ਮਾਨਵਤਾ ਨੂੰ ਸੱਚੇ ਸ਼ਬਦ ਗੁਰੂ ਲੜ ਲਾ ਦਿੱਤਾ।
ਰੂਹਾਨੀਅਤ ਦੇ ਸੱਚੇ ਮਾਰਗ ਰਾਹ ਪਾ ਦਿੱਤਾ।
ਜਾਤ ਪਾਤ ਊਚ ਨੀਚ ਦਾ ਭਰਮ ਮਿਟਾ ਦਿੱਤਾ।
ਸਭਨਾ ਅੰਦਰ ਇੱਕੋ ਰੱਬੀ ਜੋਤ ਸਮਝਾ ਦਿੱਤਾ।
ਖਾਲਸੇ ਨੂੰ ਵਿਸ਼ਵ ‘ ਚ ਵਿਲੱਖਣ ਬਣਾ ਦਿੱਤਾ।
ਸੇਵਾ ਭਾਵਨਾ ਰੱਬ ਦਾ ਸ਼ੁਕਰਾਨਾ ਸਮਝਾ ਦਿੱਤਾ।
ਪ੍ਭੂ ਮਿਲਾਪ ਸੱਚੇ ਪ੍ਰੇਮ ਦਾ ਰਾਹ ਦਰਸਾ ਦਿੱਤਾ।

ਤੁਸਾਂ ਲੱਖਾਂ ਦਾ ਅਮੋਲਕ ਬਣਾਇਆ ਖਾਲਸਾ।
ਅਸੀਂ ਨਿੱਜ ਲਈ ਕੌਡੀਆਂ ਤੇ ਵਿਕਣ ਲੱਗ ਗੇ।
ਟੂਣੇ ਟਾਮਣ ਮੜੀਆਂ ਮਸਾਣਾ ਪੂਜਣ ਲੱਗ ਗੇ।
ਤੇਰੇ ਦਰ ਨੂੰ ਛੱਡ ਡੇਰਿਆਂ ਤੇ ਵਿਕਣ ਲੱਗ ਗੇ।
ਕਲਯੁਗ ਘੋਰ ਹਨੇਰੀ ਵਿੱਚ ਉੱਡਣ ਲੱਗ ਗੇ।
ਅਸੀਂ ਨਸ਼ੇ ਦਰਿਆਵਾਂ ਵਿੱਚ ਰੁੜਨ ਲੱਗ ਗੇ।
ਤੇਰੇ ਸਿੱਖੀ ਬਾਣੇ ਤੋਂ ਕਿਨਾਰਾ ਕਰਨ ਲੱਗ ਗੇ।
ਘੋਰ ਵਿਕਾਰਾਂ ਦਲਦਲ ਵਿੱਚ ਧਸਣ ਲੱਗ ਗੇ।

ਧੁਰ ਕੀ ਬਾਣੀ ਸੰਗ ਸੱਚੀ ਦਰਗਾਹ ਸੀ ਜਾਣਾ।
ਓਹੀ ਬਾਣੀ ਦਾ ਬਾਬੇ ਕਰਨ ਵਪਾਰ ਲੱਗ ਗਏ।
ਧੀਆਂ ਭੈਣਾਂ ਇੱਜਤਾਂ ਲਈ ਕੁਰਬਾਨ ਹੋ ਜਾਣਾ।
ਓਹੀ ਕੌਮ ਭਰੂਣ ਹੱਤਿਆ ਕਰਵਾਉਣ ਲੱਗ ਗਏ।
ਜਾਤਾਂ ਪਾਤਾਂ ਤੋਂ ਉੱਪਰ ਬਣਾਇਆ ਜੋ ਖ਼ਾਲਸਾ।
ਜਾਤਾਂ ਪਾਤਾਂ ਤੇ ਗੁਰੂਘਰ ਬਣਾਉਣ ਲੱਗ ਗਏ।
ਖ਼ਾਲਸਾ ਕੌਮ ਉੱਪਰ ਦੁਨੀਆਂ ਕਰਦੀ ਹੈ ਭਰੋਸਾ।
ਓਹੀ ਕੌਮ ਦੇ ਗਦਾਰ ਧੋਖਾ ਦੇਣ ਲੱਗ ਗਏ।

ਤੇਰੇ ਦਰ ਦੇ ਧੱਕੇ ਦੀ ਦਾਤਾ ਨਾ ਕੋਈ ਬਾਂਹ ਫੜੇ।
ਤੇਰੇ ਦਰ ਦੇ ਬਖ਼ਸ਼ੇ ਨੂੰ ਦਾਤਾ ਨਾ ਕੋਈ ਰੋਕ ਸਕੇ।
ਤੇਰੀ ਮਿਹਰ ਨਾਲ ਦਾਤਾ ਸਿਫ਼ਤ ਸਾਲਾਹ ਹੋ ਸਕੇ।
ਤੇਰੀ ਨਦਰਿ ਨਾਲ ਦਾਤਾ ਰੂਹਾਨੀ ਪੌੜੀ ਚੜ ਸਕੇ।
ਇਕਬਾਲ ਔਗੁਣ ਭਰਿਆ ਦਿਲੋਂ ਅਰਦਾਸ ਕਰੇ।
ਦਸ਼ਮੇਸ਼ ਪਿਤਾ ਜੀ ਫੜੋ ਬਾਂਹ ਰੋ ਰੋ ਬੇਨਤੀ ਕਰੇ।
ਮੈਂ ਅਜਾਣ ਅਗਿਆਨੀ ਮੱਤਹੀਣ ਫਰਿਆਦ ਕਰੇ।
ਬਖ਼ਸ਼ ਦਿਓ ਔਗੁਣ ਮੇਰੇ ਦਿਲ ਤੋਂ ਅਰਦਾਸ ਕਰੇ।

– ਇਕਬਾਲ ਸਿੰਘ ਪੁੜੈਣ 8872897500

Previous articleSatellite imagery shows ‘unusual movement’ of N.Korean ballistic missile sub
Next articleਪੰਜਾਬ ਵਿੱਚ ਵੱਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ