(ਸਮਾਜ ਵੀਕਲੀ)
ਦਰਦ ਦੀ
ਵਗਦੀ ਹੈ
ਇੱਕ ਨਦੀ
ਮੇਰੇ ਅੰਦਰ
ਨਦੀ
ਵਿੱਚ ਡਿੱਗਦੇ ਨੇ ਕਈ
ਨਹਿਰਾਂ ਤੇ ਨਾਲੇ
ਸੂਏ ਤੇ
ਰਲ ਜਾਂਦਾ
ਹਿੰਦੁਸਤਾਨ ਦੇ
ਘਰਾਂ ਦਾ ਗਟਰ ਵੀ
ਸਾਲ ਦੇ ਸਾਲ
ਸਾਉਣ ਦੇ ਮਹੀਨੇ
ਭਰ ਵਗਦੀ
ਇਹ ਨਦੀ
ਥੋੜੀ ਲਾਲ ਵੀ ਹੁੰਦੀ
ਘਰ ਘਰ
ਵਾਪਰਦੀ ਹਿੰਸਾ
ਵਿਤਕਰੇ
ਹੋ ਰਹੇ
ਬਲਾਤਕਾਰ ਚੋਂ
ਵਹਿੰਦਾ ਖੂਨ
ਰਲ ਜੋ ਜਾਂਦਾ
ਇਸਦੇ ਪਾਣੀ ਵਿੱਚ
ਇਸ ਸਾਲ
ਪਾਣੀ ਹੈ ਸੁਰਖ਼ ਲਾਲ
ਮਣੀਪੁਰ ਵਿਚ ਆਏ
ਹੈਵਾਨੀਅਤ ਦੇ ਹੜ੍ਹ ਨਾਲ
ਹਰ ਔਰਤ ਦੀ ਅੱਖ ਚੋ
ਵਹਿਆ ਲਹੂ
ਜੋ ਚੁੱਪਚਾਪ
ਗਟਰ ਥਾਣੀਂ
ਰਲ ਗਿਆ ਨਦੀ ਵਿੱਚ
ਸਾਉਣ ਦੀ ਰੁੱਤੇ
ਲਾਲੀ ਤਾਂ ਹੋਵੇ
ਸਾਲੂ ਦੀ, ਸਿੰਧੂਰ ਦੀ
ਪਰ
ਰੂਹ ਦੀਆਂ ਅੱਖਾਂ ਚੋਂ
ਸਿਮਦੇ ਲਹੂ ਨੂੰ
ਅੱਖੋ ਪਰੋਖੇ ਕਿਵੇਂ ਕਰਦੀ
ਵਹਿਸ਼ਤ ਦੀ ਲਾਲੀ
ਭਰ ਵਗਦੀ
ਇਸ ਨਦੀ ਦਾ ਗੀਤ
ਗਾਵਾਂਗੀ
ਜਿਸਦੀ ਰੰਗਤ
ਲਿਆਵੇਗੀ ਇਨਕਲਾਬ
ਚੰਡੀ ਬਣ ਉੱਠੇਗੀ
ਹਰ ਮੁਟਿਆਰ
ਤੇ ਲਵੇਗੀ ਅਹਿਦ
ਨਦੀ ਦੀ ਲਾਲੀ ਨੂੰ ਹਰਿਆਲੀ ਵਿੱਚ ਬਦਲਣ ਦਾ
ਆਪਣੀ ਹਿੰਮਤ ਨਾਲ
ਬਸ!!
ਹੁਣ ਹੋਰ ਨਹੀਂ ਹੋਵੇਗਾ
ਵਹਿਸ਼ਤ ਦਾ ਨੰਗਾ ਨਾਚ
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly